Harjinder Mela Murder Case : ਕਾਤਲਾਂ ਨੂੰ ਫੜਨ ਵਾਲੀ ਪੁਲਿਸ ਕਾਰਨ ਲੱਭਣ ’ਚ ਨਾਕਾਮ

Harjinder Mela Murder Case
Harjinder Mela Murder Case : ਕਾਤਲਾਂ ਨੂੰ ਫੜਨ ਵਾਲੀ ਪੁਲਿਸ ਕਾਰਨ ਲੱਭਣ ’ਚ ਨਾਕਾਮ

 ਭੈਅ ’ਚ ਰਹਿ ਰਿਹਾ ਪਰਿਵਾਰ ਮਿਲਿਆ ਨਵੇਂ ਐੱਸਐੱਸਪੀ ਨੂੰ

(ਸੱਚ ਕਹੂੰ ਨਿਊਜ਼) ਬਠਿੰਡਾ। ਕੁਲਚਾ ਕਾਰੋਬਾਰੀ ਅਤੇ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਦੇ ਪਰਿਵਾਰ ਨੇ ਨਵੇਂ ਐੱਸਐੱਸਪੀ ਹਰਮਨਬੀਰ ਸਿੰਘ ਤੋਂ ਮੇਲੇ ਨੂੰ ਕਤਲ ਕਰਨ ਦੇ ਕਾਰਨ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਅੱਜ ਐੱਸਐੱਸਪੀ ਨੂੰ ਮਿਲਿਆ ਜਿੱਥੇ ਉਨ੍ਹਾਂ ਨੇ ਪੁਲਿਸ ਵੱਲੋਂ ਕਤਲ ਦੀ ਗੁੱਥੀ ਤੇਜੀ ਨਾਲ ਸੁਲਝਾਉਣ ’ਤੇ ਤਾਂ ਤਸੱਲੀ ਪ੍ਰਗਟ ਕੀਤੀ ਪਰ ਕਤਲ ਦੀ ਵਜ੍ਹਾ ਪਤਾ ਨਾ ਲੱਗਣ ਕਾਰਨ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਦੀ ਗੱਲ ਵੀ ਰੱਖੀ ਹੈ। ਪਰਿਵਾਰ ਦਾ ਕਹਿਣਾ ਸੀ ਕਿ ਉਹ ਇਸ ਗੱਲ ਤੋਂ ਚਿੰਤਤ ਹਨ ਕਿ ਪੁਲਿਸ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਕਰ ਸਕੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਮੁਖੀ ਨੂੰ ਕਿਸ ਨੇ ਤੇ ਕਿਉਂ ਕਤਲ ਕਰਵਾਇਆ ਹੈ। (Harjinder Mela Murder Case)

ਮੁਕਾਬਲੇ ਦੌਰਾਨ ਤਿੰਨ ਗੈਂਗਸਟਰ ਕੀਤੇ ਸਨ ਗ੍ਰਿਫਤਾਰ ਕੀਤੇ ਸਨ

ਜਾਣਕਾਰੀ ਮੁਤਾਬਿਕ ਇਸ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਇੱਕ ਮੁਕਾਬਲੇ ਦੌਰਾਨ ਤਿੰਨ ਗੈਂਗਸਟਰ ਗਿ੍ਰਫਤਾਰ ਕੀਤੇ ਸਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਸੀ ਕਿ ਉਨ੍ਹਾਂ ਨੇ ਇਹ ਕਤਲ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਰਸ਼ ਡਾਲਾ ਦੇ ਕਹਿਣ ’ਤੇ ਕੀਤਾ ਹੈ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਜਾਂ ਦੁਸ਼ਮਣੀ ਨਹੀਂ ਹੈ ਜਿਸ ਕਰਕੇ ਉਹ ਸਦਮੇ ਅਤੇ ਸਹਿਮ ਦੇ ਮਹੌਲ ’ਚ ਸਮਾਂ ਲੰਘਾ ਰਹੇ ਹਨ ਕਿ ਆਖਿਰ ਅਜਿਹਾ ਕਿਹੜਾ ਕਾਰਨ ਸੀ ਕਿ ਅਰਸ਼ ਡਾਲਾ ਨੇ ਹਰਜਿੰਦਰ ਸਿੰਘ ਨੂੰ ਕਤਲ ਕਰਵਾਇਆ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇਸ ਕਤਲ ਪਿੱਛੇ ਕੋਈ ਨਾ ਕੋਈ ਪ੍ਰਭਾਵਸ਼ਾਲੀ ਵਿਅਕਤੀ ਹੋ ਸਕਦਾ ਹੈ ਜਿਸ ਨੇ ਇਹ ਹੱਤਿਆ ਕਰਵਾਈ ਹੈ। ਉਨ੍ਹਾਂ ਐੱਸਐੱਸਪੀ ਨੂੰ ਇਸ ਮਾਸਟਰਮਾਈਂਡ ਦੇ ਚਿਹਰੇ ਨੂੰ ਬੇਪਰਦ ਕਰਨ ਦੀ ਅਪੀਲ ਵੀ ਕੀਤੀ ਹੈ। (Harjinder Mela Murder Case)

ਇਹ ਵੀ ਪੜ੍ਹੋ : ਪੁਲਿਸ ਲਾਈਨ ’ਚ ਚੱਲੀ ਗੋਲੀ, ਕਾਂਸਟੇਬਲ ਜ਼ਖਮੀ

ਦੱਸਣਯੋਗ ਹੈ ਕਿ ਲੰਘੀ 28 ਅਕਤੂਬਰ ਦੇਰ ਸ਼ਾਮ ਨੂੰ ਹਰਮਨ ਅੰਮਿ੍ਰਤਸਰੀ ਕੁਲਚਾ ਸ਼ਾਪ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਮਾਲ ਰੋਡ ’ਤੇ ਸਥਿਤ ਆਪਣੇ ਰੈਸਟੋਰੈਂਟ ਦੇ ਬਾਹਰ ਆਮ ਵਾਂਗ ਬੈਠੇ ਹੋਏ ਸਨ। ਇਸੇ ਦੌਰਾਨ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿੰਨ੍ਹਾਂ ’ਚੋਂ ਕਰੀਬ 5-6 ਹਰਜਿੰਦਰ ਸਿੰਘ ਦੇ ਲੱਗੀਆਂ। ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਹਰਜਿੰਦਰ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਸੀ। ਇਸ ਕਤਲ ਦੀ ਜਿੰਮੇਵਾਰੀ ਗੈਂਗਸਟਰ ਅਰਸ਼ ਡਾਲਾ ਨੇ ਲਈ ਸੀ।