ਫੂਡ ਤਕਨਾਲੋਜੀ ਦੇ ਖੇਤਰ ’ਚ ਨੌਕਰੀ ਦੇ ਬਿਹਤਰੀਨ ਮੌਕੇ

ਫੂਡ ਤਕਨਾਲੋਜੀ ਦੇ ਖੇਤਰ ’ਚ ਨੌਕਰੀ ਦੇ ਬਿਹਤਰੀਨ ਮੌਕੇ

ਕੋਈ ਵੀ ਖੁਸ਼ੀ ਦਾ ਮੌਕਾ ਹੋਵੇ, ਹੁਣ ਘਰ ’ਚ ਪਕਵਾਨ ਬਣਾਉਣ ਦਾ ਰੁਝਾਨ ਘੱਟ ਹੋ ਰਿਹਾ ਹੈ। ਸਮੇਂ ਦੀ ਘਾਟ ਇੱਕ ਵੱਡੀ ਵਜ੍ਹਾ ਹੈ। ਇਸ ਲਈ ਪੈਕ ਕੀਤੇ ਫੂਡ ਦਾ ਰੁਝਾਨ ਵਧ ਗਿਆ ਹੈ ਤੇ ਇਸ ਖੇਤਰ ’ਚ ਰੁਜ਼ਗਾਰ ਦੇ ਮੌਕੇ ਵੀ ਵਧੇ ਹਨ। ਫੂਡ ਤਕਨਾਲੋਜਿਸਟ ਬਹੁਤ ਤਰ੍ਹਾਂ ਦੀਆਂ, ਜਿਵੇਂ ਫੂਡ ਮੈਨੂਫੈਕਚਰਿੰਗ, ਸੰਭਾਲ, ਪੈਕੇਜਿੰਗ, ਪ੍ਰੋਸੈਸਿੰਗ ਤੇ ਕੈਨਿੰਗ ਆਦਿ ਦੀ ਜ਼ਿੰਮੇਵਾਰੀ ਸੰਭਾਲਦੇ ਹਨ। ਫੂਡ ਪ੍ਰੋਸੈਸਿੰਗ ਤਹਿਤ ਖ਼ੁਰਾਕੀ ਤੇ ਪੀਣਯੋਗ ਪਦਾਰਥਾਂ ਦੀ ਤਾਜ਼ਗੀ ਤੇ ਗੁਣਵੱਤਾ ਨੂੰ ਖਪਤਕਾਰਾਂ ਲਈ ਲੰਮੇ ਸਮੇਂ ਤੱਕ ਬਰਕਰਾਰ ਰੱਖਣ ਦੇ ਨਾਲ-ਨਾਲ ਉਨ੍ਹਾਂ ਤੱਕ ਸੁਾਫ਼-ਸੁਥਰੀਆਂ ਖਾਣ ਜਾਂ ਪੀਣਯੋਗ ਵਸਤਾਂ ਪਹੁੰਚਾਉਣ ਦਾ ਕੰਮ ਕੀਤਾ ਜਾਂਦਾ ਹੈ।

ਇਸ ’ਚ ਡੇਅਰੀ, ਫਲ, ਸਬਜ਼ੀਆਂ, ਅਨਾਜ, ਪੈਕੇਟਬੰਦ ਖ਼ੁਰਾਕੀ ਪਦਾਰਥ ਤੇ ਪੀਣਯੋਗ ਪਦਾਰਥਾਂ ਦੀ ਪ੍ਰੋਸੈਸਿੰਗ ਸ਼ਾਮਲ ਹੰੁਦੀ ਹੈ। ਸਰਕਾਰ ਵੱਲੋਂ ਫੂਡ ਪ੍ਰੋਸੈਸਿੰਗ ਇਕਾਈਆਂ ਸ਼ੁਰੂ ਕਰਨ ਤੇ ਉਨ੍ਹਾਂ ਨੂੰ ਆਧੁਨਿਕ ਤਕਨੀਕਾਂ ਨਾਲ ਲੈਸ ਕਰਨ ਲਈ ਵਿੱਤੀ ਸਹਾਇਤਾ ਦੇਣ ਦੀਆਂ ਯੋਜਨਾਵਾਂ ਵੀ ਬਣਾਈਆਂ ਗਈਆਂ ਹਨ। ਬਾਜ਼ਾਰ ’ਚ ਪ੍ਰੋਡਕਟ ਭੇਜਣ ਤੋਂ ਪਹਿਲਾਂ ਪਲਾਂਟਸ ’ਚ ਕੱਚੇ ਪਦਾਰਥਾਂ ਦਾ ਪ੍ਰੀਖਣ ਕਰਨਾ ਤੇ ਸਟੋਰੇਜ ਦਾ ਪ੍ਰਬੰਧ ਕਰਨਾ ਵੀ ਇਨ੍ਹਾਂ ਦੇ ਹਿੱਸੇ ਆਉਂਦਾ ਹੈ। ਇਸ ਲਈ ਇਸ ਖੇਤਰ ’ਚ ਨੌਕਰੀ ਦੇ ਬਿਹਤਰੀਨ ਮੌਕਿਆਂ ਦੇ ਨਾਲ-ਨਾਲ ਸਵੈ-ਰੁਜ਼ਗਾਰ ਦੇ ਬਦਲ ਵੀ ਪੈਦਾ ਹੋਏ ਹਨ।

ਵਿੱਦਿਅਕ ਯੋਗਤਾ:

ਫੂਡ ਤਕਨਾਲੋਜੀ ’ਚ ਗ੍ਰੈਜੂਏਸ਼ਨ ਕਰਨ ਲਈ ਵਿਦਿਆਰਥੀਆਂ ਨੂੰ ਫਿਜ਼ਿਕਸ, ਕੈਮਿਸਟਰੀ, ਮੈਥ ਜਾਂ ਬਾਇਓਲੋਜੀ ਨਾਲ ਬਾਰ੍ਹਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ’ਚ ਮਾਸਟਰ ਜਾਂ ਡਿਪਲੋਮਾ ਕਰਨ ਲਈ ਗ੍ਰੈਜੂਏਸ਼ਨ ਪਾਸ ਹੋਣਾ ਜ਼ਰੂਰੀ ਹੈ। ਜੇ ਕਿਸੇ ਨੇ ਹੋਮ ਸਾਇੰਸ, ਨਿਊਟ੍ਰੀਸ਼ਨ, ਡਾਇਟੀਸ਼ੀਅਨ ਜਾਂ ਹੋਟਲ ਮੈਨੇਜਮੈਂਟ ’ਚ ਗ੍ਰੈਜੂਏਸ਼ਨ ਕੀਤੀ ਹੈ ਤਾਂ ਉਹ ਵੀ ਫੂਡ ਤਕਨਾਲੋਜੀ ’ਚ ਉੱਚ ਸਿੱਖਿਆ ਹਾਸਲ ਕਰ ਸਕਦੇ ਹਨ।
ਫੂਡ ਤਕਨਾਲੋਜੀ ਦਾ ਕੋਰਸ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਮਦਰ ਡੇਅਰੀ, ਬਿਰਟਾਨੀਆ ਇੰਡਸਟਰੀਜ਼, ਸੂਰੀਆ ਫੂਡਜ਼ ਐਂਡ ਐਗਰੋ ਲਿਮਟਿਡ, ਸਕਾਈ ਸ਼ੈੱਫ, ਫੂਡ ਰਿਸਰਚ ਐਂਡ ਅਨੈਲੇਸਿਸ ਸੈਂਟਰ ਆਦਿ ’ਚ ਇੰਟਰਨਸ਼ਿਪ ਕਰਨੀ ਪੈਂਦੀ ਹੈ। ਇਸ ਨਾਲ ਤੁਸੀਂ ਇੰਡਸਟਰੀ ’ਚ ਕੰਮ ਕਰਨ ਲਈ ਬਿਹਤਰ ਰੂਪ ’ਚ ਤਿਆਰ ਹੋ ਸਕਦੇ ਹੋ।

ਸਰਕਾਰੀ ਤੇ ਨਿੱਜੀ ਦੋਵਾਂ ਖੇਤਰਾਂ ’ਚ ਕੰਮ ਦੇ ਬਹੁਤ ਸਾਰੇ ਮੌਕੇ ਹਨ। ਤੁਸੀਂ ਪ੍ਰੋਸੈਸਿੰਗ ਇੰਡਸਟਰੀਜ਼, ਰਿਸਰਚ ਲੈਬੋਰਟਰੀਜ਼, ਹੋਟਲ, ਕੁਆਲਿਟੀ ਕੰਟੋਰਲ ਡਵੀਜ਼ਨ, ਰਾਈਸ ਮਿਲਜ਼, ਪੈਕੇਜਿੰਗ ਯੂਨਿਟਸ ਤੇ ਕੈਟਰਿੰਗ ਇੰਡਸਟਰੀਜ਼ ’ਚ ਕੰਮ ਕਰ ਸਕਦੇ ਹੋ।

ਬਿਹਤਰੀਨ ਕਰੀਅਰ:

ਉਮੀਦ ਹੈ ਕਿ ਫੂਡ ਪ੍ਰੋਸੈਸਿੰਗ ਇੰਡਸਟਰੀ ’ਚ 2022 ਤੱਕ 26 ਲੱਖ ਨਵੀਂਆਂ ਨੌਕਰੀਆਂ ਆਉਣਗੀਆਂ। ਇਸ ਲਈ ਇਸ ਖੇਤਰ ਨਾਲ ਸਬੰਧਤ ਪੇਸ਼ੇਵਰਾਂ ਲਈ ਫੂਡ ਪ੍ਰੋਸੈਸਿੰਗ ਕੰਪਨੀਆਂ, ਰਾਈਸ ਮਿੱਲ, ਸਾਫਟ ਡਰਿੰਕ ਕੰਪਨੀਆਂ ’ਚ ਅੱਗੇ ਵਧਣ ਦੇ ਮੌਕੇ ਲਗਾਤਾਰ ਪੈਦਾ ਹੋਣਗੇ। ਰਵਾਇਤੀ ਤੌਰ ’ਤੇ ਫੂਡ ਪ੍ਰੋਸੈਸਿੰਗ ਸਨਅਤ ’ਚ ਅਸੰਗਠਿਤ ਵਰਕ ਫੋਰਸ ਪਾਸੋਂ ਕੰਮ ਲਿਆ ਜਾਂਦਾ ਹੈ ਪਰ ਨਿਗਰਾਨੀ ਤੇ ਪ੍ਰਬੰਧਨ ਦੇ ਕੰਮ ਲਈ ਯੋਗ ਪੇਸ਼ੇਵਰਾਂ ਦੀ ਜ਼ਰੂਰਤ ਪੈਂਦੀ ਹੈ। ਇਸ ਇੰਡਸਟਰੀ ’ਚ ਤੁੁਸੀਂ ਸਰਟੀਫਿਕੇਟ ਜਾਂ ਡਿਪਲੋਮਾ ਕੋਰਸ ਕਰ ਕੇ ਬਤੌਰ ਟਰੇਨੀ ਜਾਂ ਆਪ੍ਰੇਟਰ ਕੰਮ ਦੀ ਸ਼ੁਰੂਆਤ ਕਰ ਸਕਦੇ ਹੋ।

ਸਬੰਧਤ ਕੰਮਾਂ ’ਚ ਆਈਟੀਆਈ ਡਿਪਲੋਮਾ ਕਰਕੇ ਫੂਡ ਪ੍ਰੋਸੈਸਿੰਗ ਜਾਂ ਮੈਂਟੀਨੈਂਸ ਦੇ ਕੰਮਾਂ ’ਚ ਆਪ੍ਰੇਟਰ ਜਾਂ ਟਰੇਨੀ ਦੇ ਤੌਰ ’ਤੇ ਨੌਕਰੀ ਦੇ ਚੰਗੇ ਮੌਕੇ ਹਨ। ਹੋਮ ਸਾਇੰਸ ਗ੍ਰੈਜੂਏਟ ਤੇ ਨਿਊਟ੍ਰੀਸ਼ੀਅਨ, ਫੂਡ ਤਕਨਾਲੋਜੀ, ਫੂਡ ਸਰਵਿਸ, ਮੈਨੇਜਮੈਂਟ ’ਚ ਸਪੈਸ਼ਲਾਈਜੇਸ਼ਨ ਕਰਨ ਵਾਲੇ ਉਮੀਦਵਾਰ ਇਸ ਖੇਤਰ ’ਚ ਬਿਹਤਰੀਨ ਕਰੀਅਰ ਬਣਾ ਸਕਦੇ ਹਨ।

ਤਨਖ਼ਾਹ:

ਫੂਡ ਤਕਨਾਲੋਜਿਸਟ ਨੂੰ ਸ਼ੁਰੂ ਵਿਚ ਘੱਟੋ-ਘੱਟ 20-30 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦੇ ਹਨ। ਦੋ-ਤਿੰਨ ਸਾਲ ਦੇ ਤਜਰਬੇ ਤੋਂ ਬਾਅਦ ਤਨਖ਼ਾਹ ’ਚ ਵਾਧਾ ਹੋ ਜਾਂਦਾ ਹੈ। ਵਿਦੇਸ਼ ’ਚ ਪ੍ਰੋਫੈਸ਼ਨਲਜ਼ ਨੂੰ ਵਧੀਆ ਸੈੱਲਰੀ ਮਿਲਦੀ ਹੈ, ਜਦਕਿ ਫ੍ਰੀਲਾਂਸ ਕੰਸਲਟੈਂਟ ਜਾਂ ਐਡਵਾਈਜ਼ਰ ਦੇ ਰੂਪ ’ਚ ਕੰਮ ਕਰਨ ’ਤੇ ਯੋਗਤਾ ਤੇ ਤਜ਼ਰਬੇ ਅਨੁਸਾਰ ਤਨਖ਼ਾਹ ਮਿਲਦੀ ਹੈ।

ਹੁਨਰ:

ਫੂਡ ਤਕਨਾਲੋਜਿਸਟ ਕੋਲ ਸਾਇੰਟੀਫਿਕ ਐਨਾਲੀਸਿਸ ਦੀ ਸਮਰੱਥਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਟੀਮ ਦੇ ਇੱਕ ਜ਼ਰੂਰੀ ਅੰਗ ਵਾਂਗ ਕੰਮ ਕਰਨਾ ਹੰੁਦਾ ਹੈ। ਇਸ ਲਈ ਸੰਵਾਦ ਕਲਾ ਵਧੀਆ ਹੋਣੀ ਚਾਹੀਦੀ ਹੈ। ਫੂਡ ਐਂਡ ਨਿਊਟ੍ਰੀਸ਼ਨ ਦੇ ਖੇਤਰ ’ਚ ਵਿਗਿਆਨਕ ਤੇ ਤਕਨੀਕੀ ਤਬਦੀਲੀਆਂ ਦੀ ਜ਼ਿਆਦਾ ਜਾਣਕਾਰੀ ਰੱਖਣੀ ਵੀ ਜ਼ਰੂਰੀ ਹੈ।
ਵਿਜੈ ਗਰਗ,
ਸਾਬਕਾ ਪੀਈਐਸ-1, ਸੇਵਾ ਮੁਕਤ ਪ੍ਰਿੰਸੀਪਲ,
ਮਲੋਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ