ਸ਼ਾਮ 6 ਵਜੇ ਬੰਦ ਹੋ ਜਾਇਆ ਕਰੇਗਾ ਹਰਿਆਣਾ, ਹਰਿਆਣਾ ਵਿਖੇ ਸਭ ਤੋਂ ਲੰਬਾ ਹੋਏਗਾ ਕਰਫਿਊ

ਬਾਕੀ ਸੂਬਿਆ ਦੇ 7-8 ਘੰਟੇ ਦੇ ਮੁਕਾਬਲੇ 11 ਘੰਟੇ ਦਾ ਰਾਤ ਕਰਫਿਊ ਲੱਗੇਗਾ ਹਰਿਆਣਾ ’ਚ

ਅਸ਼ਵਨੀ ਚਾਵਲਾ, ਚੰਡੀਗੜ। ਹੁਣ ਹਰਿਆਣਾ ਮੁਕੰਮਲ ਤੌਰ ’ਤੇ ਸ਼ਾਮ 6 ਵਜੇ ਹੀ ਬੰਦ ਹੋ ਜਾਇਆ ਕਰੇਗਾ ਹਰਿਆਣਾ ਸਰਕਾਰ ਨੇ ਬਾਕੀ ਸੂਬਿਆਂ ਤੋਂ ਲੰਬਾ ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਹੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਜਿਸ ਕਰਕੇ ਸੂਬੇ ਵਿੱਚ 6 ਵਜੇ ਤੋਂ ਬਾਅਦ ਕਿਸੇ ਨੂੰ ਵੀ ਸੜਕ ’ਤੇ ਘੰੁਮਣ ਦੀ ਇਜਾਜ਼ਤ ਨਹੀਂ ਹੋਏਗੀ। ਜੇਕਰ ਕੋਈ ਇਨਾਂ ਆਦੇਸ਼ਾਂ ਦੀ ਉਲੰਘਣਾ ਕਰਦਾ ਨਜ਼ਰ ਆਇਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਹਰਿਆਣਾ ਵਿੱਚ ਰਾਤ ਦਾ ਕਰਫਿਊ 11 ਘੰਟੇ ਦਾ ਹੋਏਗਾ, ਜਦੋਂ ਕਿ ਬਾਕੀ ਸੂਬਿਆਂ ਵਿੱਚ ਇਹ ਰਾਤ ਦਾ ਕਰਫਿਊ 10 ਵਜੇ ਜਾਂ ਫਿਰ 8 ਵਜੇ ਤੋਂ ਪ੍ਰਭਾਵੀ ਹੋ ਰਿਹਾ ਹੈ।

ਹਰਿਆਣਾ ਸਰਕਾਰ ਨੇ ਸੂਬੇ ਵਿੱਚ ਵਧ ਰਹੇ ਕੋਰੋਨਾ ਦੇ ਮਾਮਲੇ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ। ਸੂਬਾ ਸਰਕਾਰ ਹੁਣ ਇਨਾਂ ਮਾਮਲੇ ਵਿੱਚ ਹੋਰ ਵੀ ਸਖ਼ਤੀ ਕਰਨਾ ਚਾਹੁੰਦਾ ਹੈ। ਹਾਲਾਂਕਿ ਮਨੋਹਰ ਲਾਲ ਦੀ ਸਰਕਾਰ ਸੂਬੇ ਵਿੱਚ ਕਿਸੇ ਵੀ ਤਰਾਂ ਦਾ ਲਾਕ ਡਾਊਨ ਨਹੀਂ ਲਗਾਉਣਾ ਚਾਹੁੰਦੀ ਹੈ ਪਰ ਸ਼ਾਮ 6 ਵਜੇ ਤੋਂ ਕਰਫਿਊ ਲਾਉਣ ਦਾ ਫੈਸਲਾ ਕਰਦੇ ਹੋਏ ਸਰਕਾਰ ਨੇ ਇਸ ਵਲ ਇਸ਼ਾਰਾ ਵੀ ਕਰ ਦਿੱਤਾ ਹੈ ਕਿ ਜੇਕਰ ਕੋਰੋਨਾ ਦੇ ਮਾਮਲੇ ਘੱਟ ਨਹੀਂ ਹੋਏ ਤਾਂ ਮੁਕੰਮਲ ਲਾਕ ਡਾਊਨ ਵਲ ਸਰਕਾਰ ਵਧ ਸਕਦੀ ਹੈ।

ਇਨਾਂ ਆਦੇਸ਼ਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਹਰਿਆਣਾ ਵਿੱਚ ਗੈਰ ਜਰੂਰੀ ਸਮਾਗਮਾਂ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਵਿਆਹ ਸ਼ਾਦੀਆਂ ਨੂੰ ਇੱਕ ਗਿਣਤੀ ਦੇ ਦਾਇਰੇ ਵਿੱਚ ਰੱਖ ਦਿੱਤਾ ਗਿਆ ਹੈ। ਇਸ ਨਾਲ ਹੀ ਕੋਈ ਵੀ ਸਮਾਗਮ ਕਰਨਾ ਹੋਏਗਾ ਤਾਂ ਇਸ ਦੀ ਪਹਿਲਾਂ ਨਿਯਮਾਂ ਅਨੁਸਾਰ ਐਸਡੀਐਮ ਤੋਂ ਇਜਾਜ਼ਤ ਲੈਣੀ ਪਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।