…ਜਦੋਂ ਹਰਪਾਲ ਚੀਮਾ ਵੀ ਟੈਂਕੀ ‘ਤੇ ਚੜ੍ਹ ਕੇ ਕਰਨ ਲੱਗੇ ਨਾਅਰੇਬਾਜੀ

Harpal Cheema, Climbing, Tanks, Shouting, Slogans

ਹਰਪਾਲ ਚੀਮਾ ਟੈਂਕੀ ‘ਤੇ ਚੜ੍ਹ ਈਟੀਟੀ ਟੈੱਟ ਪਾਸ ਯੂਨੀਅਨ ਦੇ ਕਾਰਕੁੰਨਾ ਦਾ ਪੁੱਛਿਆ ਹਾਲ ਚਾਲ

ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਪਟਿਆਲਾ ਤੋਂ ਥੋੜ੍ਹੀ ਦੂਰ ਪਿੰਡ ਬਹਾਦਰਗੜ੍ਹ ਦੀ ਪਾਣੀ ਦੀ ਟੈਂਕੀ ਉੱਪਰ ਅੱਜ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੀ ਚੜ੍ਹ ਗਏ। ਉਨ੍ਹਾਂ ਟੈਂਕੀ ਉੱਪਰ ਚੜ੍ਹ ਕੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਕਾਰਕੁੰਨਾਂ ਦੇ ਹੱਕ ਵਿੱਚ ਸਰਕਾਰ ਖਿਲਾਫ਼ ਨਾਅਰੇਬਾਜੀ ਵੀ ਕੀਤੀ ਅਤੇ ਇਨ੍ਹਾਂ ਨੌਜਵਾਨਾਂ ਦਾ ਹਾਲ ਚਾਲ ਪੁੱਛਿਆ।  ਟੈਂਕੀ ਉੱਪਰ ਚੜ੍ਹੇ ਪੰਜ ਬੇਰੁਜ਼ਗਾਰ ਅਧਿਆਪਕ ਤੀਜੇ ਦਿਨ ਵੀ ਟੈਂਕੀ ਉੱਪਰ ਹੀ ਡਟੇ ਹੋਏ ਹਨ।

ਜਾਣਕਾਰੀ ਅਨੁਸਾਰ ਅੱਜ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਬਹਾਦਰਗੜ੍ਹ ਵਿਖੇ ਪਾਣੀ ਦੀ ਟੈਂਕੀ ਉੱਪਰ ਚੜ੍ਹੇ ਨੌਜਵਾਨਾਂ ਦੇ ਹੱਕ ਵਿੱਚ ਪੁੱਜੇ ਹੋਏ ਸਨ। ਉਹ ਖੁਦ ਪਾਣੀ ਦੀ ਟੈਂਕੀ ਉੱਪਰ ਸਿਖਰ ‘ਤੇ ਬੈਠੇ ਪੰਜ ਨੌਜਵਾਨਾਂ ਕੋਲ ਪੁੱਜੇ ਅਤੇ ਸਰਕਾਰ ਨੂੰ ਅਸਾਮੀਆਂ ਕੱਢ ਕੇ ਅਡਜਸਟ ਕਰਨ ਦੀ ਗੱਲ ਆਖੀ। ਇਸ ਮੌਕੇ ਚੀਮਾ ਨੇ ਕਿਹਾ ਕਿ ਇਹ ਨੌਜਵਾਨ ਆਪਣੀ ਨੌਕਰੀ ਲਈ ਟੈਂਕੀ ਉੱਪਰ ਠੰਢ ‘ਚ ਹੀ ਦਿਨ ਰਾਤ ਡਟੇ ਹੋਏ ਹਨ। ਇਨ੍ਹਾਂ ਨੂੰ ਕੋਈ ਸੌਂਕ ਨਹੀਂ ਹੈ, ਸਗੋਂ ਇਹ ਗੂੰਗੀਆਂ ਬੋਲੀਆਂ ਸਰਕਾਰਾਂ ਨੂੰ ਜਗਾਉਣ ਲਈ ਅਜਿਹਾ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਰੇ ਦਾ ਵਾਅਦਾ ਖਿਲਾਫ਼ੀ ਵਾਲਾ ਮੁੱਖ ਮੰਤਰੀ ਕਿਹਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਅਨੇਕਾਂ ਅਸਾਮੀਆਂ ਖਾਲੀ ਪਈਆਂ ਹਨ, ਪਰ ਇਨ੍ਹਾਂ ਵੱਲੋਂ ਡਿਗਰੀਆਂ ਚੁੱਕੀ ਫਿਰਦੇ ਵਿਦਿਆਰਥੀਆਂ ਨੂੰ ਅਡਜਸਟ ਨਹੀਂ ਕੀਤਾ ਜਾ ਰਿਹਾ।

ਚੀਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ ਗਿਆ ਹੈ, ਪਰ ਸਰਕਾਰ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀ ਨਿਕੰਮੀ ਸਰਕਾਰ ਨੂੰ ਲੋਕਾਂ ਵੱਲੋਂ ਆ ਰਹੀਆਂ ਚੋਣਾਂ ਵਿੱਚ ਜਵਾਬ ਦੇਣਾ ਚਾਹੀਦਾ ਹੈ। ਚੀਮਾ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਪਾਲਿਸੀਆਂ ਕਾਰਨ ਖਜ਼ਾਨੇ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਇਨ੍ਹਾਂ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਹਿੱਸੇ ਇਨ੍ਹਾਂ ਕੰਮਾਂ ਵਿੱਚ ਹਨ। ਇਸ ਮੌਕੇ ਟੈੱਟ ਪਾਸ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਮੰਗ ਪੱਤਰ ਵੀ ਹਰਪਾਲ ਚੀਮਾ ਨੂੰ ਸੌਂਪਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਆਪ ਆਗੂ ਅਤੇ ਧਰਨੇ ‘ਤੇ ਡਟੇ ਨੌਜਵਾਨ ਵੀ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।