ਘੁਟਾਲੇ ਦੀ ਬਾਰੀਕੀ ਨਾਲ ਜਾਂਚ ਲਈ ਜਲਦ ਹੀ ਬਣੇਗੀ ਸੀਨੀਅਰ ਅਧਿਕਾਰੀਆਂ ਦੀ ਟੀਮ
‘ਸੱਚ ਕਹੂੰ’ ਨੇ ਕੀਤਾ ਸੀ ਬਹੁ ਕਰੋੜੀ ਘੁਟਾਲੇ ਦਾ ਪਰਦਾਫਾਸ਼
ਸਮਾਣਾ (ਸੁਨੀਲ ਚਾਵਲਾ) । ਸਥਾਨਕ ਪਨਗ੍ਰੇਨ ਗੁਦਾਮ ਵਿੱਚ ਹੋਏ ਕਰੋੜਾਂ ਰੁਪਏ ਦੇ ਅਨਾਜ ਘਪਲੇ ਵਿਚ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਪੱਧਰ ‘ਤੇ ਹੋਈ ਮੁਢਲੀ ਜਾਂਚ ਦੌਰਾਨ ਪਨਗ੍ਰੇਨ ਦੇ ਇੰਸਪੈਕਟਰ ਜਸਪ੍ਰੀਤ ਸਿੰਘ ਗਿੱਲ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਜਦੋਂਕਿ ਇਸ ਬਹੁ ਕਰੋੜੀ ਘੁਟਾਲੇ ਦੀ ਬਰੀਕੀ ਨਾਲ ਜਾਂਚ ਲਈ ਸੀਨੀਅਰ ਅਧਿਕਾਰੀਆਂ ਤੇ ਆਧਾਰਿਤ ਇੱਕ ਟੀਮ ਦਾ ਛੇਤੀ ਹੀ ਗਠਨ ਕੀਤਾ ਜਾ ਰਿਹਾ ਹੈ। ਇਸ ਨੇ ਸਿਵਲ ਸਪਲਾਈ ਵਿਭਾਗ ਦੇ ਜ਼ਿਲ੍ਹਾ ਪੱਧਰ ‘ਤੇ ਹੋਰ ਕਲਾਸ ਵਨ ਨਿਗਰਾਨ ਜਿਨ੍ਹਾਂ ਇਸ ਘਪਲੇ ਨੂੰ ਦਬਾਅ ਕੇ ਰੱਖਣ ਵਿਚ ਆਪਣਾ ਯੋਗਦਾਨ ਪਾਇਆ ਵਿਚ ਦਹਿਸ਼ਤ ਫੈਲ ਗਈ ਹੈ। ਇਸ ਬਹੁ ਕਰੋੜੀ ਘੁਟਾਲੇ ਦਾ ਸਭ ਤੋਂ ਪਹਿਲਾਂ ‘ਸੱਚ ਕਹੂੰ’ ਨੇ ਹੀ ਪਰਦਾਫਾਸ਼ ਕੀਤਾ ਸੀ।
ਜਾਣਕਾਰੀ ਅਨੁਸਾਰ ਸਮਾਣਾ ਪਨਗ੍ਰੇਨ ਦੇ ਇੰਸਪੈਕਟਰ ਨੇ ਉਪਰਲੇ ਅਧਿਕਾਰੀਆਂ ਨਾਲ ਮਿਲੀਭਗਤ ਕਰਕੇ ਕਰੀਬ 27 ਹਜ਼ਾਰ ਕੁਇੰਟਲ ਕਣਕ ਗਾਇਬ ਕਰ ਦਿੱਤੀ। ਇਸ ਘਪਲੇ ਦੀ ਜਾਣਕਾਰੀ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਤੱਕ ਤਾਂ ਪੁੱਜੀ ਤੇ ਉਨ੍ਹਾਂ ਘਪਲੇ ਦੀ ਜਾਂਚ ਵੀ ਕੀਤੀ ਪਰ ਇਸ ਬਹੁ ਕਰੋੜੀ ਘੁਟਾਲੇ ਵਿਚ ਕਥਿਤ ਦੋਸ਼ੀਆਂ ਖ਼ਿਲਾਫ ਕੋਈ ਕਾਰਵਾਈ ਕਰਨ ਦੀ ਥਾਂ ਮਾਮਲੇ ‘ਤੇ ਪਰਦਾ ਪਾਈ ਰੱਖਿਆ।
ਲੰਘੀ 7 ਅਪਰੈਲ ਨੂੰ ‘ਸੱਚ ਕਹੂੰ’ ਨੇ ਇਸ ਘਪਲੇ ਦਾ ਪਰਦਾਫਾਸ਼ ਕਰਦਿਆਂ ਇਸ ਘੁਟਾਲੇ ਦੀ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਸੀ । ਜਿਸ ਦੇ ਆਧਾਰ ‘ਤੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਇਸ ਘਪਲੇ ਦੀ ਜਾਂਚ ਡਾਇਰੈਕਟਰ ਫੂਡ ਐਂਡ ਸਿਵਲ ਸਪਲਾਈ ਵਿਭਾਗ ਨੂੰ ਸੌਂਪ ਕੇ ਇੱਕ ਹਫ਼ਤੇ ਵਿਚ ਰਿਪੋਰਟ ਦੇਣ ਦੇ ਆਦੇਸ਼ ਜਾਰੀ ਕੀਤੇ ਸਨ। ਡਾਇਰੈਕਟਰ ਫੂਡ ਐਂਡ ਸਿਵਲ ਸਪਲਾਈ ਸ੍ਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਆਪਣੀ ਮੁੱਢਲੀ ਜਾਂਚ ਵਿਚ ਪਾਇਆ ਕਿ ਇਹ ਘੁਟਾਲਾ ਕਾਫ਼ੀ ਵੱਡੇ ਪੱੱਧਰ ‘ਤੇ ਹੋਇਆ ਹੈ ਜਿਸ ਵਿਚ ਪਨਗਰੇਨ ਦੇ ਇੰਸਪੈਕਟਰ ਤੋਂ ਬਿਨਾਂ ਇਸ ਘਪਲੇ ਵਿਚ ਹੋਰ ਵੀ ਕਈ ਅਧਿਕਾਰੀ ਸ਼ਾਮਲ ਹਨ।
ਇਸ ਬਾਰੇ ਡਿਪਟੀ ਡਾਇਰੈਕਟਰ ਅਮਰਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਘਪਲਾ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਰਿਪੋਰਟ ਨਾਲੋਂ ਵੀ ਕੀਤੇ ਵੱਡਾ ਹੋ ਸਕਦਾ ਹੈ ਜਿਸ ਵਿਚ ਗੁਦਾਮ ਦੇ ਇੰਸਪੈਕਟਰ ਤੋਂ ਬਿਨਾਂ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਤੇ ਹੋਰ ਏ ਵਨ ਨਿਗਰਾਨ ਅਧਿਕਾਰੀ ਵੀ ਸ਼ਾਮਲ ਹਨ ਜਿਨ੍ਹਾਂ ਇਸ ਬਾਰੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਇਸ ਬਹੁ ਕਰੌੜੀ ਘਪਲੇ ਨੂੰ ਛੁਪਾ ਕੇ ਰੱਖਣ ਦੇ ਯਤਨ ਕੀਤੇ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿਚ ਇੰਸਪੈਕਟਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਤੇ ਉਸਨੂੰ ਫਿਰੋਜਪੁਰ ਜ਼ਿਲ੍ਹਾ ਦਫ਼ਤਰ ਵਿਖੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਇਸ ਮੁੱਢਲੀ ਜਾਂਚ ਰਿਪੋਰਟ ਨੂੰ ਵਿਭਾਗ ਦੇ ਪ੍ਰਿੰਸੀਪਲ ਸੱਕਤਰ ਨੂੰ ਭੇਜਿਆ ਜਾ ਰਿਹਾ ਹੈ ਤੇ ਘਪਲੇ ਦੀ ਬਾਰੀਕੀ ਨਾਲ ਜਾਂਚ ਲਈ ਸੀਨੀਅਰ ਅਧਿਕਾਰੀ ਦੀ ਅਗੂਵਾਈ ਹੇਠ ਜਾਂਚ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ ਜੋ ਇਸ ਘਪਲੇ ਦੀ ਪੂਰੀ ਰਿਪੋਰਟ ਤਿਆਰ ਕਰਕੇ ਅਤੇ ਘਪਲੇ ਵਿਚ ਸ਼ਾਮਲ ਹੋਰ ਅਧਿਕਾਰੀਆਂ ਤੇ ਦੂਜੇ ਲੋਕਾਂ ਬਾਰੇ ਪੂਰੀ ਰਿਪੋਰਟ ਦੇਵੇਗਾ ਤੇ ਜਿਨ੍ਹਾਂ ਤੋਂ ਹੋਏ ਨੁਕਸਾਨ ਦੀ ਰਿਕਵਰੀ ਦੇ ਨਾਲ-ਨਾਲ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।