ਮਨੋਹਰ ਸਰਕਾਰ ਨੇ ਪੇਸ਼ ਕੀਤਾ ਇਕ ਲੱਖ 83 ਹਜ਼ਾਰ ਕਰੋੜ ਦਾ ਬਜਟ
- ਨਵਾਂ ਟੈਕਸ ਲਾਉਣ ਦਾ ਕੋਈ ਪ੍ਰਸਤਾਵ ਨਹੀਂ, ਸਦਨ 17 ਮਾਰਚ ਤੱਕ ਮੁਲਤਵੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀਰਵਾਰ ਨੂੰ ਵਿਧਾਨ ਸਭਾ ’ਚ ਵਿੱਤੀ ਸਾਲ 2023-24 ਲਈ ਸੂਬੇ ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਸੂਬੇ ਦੇ ਲੋਕਾਂ ’ਤੇ ਕੋਈ ਨਵਾਂ ਟੈਕਸ ਨਹੀਂ ਲਾਇਆ ਜਾਵੇਗਾ। ਮੁੱਖ ਮੰਤਰੀ ਕੋਲ ਸੂਬੇ ਦੇ ਵਿੱਤ ਮੰਤਰਾਲੇ ਦਾ ਚਾਰਜ ਵੀ ਹੈ। ਉਨ੍ਹਾਂ ਨੇ ਆਉਣ ਵਾਲੇ ਵਿੱਤੀ ਸਾਲ ਲਈ 1,83,950 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜੋ ਕਿ 1,64,808 ਕਰੋੜ ਰੁਪਏ ਦੇ ਸੋਧੇ ਅਨੁਮਾਨ ਤੋਂ 11.6 ਫੀਸਦੀ ਵੱਧ ਹੈ। ਭਾਜਪਾ-ਜੇਜੇਪੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਚੌਥਾ ਬਜਟ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਇੱਥੇ ਵਿਧਾਨ ਸਭਾ ਨੂੰ ਦੱਸਿਆ ਕਿ ਨਵੇਂ ਟੈਕਸ ਲਾਉਣ ਦੀ ਕੋਈ ਤਜਵੀਜ਼ ਨਹੀਂ ਹੈ। ਉਨ੍ਹਾਂ ਨੇ ਹਰਿਆਣਾ ਗਊ ਰਕਸ਼ਾ ਸੇਵਾ ਆਯੋਗ ਲਈ ਫੰਡ ਮੌਜੂਦਾ 40 ਕਰੋੜ ਤੋਂ ਵਧਾ ਕੇ 400 ਕਰੋੜ ਰੁਪਏ ਕਰਨ ਦਾ ਵੀ ਮਤਾ ਰੱਖਿਆ ਉਨ੍ਹਾਂ ਨੇ 2023-24 ਵਿੱਚ ਘੱਟੋ-ਘੱਟ 65,000 ਰੈਗੂਲਰ ਅਸਾਮੀਆਂ ਭਰਨ ਦਾ ਐਲਾਨ ਕੀਤਾ।
ਬਜਟ ਦੀਆਂ ਮੁੱਖ ਗੱਲਾਂ | Haryana Budget
- ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਹੈ। ਸਾਲ 2023-24 ਦਾ ਬਜਟ 1 ਲੱਖ, 83 ਹਜ਼ਾਰ, 950 ਕਰੋੜ ਰੁਪਏ ਰੱਖਿਆ ਗਿਆ ਹੈ।
- ਪਰਿਵਾਰ ਦੀ ਸੁਰੱਖਿਆ ਲਈ ਮੌਜੂਦਾ ਬੀਮਾ ਯੋਜਨਾਵਾਂ ਵਿੱਚ ਦਾਅਵਿਆਂ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਸਿੱਧੇ ਲਾਭ ਪ੍ਰਦਾਨ ਕਰਨ ਲਈ ਹਰਿਆਣਾ ਪਰਿਵਾਰ ਸੁਰੱਖਿਆ ਨਿਆਸ ਦੀ ਸਥਾਪਨਾ ਕੀਤੀ ਜਾਵੇਗੀ।
- ਡਾਕਟਰੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ, ਗੁਰੂਗ੍ਰਾਮ ਵਿੱਚ 700 ਬਿਸਤਰਿਆਂ ਵਾਲਾ ਅਤਿ-ਆਧੁਨਿਕ ਮਲਟੀ-ਸਪੈਸ਼ਲਿਟੀ ਜ਼ਿਲ੍ਹਾ ਹਸਪਤਾਲ ਸਥਾਪਤ ਕੀਤਾ ਜਾਵੇਗਾ। ਤਿੰਨ ਲੱਖ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ’ਚਿਰਾਯੂ-ਆਯੁਸ਼ਮਾਨ ਭਾਰਤ’ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ।
- ਰਾਜ ਵਿੱਚ 11 ਨਵੇਂ ਮੈਡੀਕਲ ਕਾਲਜ ਅਤੇ ਪੈਰਾ ਮੈਡੀਕਲ ਕਾਲਜ ਸ਼ੁਰੂ ਹੋਣਗੇ। ਇਸ ਦੇ ਨਾਲ ਹੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਡੈਂਟਲ ਸਾਇੰਸ ਰੋਹਤਕ ਅਤੇ ਸ਼ਹੀਦ ਹਸਨ ਖਾਨ ਮੇਵਾਤੀ ਸਰਕਾਰੀ ਮੈਡੀਕਲ ਕਾਲਜ ਨਲਹਡ ਨੂਹ ਉਤਕੁਸ਼ਟਾ ਦੇ ਕੇਂਦਰ ਬਣ ਜਾਣਗੇ।
- ਰਾਜ ਸਰਕਾਰ ਨੇ ਸਮਾਜ ਭਲਾਈ ਲਈ ਪੈਨਸ਼ਨ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਬੁਢਾਪਾ ਸਤਿਕਾਰ ਭੱਤਾ, ਵਿਧਵਾ ਪੈਨਸ਼ਨ ਅਤੇ ਅੰਗਹੀਣ ਪੈਨਸ਼ਨ ਸਮੇਤ ਸਮਾਜਿਕ ਸੁਰੱਖਿਆ ਪੈਨਸ਼ਨ 2500 ਰੁਪਏ ਤੋਂ ਵਧਾ ਕੇ 2750 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ।
- ਸਰਕਾਰ ਨੇ 20 ਹਜ਼ਾਰ ਏਕੜ ਰਕਬੇ ਵਿੱਚ ਕੁਦਰਤੀ ਖੇਤੀ ਦਾ ਟੀਚਾ ਰੱਖਿਆ ਹੈ। ਹਿਸਾਰ, ਜੀਂਦ ਅਤੇ ਸਰਸਾ ਜ਼ਿਲ੍ਹਿਆਂ ਦੇ ਮਾਂਗੀਆਣਾ ਵਿਖੇ ਕੁਦਰਤੀ ਖੇਤੀ ਲਈ ਤਿੰਨ ਸਿਖਲਾਈ ਕੇਂਦਰ ਬਣਾਏ ਜਾਣਗੇ, ਜਿਨ੍ਹਾਂ ਵਿੱਚ 500 ਨੌਜਵਾਨ ਕਿਸਾਨਾਂ ਨੂੰ ਡਰੋਨ ਚਲਾਉਣ ਦੀ ਸਿਖਲਾਈ ਦਿੱਤੀ ਜਾਵੇਗੀ।