ਦੇਸ਼ ਦਾ ਮਹਾਨ ਯੋਧਾ ਸ਼ਹੀਦ ਊਧਮ ਸਿੰਘ

Shaheed Udham Singh
Shaheed Udham Singh

ਦੇਸ਼ ਦਾ ਮਹਾਨ ਯੋਧਾ ਸ਼ਹੀਦ ਊਧਮ ਸਿੰਘ

ਸਾਡਾ ਦੇਸ਼ ਲੰਬਾ ਸਮਾਂ ਗੁਲਾਮ ਰਿਹਾ ਹੈ ਤੇ ਇਸ ਗੁਲਾਮੀ ਤੋਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਦੇਸ਼ ਭਗਤਾਂ ਨੇ ਲੜਾਈਆਂ ਲੜੀਆਂ ਤੇ ਕੁਰਬਾਨੀਆਂ ਦਿੱਤੀਆਂ। ਇਨ੍ਹਾਂ ਵਿੱਚ ਸ਼ਹੀਦ ਊਧਮ ਸਿੰਘ ਦਾ ਨਾਂਅ ਵੀ ਪ੍ਰਮੁੱਖ ਹੈ ਜਿਸ ਨੇ 13 ਅਪਰੈਲ 1919 ਨੂੰ ਜਲਿਆਂ ਵਾਲਾ ਬਾਗ ਵਿੱਚ ਨਿਹੱਥੇ ਗਰੀਬ ਲੋਕਾਂ ’ਤੇ ਅੰਗਰੇਜ਼ ਹਕੂਮਤ ਵੱਲੋਂ ਚਲਾਈਆਂ ਗੋਲੀਆਂ ਦਾ ਬਦਲਾ 13 ਮਾਰਚ, 1940 ਨੂੰ ਇਸ ਗੋਲੀ ਕਾਂਡ ਦਾ ਹੁਕਮ ਦੇਣ ਵਾਲੇ ਗਵਰਨਰ ਸਰ ਮਾਈਕਲ ਉਡਵਾਇਰ ਨੂੰ ਲੰਡਨ ਵਿੱਚ ਮਾਰ ਕੇ ਲਿਆ।

ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਉਸ ਸਮੇਂ ਦੀ ਪਟਿਆਲਾ ਰਿਆਸਤ ਦੇ ਪਿੰਡ ਸ਼ਾਹਪੁਰ ਜੋ ਕਿ ਹੁਣ ਸੁਨਾਮ ਸ਼ਹਿਰ ਦਾ ਇੱਕ ਹਿੱਸਾ ਹੈ ਵਿਖੇ ਇੱਕ ਦਲਿਤ ਪਰਿਵਾਰ ਵਿੱਚ ਪਿਤਾ ਚੂਹੜ ਰਾਮ ਤੇ ਮਾਤਾ ਨਾਰਾਇਣੀ ਜਿਨ੍ਹਾਂ ਦੇ ਨਾਂਅ ਅੰਮਿ੍ਰਤ ਛਕਣ ਤੋਂ ਬਾਦ ਟਹਿਲ ਸਿੰਘ ਅਤੇ ਹਰਨਾਮ ਕੌਰ ਰੱਖੇ ਗਏ ਸਨ, ਦੇ ਘਰ ਹੋਇਆ ਸੀ। ਇਨ੍ਹਾਂ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਤੇ ਵੱਡੇ ਭਰਾ ਦਾ ਨਾਂ ਸਾਧੂ ਸਿੰਘ ਸੀ। ਇਨ੍ਹਾਂ ਦੇ ਪਿਤਾ ਰੇਲਵੇ ਫਾਟਕ ’ਤੇ ਚੌਂਕੀਦਾਰ ਸਨ।

ਤਿੰਨ ਸਾਲ ਦੀ ਉਮਰ ਵਿੱਚ ਹੀ ਸਾਲ 1901 ਵਿੱਚ ਇਨ੍ਹਾਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ। ਸਾਲ 1907 ਵਿੱਚ ਇਨ੍ਹਾਂ ਦੇ ਪਿਤਾ ਅਪਣੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਅੰਮਿ੍ਰਤਸਰ ਦੀ ਦੀਵਾਲੀ ਵੇਖਣ ਲਈ ਚੱਲ ਪਏ। ਰਸਤੇ ਵਿੱਚ ਹੀ ਪਿਤਾ ਨੂੰ ਬੁਖਾਰ ਹੋ ਗਿਆ। ਭਾਈ ਚੈਂਚਲ ਸਿੰਘ ਨੇ ਊਧਮ ਸਿੰਘ ਦੇ ਪਿਤਾ ਨੂੰ ਇਲਾਜ਼ ਲਈ ਅੰਮਿ੍ਰਤਸਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਪਰੰਤੂ ਅਗਲੇ ਦਿਨ ਹੀ ਉਨ੍ਹਾਂ ਦੀ ਮੌਤ ਹੋ ਗਈ।

ਜਿਸ ਨਾਲ ਦੋਵੇਂ ਭਰਾ ਅਨਾਥ ਹੋ ਗਏ। ਉਸ ਸਮੇਂ ਊਧਮ ਸਿੰਘ ਦੀ ਉਮਰ ਲਗਭਗ 8 ਸਾਲ ਸੀ ਅਤੇ ਵੱਡੇ ਭਰਾ ਸਾਧੂ ਸਿੰਘ ਦੀ ਉਮਰ ਲਗਭਗ 10 ਸਾਲ ਸੀ। ਇਸ ਤੋਂ ਬਾਦ ਊਧਮ ਸਿੰਘ ਨੂੰ ਤੇ ਉਨ੍ਹਾਂ ਦੇ ਭਰਾ ਨੂੰ ਭਾਈ ਚੈਂਚਲ ਸਿੰਘ ਨੇ ਸੈਂਟਰਲ ਯਤੀਮਖਾਨੇ ਪੁਤਲੀਘਰ ਅੰਮਿ੍ਰਤਸਰ ਵਿੱਚ ਦਾਖਲ ਕਰਵਾ ਦਿੱਤਾ, ਜਿੱਥੇ 1913 ਵਿੱਚ ਵੱਡੇ ਭਰਾ ਸਾਧੂ ਸਿੰਘ ਦੀ ਨਿਮੋਨੀਏ ਕਾਰਨ ਮੌਤ ਹੋ ਗਈ ਤੇ ਇਹ ਬਿਲਕੁਲ ਇਕੱਲੇ ਰਹਿ ਗਏ।

ਸਾਲ 1917 ਵਿੱਚ ਊਧਮ ਸਿੰਘ ਨੇ ਦਸਵੀਂ ਪਾਸ ਕਰ ਲਈ ਤੇ ਉਸ ਤੋਂ ਬਾਦ ਇਨ੍ਹਾਂ ਦਾ ਮਾਮਾ ਜੀਵਾ ਇਨ੍ਹਾਂ ਨੂੰ ਸੁਨਾਮ ਲੈ ਗਿਆ ਤੇ ਖੇਤੀ ਦੇ ਕੰਮ ਵਿੱਚ ਲਾ ਦਿੱਤਾ, ਪਰ ਊਧਮ ਸਿੰਘ ਸੁਨਾਮ ਛੱਡ ਕੇ ਫਿਰ ਅੰਮਿ੍ਰਤਸਰ ਯਤੀਮਖਾਨੇ ਪਹੁੰਚ ਗਿਆ। ਉਸ ਸਮੇਂ ਪਹਿਲਾ ਸੰਸਾਰ ਯੁੱਧ ਚੱਲ ਰਿਹਾ ਸੀ ਤੇ ਉਹ ਫ਼ੌਜ ਵਿੱਚ ਭਰਤੀ ਹੋ ਗਿਆ ਤੇ ਮੁੰਬਈ ਤੋਂ ਬਸਰਾ ਪਹੁੰਚ ਗਿਆ ਪਰੰਤੂ 6 ਮਹੀਨੇ ਪਿੱਛੋਂ ਹੀ ਅੰਮਿ੍ਰਤਸਰ ਵਾਪਸ ਆ ਗਿਆ। 13 ਅਪਰੈਲ 1919 ਨੂੰ ਵਾਪਰੇ ਜਲਿਆਂਵਾਲੇ ਬਾਗ ਦੇ ਸਾਕੇ ਸਮੇਂ ਊਧਮ ਸਿੰਘ ਅੰਮਿ੍ਰਤਸਰ ਚੀਫ ਖਾਲਸਾ ਦੀਵਾਨ ਦੇ ਯਤੀਮਖਾਨੇ ਵਿੱਚ ਹੀ ਸੀ।

ਜਲਿਆਂਵਾਲੇ ਬਾਗ ਵਿੱਚ ਹੋ ਰਹੇ ਜਲਸੇ ਵਿੱਚ ਸ਼ਾਮਲ ਲੋਕਾਂ ਨੂੰ ਪਾਣੀ ਪਿਲਾਉਣ ਵਾਲੇ ਵਲੰਟੀਅਰਾਂ ਵਿੱਚ ਊਧਮ ਸਿੰਘ ਵੀ ਸ਼ਾਮਲ ਸੀ ਅਤੇ ਜਦੋਂ ਜਨਰਲ ਡਾਇਰ ਨੇ ਗੋਲੀਆਂ ਚਲਾ ਕੇ ਕਹਿਰ ਵਰਤਾਇਆ ਤਾਂ ਬਾਦ ਵਿੱਚ ਮਿ੍ਰਤਕਾਂ ਦੀਆਂ ਲਾਸ਼ਾ ਲੱਭਣ ਵਿੱਚ ਵੀ ਸਹਾਇਤਾ ਕਰਦਾ ਰਿਹਾ।

ਬਿ੍ਰਗੇਡੀਅਰ ਜਨਰਲ ਰੇਜੀਨਾਲਡ ਡਾਇਰ ਦੀ ਕਮਾਂਡ ਵਿੱਚ ਬਿ੍ਰਟਿਸ਼ ਇੰਡੀਅਨ ਆਰਮੀ ਦਾ ਦਸਤਾ ਜਿਸ ਵਿੱਚ 65 ਫੌਜੀ ਗੋਰਖਾ ਤੇ 25 ਫੌਜੀ ਬਲੋਚ ਸਨ, ਨੇ ਆ ਕੇ ਸ਼ਾਂਤੀਪੂਰਵਕ ਚੱਲ ਰਹੇ ਜਲਸੇ ਨੂੰ ਘੇਰਾ ਪਾ ਲਿਆ। ਜਨਰਲ ਡਾਇਰ ਨੇ ਬਾਹਰ ਜਾਣ ਦੇ ਰਸਤੇ ਨੂੰ ਬੰਦ ਕਰ ਦਿੱਤਾ ਅਤੇ ਉੱਥੇ ਮਸ਼ੀਨਗੰਨਾਂ ਬੀੜ ਦਿੱਤੀਆਂ। ਜਨਰਲ ਡਾਇਰ ਨੇ ਬਿਨਾਂ ਕੋਈ ਚਿਤਾਵਨੀ ਦਿੱਤੇ ਹੀ ਜਲਸੇ ਉੱਤੇ ਫਾਈਰਿੰਗ ਦਾ ਹੁਕਮ ਦੇ ਦਿੱਤਾ। ਫੌਜ ਨੇ ਲਗਭਗ 10 ਮਿੰਟ ਤੱਕ ਗੋਲਾਬਾਰੀ ਕੀਤੀ।

ਜਿਸ ਨਾਲ ਸੈਂਕੜੇ ਨਿਹੱਥੇ ਲੋਕ ਮਾਰੇ ਗਏ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਖਮੀ ਹੋ ਗਏ। ਇਸ ਗੋਲੀ ਕਾਂਡ ਤੋਂ ਬਾਦ 30 ਮਈ, 1919 ਨੂੰ ਇਸ ਗੋਲੀ ਕਾਂਡ ਦਾ ਹੁਕਮ ਦੇਣ ਵਾਲੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਉਡਵਾਇਰ ਨੂੰ ਲੰਡਨ ਵਾਪਸ ਬੁਲਾ ਲਿਆ ਗਿਆ ਤੇ ਪੰਜਾਬ ਵਿੱਚ ਨਿਭਾਈਆਂ ਸੇਵਾਵਾਂ ਬਦਲੇ 20 ਹਜ਼ਾਰ ਪੌਂਡ ਇਨਾਮ ਵਜੋਂ ਦਿੱਤੇ ਗਏ।

ਜਿਸ ਕਾਰਨ ਸ਼ਹੀਦ ਊਧਮ ਸਿੰਘ ਦੀ ਬਦਲਾ ਲੈਣ ਦੀ ਚੰਗਿਆੜੀ ਅੱਗ ਦਾ ਭਾਂਬੜ ਬਣ ਗਈ ਤੇ ਅਗਲੇ 21 ਸਾਲ ਉਸ ਨੇ ਇਸ ਪ੍ਰਣ ਨੂੰ ਪੂਰਾ ਕਰਨ ਲਈ ਹੀ ਲਾਏ। ਪਹਿਲਾਂ ਊਧਮ ਸਿੰਘ ਨੇ ਯਤੀਮਖਾਨਾ ਛੱਡ ਕੇ ਚਾਰਹਾਟ ਦੀਆਂ ਪਹਾੜੀਆਂ ’ਤੇ ਜਾ ਕੇ 40 ਰੁਪਏ ਮਹੀਨੇ ਤੇ 8 ਨੰਬਰੀ ਕੰਪਨੀ ਵਿੱਚ ਨੌਕਰੀ ਕਰ ਲਈ, ਫਿਰ ਅਫਰੀਕਾ ਦੇ ਦੇਸ਼ ਯੁਗਾਂਡਾ ਜਾ ਕੇ ਰੇਲਵੇ ਵਰਕਸ਼ਾਪ ਵਿੱਚ 170 ਰੁਪਏ ਮਹੀਨੇ ’ਤੇ ਨੌਕਰੀ ਕੀਤੀ, ਦੋ ਸਾਲ ਮਗਰੋਂ ਮੁੜ ਅੰਮਿ੍ਰਤਸਰ ਆ ਗਿਆ, ਫਿਰ ਲੰਡਨ, ਮੈਕਸੀਕੋ ਆਦਿ ਹੁੰਦਾ ਹੋਇਆ ਯੂ. ਐਸ. ਏ. ਚਲਾ ਗਿਆ, ਮੈਕਸੀਕੋ ਤੋਂ 2 ਫਰਵਰੀ 1922 ਨੂੰ ਕੈਲੀਫੋਰਨੀਆ ਪਹੰਚਿਆ ਜਿੱਥੇ ਗਦਰੀ ਦੇਸ਼ ਭਗਤਾਂ ਨਾਲ ਸੰਪਰਕ ਹੋ ਗਿਆ।

ਨਿਊਯਾਰਕ ਰਹਿਣ ਸਮੇਂ ਫਰਾਂਸ, ਬੈਲਜੀਅਮ, ਜਰਮਨੀ, ਹੰਗਰੀ, ਸਵਿਟਜ਼ਰਲੈਂਡ ਤੇ ਇਟਲੀ ਦੀ ਯਾਤਰਾ ਕੀਤੀ ਤੇ ਫਿਰ ਅਮਰੀਕਾ ਚਲਾ ਗਿਆ। ਉੱਥੇ ਉਹ ਅਸਟਰੇਲੀਆ ਜਾਣ ਵਾਲੇ ਜਹਾਜ਼ ਵਿੱਚ ਚੜ੍ਹ ਕੇ ਕਲਕੱਤਾ ਜਾ ਉਤਰਿਆ ਤੇ ਉੱਥੋਂ ਪੰਜਾਬ ਪਹੁੰਚ ਗਿਆ ਤੇ ਅੰਮਿ੍ਰਤਸਰ ਵਿੱਚ ਰਹਿਣ ਲੱਗ ਪਿਆ। ਉਸਦਾ ਮਕਾਨ ਦੇਸ਼ ਭਗਤ ਕ੍ਰਾਂਤੀਕਾਰੀਆਂ ਦਾ ਟਿਕਾਣਾ ਬਣ ਗਿਆ।

30 ਅਗਸਤ 1927 ਨੂੰ ਪੁਲਿਸ ਨੇ ਉਸ ਨੂੰ ਗਿ੍ਰਫਤਾਰ ਕਰ ਲਿਆ ਅਤੇ ਉਸ ਕੋਲੋਂ ਪਸਤੌਲ 138 ਗੋਲੀਆਂ ਤੇ ਕ੍ਰਾਂਤੀਕਾਰੀ ਸਾਹਿਤ ਫੜਿਆ ਅਤੇ ਉਸ ਨੂੰ ਪੰਜ ਸਾਲ ਦੀ ਕੈਦ ਹੋਈ। ਉਹ 4 ਸਾਲ ਇੱਕ ਮਹੀਨੇ ਤੇ 20 ਦਿਨ ਜੇਲ ਵਿੱਚ ਰਹਿ ਕੇ 20 ਅਕਤੂਬਰ 1931 ਨੂੰ ਰਿਹਾਅ ਹੋਇਆ। ਸੰਨ 1931 ਵਿੱਚ ਆਪਣੀ ਸ਼ਜਾ ਪੂਰੀ ਕਰਕੇ ਉਹ ਸੁਨਾਮ ਜਾ ਕੇ ਰਹਿਣ ਲੱਗਾ ਜਿੱਥੇ ਪੁਲਿਸ ਦੁਆਰਾ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਅਤੇ ਦੁਬਾਰਾ ਅੰਮਿ੍ਰਤਸਰ ਆ ਕੇ ਰਹਿਣ ਲੱਗਾ ਜਿੱਥੇ ਉਸ ਨੇ ਪੇਂਟਰ ਦੀ ਦੁਕਾਨ ਖੋਲ੍ਹੀ।

ਅੰਮਿ੍ਰਤਸਰ ਤੋਂ ਬਾਅਦ ਕੁਝ ਦੇਰ ਕਸ਼ਮੀਰ ਵਿੱਚ ਰਹਿਣ ਤੋਂ ਪਿੱਛੋਂ ਉਹ ਇੰਗਲੈਂਡ ਪਹੁੰਚ ਗਿਆ ਤੇ ਅਪਣਾ ਬਦਲਾ ਲੈਣ ਲਈ ਯੋਜਨਾ ਬਣਾਈੇ ਅਤੇ ਸਵਿਟਜਰਲੈਂਡ, ਜਰਮਨੀ, ਫਰਾਂਸ, ਹਾਲੈਂਡ ਆਦਿ ਹੁੰਦੇ ਹੋਏ ਆਖਰ 1934 ਵਿੱਚ ਲੰਡਨ ਪਹੁੰਚ ਗਿਆ। ਉੱਥੇ ਉਸ ਨੇ ਇੱਕ ਕਾਰ ਅਤੇ ਰਿਵਾਲਵਰ ਖਰੀਦਿਆ। ਉਸਨੇ ਇੱਕ ਕਿਤਾਬ ਨੂੰ ਕੱਟ ਕੇ ਉਸ ਵਿੱਚ ਅਪਣਾ ਰਿਵਾਲਵਰ ਲੁਕਾ ਲਿਆ। ਆਖਿਰਕਾਰ 13 ਮਾਰਚ 1940 ਨੂੰ ਉਹ ਦਿਨ ਆ ਗਿਆ ਜਿਸ ਦੀ ਊਧਮ ਸਿੰਘ ਉਡੀਕ ਕਰ ਰਿਹਾ ਸੀ।

13 ਮਾਰਚ 1940 ਨੂੰ ਸ਼ਾਮ ਦੇ ਲਗਭਗ 4.30 ਵਜੇ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ। ਇਸ ਮੀਟਿੰਗ ਵਿੱਚ ਊਧਮ ਸਿੰਘ ਭੇਸ ਬਦਲ ਕੇ ਆਪਣੇ ਨਾਲ ਰਿਵਾਲਵਰ ਲਿਜਾਣ ਵਿੱਚ ਸਫਲ ਹੋਇਆ।ਇਸ ਮੀਟਿੰਗ ਵਿੱਚ ਸਰ ਮਾਈਕਲ ਉਡਵਾਇਰ ਸਾਬਕਾ ਲੈਫਟੀਨੈਂਟ ਗਵਰਨਰ ਪੰਜਾਬ, ਲਾਰਡ ਜੈਂਟਲੈਂਡ, ਲਾਰਡ ਲਮਿੰਗਟਨ ਅਤੇ ਹੋਰ ਕਈ ਅੰਗਰੇਜ ਅਫਸਰ ਅਤੇ ਅਧਿਕਾਰੀ ਹਾਜਰ ਸਨ।

ਜਦੋਂ ਸਰ ਮਾਈਕਲ ਉਡਵਾਇਰ ਮੀਟਿੰਗ ਨੂੰ ਸੰਬੋਧਨ ਕਰਨ ਲੱਗਾ ਤਾਂ ਉਸ ਨੇ ਆਪਣੇ ਰਿਵਾਲਵਰ ਵਿਚਲੀਆਂ ਛੇ ਗੋਲੀਆਂ ਉਸ ਉਪਰ ਦਾਗ ਦਿੱਤੀਆਂ। ਗੋਲੀਆਂ ਲੱਗਣ ਕਾਰਨ ਸਰ ਮਾਈਕਲ ਉਡਵਾਇਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਦ ਸ਼ਹੀਦ ਊਧਮ ਸਿੰਘ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਮੌਕੇ ਤੇ ਹੀ ਗਿ੍ਰਫਤਾਰ ਹੋ ਗਿਆ।

ਗਿ੍ਰਫਤਾਰੀ ਸਮੇਂ ਉਸ ਨੇ ਕਿਹਾ ਕਿ ਉਸਨੇ ਆਪਣੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ। ਇਸ ਲਈ ਉਸ ਨੂੰ ਲਗਭਗ 20 ਸਾਲ 11 ਮਹੀਨੇ ਤੱਕ ਉਡੀਕ ਕਰਨੀ ਪਈ। ਜਦੋਂ ਉਸ ਕੋਲੋਂ ਉਸਦਾ ਨਾਂਅ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ।ਸਰ ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ।

ਲੰਡਨ ਤੋਂ ਪ੍ਰਕਾਸ਼ਿਤ ਅਖਬਾਰ ‘ਦ ਟਾਈਮਜ਼ ਆਫ ਲੰਡਨ’ ਵਿੱਚ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ ਗਿਆ। ਉਸ ਨੂੰ 1 ਅਪਰੈਲ 1940 ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਈਕਲ ਉਡਵਾਇਰ ਦੇ ਕਤਲ ਲਈ ਉਸਨੂੰ ਦੋਸ਼ੀ ਠਹਿਰਾਇਆ ਗਿਆ।

4 ਜੂਨ 1940 ਨੂੰ ਸੈਂਟਰਲ ਕਿ੍ਰਮੀਨਲ ਕੋਰਟ, ਓਲਡ ਬੈਲੇ ਵਿੱਚ ਜਸਟਿਸ ਐਂਟਕਨਸਨ ਦੇ ਸਾਹਮਣੇ ਉਸ ਨੇ ਆਪਣੇ ਜੁਰਮ ਦਾ ਇਕਬਾਲ ਕੀਤਾ। ਜੱਜ ਦੁਆਰਾ ਮਾਈਕਲ ਉਡਵਾਇਰ ਦੇ ਕਤਲ ਦਾ ਕਾਰਨ ਪੁੱਛਣ ਤਾਂ ਉਸਨੇ ਜਵਾਬ ਦਿੱਤਾ ਕਿ ਉਹ ਸਾਡੇ ਦੇਸ਼ ਦਾ ਪੁਰਾਣਾ ਦੁਸ਼ਮਣ ਸੀ ਅਤੇ ਇਸ ਸਜ਼ਾ ਦਾ ਹੱਕਦਾਰ ਸੀ।

ਇਸ ਪਿਛੋਂ ਜੱਜ ਨੇ ਉਸਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਟੋਨਵਿਲੇ ਜ਼ੇਲ ਲੰਡਨ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਉਸਦੀ ਮਿ੍ਰਤਕ ਦੇਹ ਨੂੰ ਜ਼ੇਲ੍ਹ ਦੇ ਅੰਦਰ ਹੀ ਦਬਾ ਦਿੱਤਾ ਗਿਆ। ਇੰਗਲੈਂਡ ਸਰਕਾਰ ਨੇ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਸੌਂਪ ਦਿੱਤੀਆਂ ਹਨ ਅਤੇ ਇਹ ਅਸਥੀਆਂ ਪੰਜਾਬ ਵਿੱਚ ਲਿਆ ਕੇ ਪਿੰਡ ਸੁਨਾਮ ਵਿੱਚ 31 ਜੁਲਾਈ 1974 ਨੂੰ ਪੂਰੇ ਸਨਮਾਨ ਨਾਲ ਸਸਕਾਰ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ