ਅਮੀਰ ਬਣਨ ਦੀ ਲਾਲਸਾ ‘ਚ ਕੀਤੀਆਂ ਸਨ 1 ਕਰੋੜ ਤੋਂ ਵੱਧ ਦੀਆਂ ਡਕੈਤੀਆਂ

1 Crore, Robberies, Becoming, Wealthy

ਨਾਭਾ ਡਕੈਤੀ ਤੋਂ ਇਲਾਵਾ ਤਿੰਨ ਹੋਰ ਡਕੈਤੀ ਦੀਆਂ ਵਾਰਦਾਤਾਂ ਨੂੰ ਵੀ ਦਿੱਤਾ ਸੀ ਅੰਜਾਮ | Crime News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨਾਭਾ ਵਿਖੇ ਬੈਂਕ ਡਕੈਤੀ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਚਾਰ ਘੰਟਿਆਂ ‘ਚ ਹੀ ਕਾਬੂ ਕਰ ਲੈਣ ਤੋਂ ਬਾਅਦ ਤਿੰਨ ਹੋਰ ਡਕੈਤੀਆਂ ਵੀ ਹੱਲ ਹੋ ਗਈਆਂ ਹਨ। ਇਨ੍ਹਾਂ ਵੱਲੋਂ ਹੁਣ ਤੱਕ ਕੀਤੀਆਂ ਡਕੈਤੀਆਂ ਵਿੱਚ ਲੁੱਟੀ ਹੋਈ 1 ਕਰੋੜ ਤੋਂ ਵੱਧ ਦੀ ਰਕਮ ਦੌਰਾਨ ਤਿੰਨ ਕਤਲ ਕੀਤੇ ਹੋਣ ਦਾ ਭੇਤ ਵੀ ਸੁਲਝ ਗਿਆ ਹੈ। ਇਹ ਦੋਵੇਂ ਮੁਲਜ਼ਮਾਂ ਚੰਗੇ ਘਰਾਂ ਦੇ ਹਨ ਅਤੇ ਅਮੀਰ ਬਣਨ ਦੀ ਲਾਲਸਾ ਵਿੱਚ ਸਾਲ 2014 ਤੋਂ ਜ਼ਿਆਦਾਤਰ ਬੈਕਾਂ ਨੂੰ ਨਿਸ਼ਾਨਾ ਬਣਾਉਂਦੇ ਆ ਰਹੇ ਸਨ। ਖਾਸ ਗੱਲ ਇਹ ਵੀ ਹੈ ਕਿ ਇਨ੍ਹਾਂ ਵੱਲੋਂ ਲੁੱਟੀ ਹੋਈ ਰਕਮ ਨਾਲ ਆਪਣਾ ਕਾਰੋਬਾਰ ਵਧਾਇਆ ਜਾ ਰਿਹਾ ਸੀ। (Crime News)

ਅੱਜ ਇੱਥੇ ਹੋਰ ਸੁਲਝਾਈਆਂ ਘਟਨਾਵਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਾਬੂ ਕੀਤੇ ਅਮਨਜੀਤ ਸਿੰਘ ਗੁਰੀ ਤੇ ਜਗਦੇਵ ਸਿੰਘ ਤਾਰੀ ਵੱਲੋਂ ਛੇਤੀ ਅਮੀਰ ਬਨਣ ਦੀ ਲਾਲਸਾ ਨਾਲ ਕੀਤੀਆਂ ਲੁੱਟਾਂ ਖੋਹਾਂ ਕਰਕੇ ਕੀਤੀ ਕਮਾਈ ਨਾਲ ਵੱਖ-ਵੱਖ ਬੈਂਕ ਖਾਤਿਆਂ ਜਮ੍ਹਾਂ ਕੀਤੇ ਕਰੀਬ 24 ਲੱਖ ਰੁਪਏ ਮਿਲੇ ਹਨ ਜੋਕਿ ਪੁਲਿਸ ਨੇ ਜਾਮ ਕਰਵਾ ਦਿੱਤੇ ਹਨ। ਇਨ੍ਹਾਂ ਵੱਲੋਂ ਲੁੱਟਾਂ-ਖੋਹਾਂ ਦੀ ਕਮਾਈ ਨਾਲ ਪਾਏ ਚਾਰ ਤੇਲ ਵਾਲੇ ਟੈਂਕਰ ਸਮੇਤ ਬਣਾਏ ਹੋਰ ਸਾਜੋ ਸਮਾਨ ਦੀ ਵੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਬਿਨ੍ਹਾਂ ਇਨ੍ਹਾਂ ਵੱਲੋਂ 2014 ਤੋਂ ਬਾਅਦ 2018 ‘ਚ ਕੀਤੀ ਵਾਰਦਾਤ ਦੌਰਾਨ ਵਿਚਕਾਰਲੇ ਸਮੇਂ ‘ਚ ਕੀ-ਕੀ ਕੀਤਾ ਗਿਆ ਵੀ ਤਫ਼ਤੀਸ਼ ਦਾ ਅਹਿਮ ਹਿੱਸਾ ਹੋਵੇਗਾ, ਕਿਉਂਕਿ ਇਸ ਸਮੇਂ ਦੌਰਾਨ ਇਨ੍ਹਾਂ ਵਿਰੁੱਧ ਕੋਈ ਪੁਲਿਸ ਕੇਸ ਵੀ ਦਰਜ ਨਹੀਂ ਹੋਇਆ।

ਇਹ ਵੀ ਪੜ੍ਹੋ : ਸੁਨਾਮ ਇਲਾਕੇ ‘ਚ ਪਏ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ

ਉਨ੍ਹਾਂ ਦੱਸਿਆ ਜਗਦੇਵ ਸਿੰਘ ਉਰਫ ਤਾਰੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮੰਗਵਾਲ ਸੰਗਰੂਰ (35 ਸਾਲ) ਤੇ ਅਮਨਜੀਤ ਸਿੰਘ ਉਰਫ ਗੁਰੀ ਪੁੱਤਰ ਗੁਰਜੰਟ ਸਿੰਘ ਵਾਸੀ ਅਫ਼ਸਰ ਕਲੋਨੀ ਸੰਗਰੂਰ ਤੋਂ ਕੀਤੀ ਗਈ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਇਹ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਸੇ ਟੋਲ ਰੋਡ ਦੀ ਵਰਤੋਂ ਕਰਨ ਦੀ ਬਜਾਇ ਹਮੇਸ਼ਾ ਕੱਚੇ ਰਸਤਿਆਂ ਦੀ ਵਰਤੋਂ ਕਰਦੇ ਸਨ, ਕਿਉਂਕਿ ਸੰਗਰੂਰ ਵਾਰਦਾਤ ‘ਚ ਸੀ.ਸੀ.ਟੀ.ਵੀ. ਫੁਟੇਜ ਨਹੀਂ ਸੀ ਮਿਲੀ। ਇਹ ਪੁਲਿਸ ਨੂੰ ਭੁਲੇਖਾ ਪਾਉਣ ਲਈ ਵਾਰਦਾਤ ਕਰਨ ਸਮੇਂ ਵੱਖ-ਵੱਖ ਰੂਪ ਵਟਾ ਲੈਂਦੇ ਸਨ। ਸੰਗਰੂਰ ਵਾਰਦਾਤ ‘ਚ ਇਨ੍ਹਾਂ ‘ਚੋਂ ਇੱਕ ਨੇ ਪੱਗ ਬੰਨ੍ਹੀ ਤੇ ਦੂਜੇ ਹੈਲਮੈਟ ਪਾਏ, ਦੂਜੀ ‘ਚ ਦੋਵਾਂ ਨੇ ਹੈਲਮੇਟ ਪਾਏ ਤੇ ਨਾਭਾ ਵਾਰਦਾਤ ‘ਚ ਦੋਵਾਂ ਨੇ ਪੱਗ ਬੰਨ੍ਹੀਂ ਸੀ। (Crime News)

ਇਨ੍ਹਾਂ ਨੇ 14 ਮਈ 2018 ਨੂੰ ਸੰਗਰੂਰ ਵਿਖੇ ਸੀ.ਐਲ ਟਾਵਰ ਨੇੜੇ ਸੁਰੱਖਿਆ ਗਾਰਡ ਲੀਲਾ ਸਿੰਘ ਦੇ ਗੋਲੀ ਮਾਰਕੇ 9 ਲੱਖ ਰੁਪਏ ਨਗ਼ਦ ਤੇ 12 ਬੋਰ ਡਬਲ ਬੈਰਲ ਰਾਈਫਲ ਖੋਹ ਲਈ ਸੀ।  ਨਾਭਾ ਵਿਖੇ ਹੀ 1 ਫਰਵਰੀ 2014 ‘ਚ ਅਲੋਹਰਾਂ ਗੇਟ ਸਕਿਉਰਟੀ ਗਾਰਡ ਰਣਧੀਰ ਸਿੰਘ ਨੂੰ ਗੋਲੀਆਂ ਮਾਰ ਕੇ 37 ਲੱਖ ਰੁਪਏ ਨਗਦ ਤੇ ਇੱਕ 12 ਬੋਰ ਦੁਨਾਲੀ ਰਾਈਫਲ ਖੋਹ ਲਈ ਗਈ ਸੀ। ਇੱਥੇ ਹੀ ਬੱਸ ਨਹੀਂ ਇਨ੍ਹਾਂ ਨੇ 13 ਜੁਲਾਈ 2018 ਨੂੰ ਮੇਨ ਰੋਡ ਘਾਬਦਾ ਪਟਿਆਲਾ-ਭਵਾਨੀਗੜ੍ਹ ਰੋਡ ਸੰਗਰੂਰ ਤੋਂ ਗੰਨਮੈਨ ਸੁੱਖਪਾਲ ਸਿੰਘ ਦੇ ਗੋਲੀ ਮਾਰ ਕੇ ਉਸਨੂੰ ਜਖਮੀ ਕਰਕੇ 5 ਲੱਖ ਰੁਪਏ ਨਗ਼ਦ, ਇੱਕ ਏ.ਟੀ.ਐਮ, ਇੱਕ ਪੈਨ ਕਾਰਡ ਤੇ ਬੈਂਕ ਦੀਆਂ ਚਾਬੀਆਂ ਖੋਹੀਆਂ ਸਨ। ਸਿੱਧੂ ਨੇ ਦੱਸਿਆ ਕਿ ਨਾਭਾ ਡਕੈਤੀ ਤੋਂ ਪਹਿਲਾਂ ਮੁੱਖ ਦੋਸ਼ੀ ਅਮਨਜੀਤ ਸਿੰਘ ਗੁਰੀ ਨਾਭਾ ਵਿਖੇ ਦੇਸੀ ਅੰਡਿਆਂ ਦੀ ਖਰੀਦ ਲਈ ਆਉਂਦਾ ਸੀ, ਜਿਥੇ ਇਸ ਨੇ ਇਸ ਬੈਂਕ ਨੂੰ ਨਿਸ਼ਾਨਾ ਬਣਾਉਣ ਦੀ ਜੁਗਤ ਬਣਾਈ। (Crime News)

ਮਾਰੇ ਗਏ ਗਾਰਡ ਦੀ ਬੇਟੀ ਦਾ ਅਗਲੇ ਮਹੀਨੇ ਵਿਆਹ | Crime News

ਨਾਭਾ ਬੈਂਕ ਦੇ ਗੋਲੀ ਮਾਰ ਕੇ ਮਾਰੇ ਗਏ ਗਾਰਡ ਪ੍ਰੇਮ ਚੰਦ ਦੀ ਪੁੱਤਰੀ ਦੀ ਅਗਲੇ ਮਹੀਨੇ ਸ਼ਾਦੀ ਹੈ। ਐਸਐਸਪੀ ਨੇ ਦੱਸਿਆ ਕਿ ਇਸ ਪਰਿਵਾਰ ਦੀ ਪੁਲਿਸ ਨੇ ਆਪਣੇ ਇੱਕ ਲੱਖ ਰੁਪਏ ਦੇ ਨਗ਼ਦ ਇਨਾਮ ਨਾਲ ਤਾਂ ਵਿੱਤੀ ਇਮਦਾਦ ਕੀਤੀ ਹੀ ਹੈ ਪਰੰਤੂ ਉਨ੍ਹਾਂ ਨੇ ਐਸ.ਬੀ.ਆਈ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਸਦੀ ਪੁੱਤਰੀ ਦੀ ਸ਼ਾਦੀ ਲਈ ਵੀ ਮੱਦਦ ਕਰਨ ਲਈ ਕਿਹਾ ਹੈ, ਜਿਸ ‘ਤੇ ਬੈਂਕ ਨੇ ਉਸਦੇ ਭੋਗ ਤੋਂ ਪਹਿਲਾਂ-ਪਹਿਲਾਂ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੈਂਕ ਗਾਰਡ ਵੀ ਉਨ੍ਹਾਂ ਦਾ ਮੁਲਾਜ਼ਮ ਸੀ, ਜਿਸ ਲਈ ਇਨਸਾਨੀਅਤ ਤੌਰ ਤੇ ਉਸਦੀ ਮੱਦਦ ਕਰਨਾ ਫਰਜ ਹੈ।