ਹਰਪਾਲ ਜੁਨੇਜਾ ਨੇ ਵਿੱਢੀ ਅਗੇਤੀ ਚੋਣ ਮੁਹਿੰਮ, ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲਲਕਾਰਿਆ

ਹਰਪਾਲ ਜੁਨੇਜਾ ਨੇ ਅਮਰਿੰਦਰ ਸਿੰਘ ਤੇ ਆਪਣੇ ਸ਼ਹਿਰ ਨੂੰ ਵਿਸਾਰਨ ਦੇ ਦੋਸ਼

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਿਰੁੱਧ ਹਲਕਾ ਪਟਿਆਲਾ ਸ਼ਹਿਰੀ ਤੋਂ ਅਕਾਲੀ ਦਲ ਵੱਲੋਂ ਐਲਾਨੇ ਗਏ ਮੁੱਖ ਸੇਵਾਦਾਰ ਹਰਪਾਲ ਜੁਨੇਜਾ ਨੇ ਉਮੀਦਵਾਰ ਵਜੋਂ ਆਪਣਾ ਅਗੇਤਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਜੁਨੇਜਾ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਗੜ੍ਹ ਅੰਦਰ ਸਰਕਾਰ ਨੂੰ ਲਲਕਾਰਨਾ ਸ਼ੁਰੂ ਕਰ ਦਿੱਤਾ ਹੈ। ਉਂਜ ਜੁਨੇਜਾ ਵੱਲੋਂ ਕੋਵਿਡ ਕਾਲ ਦੌਰਾਨ ਵੀ ਸਰਕਾਰ ਦੇ ਕੰਮਾਂ ਕਾਰਾਂ ਵਿਰੁੱਧ ਆਪਣੀ ਮੁਹਿੰਮ ਭਖਾਈ ਰੱਖੀ ਸੀ।

ਦੱਸਣਯੋਗ ਹੈ ਕਿ ਅਕਾਲੀ ਦਲ ਵੱਲੋਂ ਪਿਛਲੇ ਦਿਨੀਂ ਹੀ ਦਰਜ਼ਨ ਭਰ ਦੇ ਕਰੀਬ ਹਲਕਿਆਂ ਦੇ ਮੁੱਖ ਸੇਵਾਦਾਰਾਂ ਦਾ ਐਲਾਨ ਕੀਤਾ ਗਿਆ ਸੀ, ਜੋ ਅਸਿੱਧੇ ਢੰਗ ਨਾਲ ਉਮੀਦਵਾਰ ਵਜੋਂ ਹੀ ਦੇਖੇ ਜਾ ਰਹੇ ਹਨ। ਇਸੇ ਤਹਿਤ ਹੀ ਹਲਕਾ ਪਟਿਆਲਾ ਸ਼ਹਿਰੀ ਤੋਂ ਐਲਾਨੇ ਗਏ ਮੁੱਖ ਸੇਵਾਦਾਰ ਹਰਪਾਲ ਜੁਨੇਜਾ ਵੱਲੋਂ ਲੋਕਾਂ ਨਾਲ ਮੇਲ ਮਿਲਾਪ ਸ਼ੁਰੂ ਕਰ ਦਿੱਤਾ ਹੈ। ਹਰਪਾਲ ਜੁਨੇਜਾ ਵੱਲੋਂ ਅੱਜ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਸ਼ੇਰਾ ਵਾਲਾ ਗੇਟ ਤੋਂ ਆਪਣੀ ਅਗੇਤੀ ਚੋਣ ਮੁਹਿੰਮ ਆਰੰਭੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਵੱਖ ਵੱਖ ਦੁਕਾਨਦਾਰਾਂ ਦੇ ਦਰ੍ਹਾਂ ਦੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਆਪਣੇ-ਆਪ ਨੂੰ ਅਕਾਲੀ ਦਲ ਬਸਪਾ ਦਾ ਉਮੀਦਵਾਰ ਵਜੋਂ ਵਿਚਾਰਿਆ ਗਿਆ। ਜੁਨੇਜਾ ਵੱਲੋਂ ਅਨਾਰਦਾਨਾ ਚੌਂਕ, ਧਰਮਪੁਰਾ ਬਜ਼ਾਰ, ਅਦਾਲਤ ਬਜ਼ਾਰ ਆਦਿ ਥਾਵਾਂ ਤੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ।

ਇਸ ਦੌਰਾਨ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਅਕਾਲੀ ਬਸਪਾ ਗੱਠਜੋੜ ਦੇ ਨਾਅਰੇ ਵੀ ਬੁਲੰਦ ਕੀਤੇ ਜਾ ਰਹੇ ਸਨ। ਇਸ ਦੌਰਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਅੱਜ ਤੋਂ ਅਰਦਾਸ ਕਰਕੇ ਉਨ੍ਹਾਂ ਵੱਲੋਂ ਡੋਰ ਟੂ ਡੋਰ ਦੁਕਾਨਦਾਰਾਂ ਨਾਲ ਆਰੰਭੀ ਮੁਹਿੰਮ ਦੌਰਾਨ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਆਪਣਾ ਸ਼ਹਿਰ ਹੋਣ ਦੇ ਬਾਵਜ਼ੂਦ ਲੋਕ ਖੁਸ਼ ਨਹੀਂ ਹਨ, ਕਿਉਂਕਿ ਇੱਥੇ ਕੰਮ ਘੱਟ ਹੋਏ ਹਨ, ਸਗੋਂ ਕੰਮਾਂ ਵਿੱਚ ਭ੍ਰਿਸਟਾਚਾਰ ਜਿਆਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਸ਼ਹਿਰ ਦੇ ਲੋਕਾਂ ਦਾ ਸਾਢੇ ਚਾਰ ਸਾਲਾਂ ਵਿੱਚ ਇੱਕ ਵਾਰ ਵੀ ਹਾਲ ਚਾਲ ਨਹੀਂ ਪੁੱਛਿਆ ਗਿਆ।

ਪਿਛਲੇ ਦਿਨਾਂ ਦੌਰਾਨ ਹੋਈਆਂ ਬਰਸਾਤਾਂ ਵਿੱਚ ਸ਼ਹਿਰ ਦੇ ਇਲਾਕੇ ਬੂਰੀ ਤਰ੍ਹਾਂ ਡੁੱਬੇ ਰਹੇ, ਜਿਸ ਕਾਰਨ ਸ਼ਹਿਰ ਦੇ ਲੋਕ ਕਾਂਗਰਸ ਦੇ ਕਰਵਾਏ ਵਿਕਾਸ ਕਾਰਜ਼ ਤੋਂ ਬੂਰੀ ਤਰ੍ਹਾਂ ਔਖੇ ਹਨ। ਉਨ੍ਹਾ ਕਿਹਾ ਕਿ ਪਟਿਆਲਵੀਆਂ ਵੱਲੋਂ ਪਿਛਲੇ ਕਈ ਸਾਲਾ ਤੋਂ ਮੋਤੀ ਮਹਿਲਾਂ ਵਾਲਿਆਂ ਨੂੰ ਜਿਤਾ ਕੇ ਭੇਜਿਆ ਜਾ ਰਿਹਾ ਹੈ, ਪਰ ਸ਼ਹਿਰ ਦੇ ਹਲਾਤ ਕੀ ਹਨ, ਸਭ ਦੇ ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਖੜਨਗੇ। ਦੱਸਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਵੱਲੋਂ ਜਨਰਲ ਜੇ.ਜੇ. ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਜਿਨ੍ਹਾ ਦੀ ਅਮਰਿੰਦਰ ਸਿੰਘ ਦੇ ਮੁਕਾਬਲੇ ਜ਼ਮਾਨਤ ਜ਼ਬਤ ਹੋ ਗਈ ਸੀ ਅਤੇ ਮਹਿਜ 11677 ਵੋਟਾਂ ਹੀ ਹਾਸਲ ਹੋਈਆਂ ਸਨ।

ਭਗਵਾਨ ਦਾਸ ਜੁਨੇਜਾ ਨੂੰ ਮਿਲੀ ਸੀ ਹਾਰ

ਅਕਾਲੀ ਉਮੀਦਵਾਰ ਵਜੋਂ ਚੋਣ ਪ੍ਰਚਾਰ ਸ਼ੁਰੂ ਕਰਨ ਵਾਲੇ ਹਰਪਾਲ ਜੁਨੇਜਾ ਦੇ ਪਿਤਾ ਸਮਾਜ ਸੇਵੀ ਭਗਵਾਨ ਦਾਸ ਜੁਨੇਜਾ ਨੇ ਅਕਾਲੀ ਦਲ ਦੀ ਟਿਕਟ ਤੇ ਸਾਲ 2014 ਵਿੱਚ ਜ਼ਿਮਨੀ ਚੋਣ ਪ੍ਰਨੀਤ ਕੌਰ ਦੇ ਖਿਲਾਫ਼ ਲੜੀ ਸੀ। ਭਗਵਾਨ ਦਾਸ ਜੁਨੇਜਾ ਇਹ ਚੋਣ 20 ਹਜਾਰ ਤੋਂ ਵੱਧ ਵੋਟਾਂ ਨਾਲ ਹਾਰ ਗਏ ਸਨ। ਇਹ ਜ਼ਿਮਨੀ ਚੋਣ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਤੇ ਖਾਲੀ ਹੋਈ ਸੀਟ ਕਾਰਨ ਹੋਈ ਸੀ। ਹਰਪਾਲ ਜੁਨੇਜਾ ਨੂੰ ਪਹਿਲੀ ਵਾਰ ਅਕਾਲੀ ਦਲ ਵੱਲੋਂ ਹਲਕਾ ਸੇਵਾਦਾਰ ਐਲਾਨਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ