ਆਵਾਜਾਈ ਠੱਪ, ਸੜਕਾਂ ਬਣੀਆਂ ਸਮੁੰਦਰ, ਅੱਜ ਵੀ ਮੀਂਹ ਪੈਣ ਦੇ ਅਸਾਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਦਰਮਿਆਨੇ ਅਤੇ ਭਾਰੀ ਮੀਂਹ ਪੈਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਸ਼ਹਿਰਾਂ ‘ਚ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਮੌਸਮ ਵਿਭਾਗ ਨੇ ਬੀਤੇ ਦਿਨ 72 ਘੰਟਿਆਂ ‘ਚ ਪੰਜਾਬ ਅਤੇ ਹਰਿਆਣਾ ‘ਚ ਭਾਰੀ ਵਰਖਾ ਹੋਣ ਦਾ ਐਲਾਨ ਕੀਤਾ ਸੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਜ਼ਿਲ੍ਹਿਆਂ ਬਠਿੰਡਾ, ਸੰਗਰੂਰ, ਪਟਿਆਲਾ, ਫਿਰੋਜ਼ਪੁਰ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ‘ਚ ਦਰਮਿਆਨੇ ਤੋਂ ਭਾਰੀ ਮੀਂਹ ਪਿਆ ਤਿੰਨ ਘੰਟੇ ਪਏ ਮੀਂਹ ਨਾਲ ਬਠਿੰਡਾ ਸ਼ਹਿਰ ਇੱਕ ਵਾਰ ਫਿਰ ਟਾਪੂ ਵਾਂਗ ਨਜ਼ਰ ਆਇਆ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਚਿਤਾਵਨੀ ਦੇ ਬਾਵਜੂਦ ਬਠਿੰਡਾ ਸ਼ਹਿਰ ‘ਚ ਕੋਈ ਇੰਤਜਾਮ ਨਾ ਕਰਨੇ ਸ਼ਹਿਰ ਵਾਸੀਆਂ ਨੂੰ ਮਹਿੰਗੇ ਪਏ ਹਨ। (Heavy Rain)
ਡਿਪਟੀ ਕਮਿਸ਼ਨਰ ਨੇ ਦਾਅਵਾ ਕੀਤਾ ਸੀ ਕਿ ਪ੍ਰਸ਼ਾਸਨ ਕੋਲ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਹਨ ਪਰ ਅੱਜ ਪਈ ਬਰਸਾਤ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਫੱਟੀ ਪੋਚ ਕੇ ਰੱਖ ਦਿੱਤੀ ਹੈ ਸ਼ਹਿਰ ਦੀਆਂ ਮੁੱਖ ਸੜਕਾਂ ਵੀ ਪਾਣੀ ਕਾਰਨ ਜਾਮ ਹੋ ਗਈਆਂ, ਜਿਨ੍ਹਾਂ ‘ਚ ਮਾਲ ਰੋਡ ਵੀ ਸ਼ਾਮਲ ਹੈ ਕੌਮੀ ਮਾਰਗ ‘ਤੇ ਅੱਜ ਏਨਾ ਜਿਆਦਾ ਪਾਣੀ ਸੀ ਜਿਸ ਕਰਕੇ ਜਾਮ ਲੱਗ ਗਿਆ ਤਾਂ ਟਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਬਾਰਸ਼ ਦੌਰਾਨ ਮੋਰਚਾ ਸੰਭਾਲਣਾ ਪਿਆ ਬਾਅਦ ਦੁਪਹਿਰ ਸ਼ੁਰੂ ਹੋਈ ਭਰਵੀਂ ਬਾਰਸ਼ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ‘ਚ ਜਨਜੀਵਨ ਪੂਰੀ ਤਰ੍ਹਾਂ ਠੱਪ ਹੋਕੇ ਰਹਿ ਗਿਆ ਹੈ ਕਈ ਖੇਤਰਾਂ ‘ਚ ਪਾਣੀ ਭਰਨ ਕਾਰਨ ਹੜ੍ਹਾਂ ਵਰਗੇ ਹਲਾਤ ਪੈਦਾ ਹੋ ਗਏ ਹਨ।
ਭਾਖੜਾ ਡੈਮ ‘ਚੋਂ 55 ਹਜ਼ਾਰ ਕਿਊਸਿਕ ਪਾਣੀ ਛੱਡਿਆ | Heavy Rain
ਰਾਏਕੋਟੀ, ਲੁਧਿਆਣਾ ਭਾਖੜਾ ਡੈਮ ‘ਚ ਵਧ ਰਹੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਮੈਨੇਜ਼ਮੈਂਟ ਵੱਲੋਂ 55 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਇਸ ਤੋਂ ਪਹਿਲਾਂ 16 ਅਗਸਤ ਨੂੰ 36 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਸੀ, ਜਿਸ ਤੋਂ ਬਾਅਦ 19 ਹਜ਼ਾਰ ਕਿਊਸਿਕ ਪਾਣੀ ਵਧ ਛੱਡਿਆ ਗਿਆ ਹਾਲ ਦੀ ਘੜੀ ਹਾਲਾਤ ਕਾਬੂ ਹੇਠ ਹਨ ਜੇਕਰ ਅਗਲੇ ਦਿਨਾਂ ‘ਚ ਪਹਾੜੀ ਇਲਾਕਿਆਂ ‘ਚ ਹੋਰ ਮੀਂਹ ਪੈਂਦਾ ਹੈ ਤਾਂ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ ਵਧਾਈ ਜਾ ਸਕਦੀ ਹੈ 17 ਤਰੀਖ ਨੂੰ ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1674.82 ਫੁੱਟ ਸੀ।