ਪਾਕਿਸਤਾਨ ’ਚ ਮੂਸਲਾਧਾਰ ਵਰਖਾ ’ਚ 165 ਲੋਕਾਂ ਦੀ ਮੌਤ, 171 ਜਖ਼ਮੀ
ਇਸਲਾਮਾਬਾਦ। ਪਾਕਿਸਤਾਨ ਵਿੱਚ 14 ਜੂਨ ਤੋਂ ਸ਼ੁਰੂ ਹੋਈ ਮਾਨਸੂਨ ਤੋਂ ਪਹਿਲਾਂ ਦੀ ਬਾਰਸ਼ ਨਾਲ ਸਬੰਧਤ ਵੱਖ-ਵੱਖ ਹਾਦਸਿਆਂ ਵਿੱਚ ਕੁੱਲ 165 ਲੋਕਾਂ ਦੀ ਮੌਤ ਹੋ ਗਈ ਹੈ ਅਤੇ 171 ਹੋਰ ਜ਼ਖ਼ਮੀ ਹੋ ਗਏ ਹਨ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਨਡੀਐਮਏ) ਨੇ ਇਹ ਜਾਣਕਾਰੀ ਦਿੱਤੀ। ਦੇਸ਼ ਦਾ ਦੱਖਣ-ਪੱਛਮੀ ਬਲੋਚਿਸਤਾਨ ਪ੍ਰਾਂਤ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਰਿਹਾ, ਜਿੱਥੇ ਭਾਰੀ ਮੀਂਹ ਕਾਰਨ 65 ਲੋਕਾਂ ਦੀ ਮੌਤ ਹੋ ਗਈ ਅਤੇ 49 ਹੋਰ ਜ਼ਖਮੀ ਹੋ ਗਏ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇੱਥੇ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਇੱਥੋਂ ਦੇ ਸਥਾਨਕ ਮੀਡੀਆ ਨੇ ਡੈਮ ਫਟਣ ਦੀਆਂ ਕਈ ਘਟਨਾਵਾਂ ਦੀ ਰਿਪੋਰਟ ਕੀਤੀ, ਜਿਸ ਵਿੱਚ ਕਈ ਘਰ ਅਤੇ ਬੁਨਿਆਦੀ ਢਾਂਚਾ ਰੁੜ੍ਹ ਗਿਆ।
ਬਲੋਚਿਸਤਾਨ ਸਰਕਾਰ ਨੇ ਮੰਗਲਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਦਫਤਰ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਕਿ ਸੂਬੇ ’ਚ ਅਗਲੇ ਇਕ ਮਹੀਨੇ ਤੱਕ ਇਸੇ ਤਰ੍ਹਾਂ ਦੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਇਸ ਦੇ ਮੱਦੇਨਜ਼ਰ ਇੱਥੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਤਹਿਤ ਲੋਕਾਂ ਦੇ ਨਦੀਆਂ, ਡੈਮਾਂ ਅਤੇ ਹੋਰ ਜਲ ਸਰੋਤਾਂ ਦੇ ਨੇੜੇ ਪਿਕਨਿਕ ਮਨਾਉਣ ਜਾਣ ’ਤੇ ਪਾਬੰਦੀ ਹੋਵੇਗੀ ਅਤੇ ਉਨ੍ਹਾਂ ਵਿਚ ਤੈਰਾਕੀ ਕਰਨ ’ਤੇ ਵੀ ਪਾਬੰਦੀ ਹੋਵੇਗੀ।
ਦੇਸ਼ ਦੀ ਸੂਬਾਈ ਰਾਜਧਾਨੀ ਕਰਾਚੀ ਸਮੇਤ ਸਿੰਧ ਸੂਬੇ ਵਿੱਚ ਵੱਖ-ਵੱਖ ਹਾਦਸਿਆਂ ਵਿੱਚ ਘੱਟੋ-ਘੱਟ 38 ਲੋਕਾਂ ਦੀ ਮੌਤ ਹੋ ਗਈ, ਜਿੱਥੇ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਦੇਸ਼ ਦੀ ਜਲਵਾਯੂ ਪਰਿਵਰਤਨ ਮੰਤਰੀ ਸ਼ੈਰੀ ਰਹਿਮਾਨ ਨੇ ਬੁੱਧਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ ਸਿੰਧ ਅਤੇ ਬਲੋਚਿਸਤਾਨ ਅਜੇ ਵੀ ਪਿਛਲੇ 13 ਦਿਨਾਂ ਤੋਂ ਭਾਰੀ ਮਾਨਸੂਨ ਦੀ ਲਪੇਟ ਵਿੱਚ ਹਨ। ਇਸ ਸਮੇਂ ਦੌਰਾਨ ਪਿਛਲੇ 30 ਸਾਲਾਂ ਦੀ ਔਸਤ ਨਾਲੋਂ ਕ੍ਰਮਵਾਰ 625 ਫੀਸਦੀ ਅਤੇ 501 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ।