ਫਰੀਦਕੋਟ ਖੁਦਕੁਸ਼ੀ ਕਾਂਡ : ਤਿੰਨ ਅਕਾਲੀ ਆਗੂਆਂ ਸਮੇਤ ਪੰਜ ਜਣੇ ਨਾਮਜ਼ਦ

ਅਦਾਲਤ ਵੱਲੋਂ ਗ੍ਰਿਫ਼ਤਾਰੀ ਵਰੰਟ ਜਾਰੀ

ਫ਼ਰੀਦਕੋਟ (ਲਛਮਣ ਗੁਪਤਾ/ਭੁਪਿੰਦਰ) । ਸਤੰਬਰ 2016 ਵਿੱਚ ਸੁਸਾਇਟੀ ਨਗਰ ਫਰੀਦਕੋਟ ਦੇ ਇੱਕ ਪਰਿਵਾਰ ਵੱਲੋਂ ਤਿੰਨ ਅਕਾਲੀ ਆਗੂਆਂ ਸਮੇਤ ਇੱਕ ਦਰਜਨ ਵਿਅਕਤੀਆਂ ਤੋਂ ਕਥਿਤ ਤੌਰ ‘ਤੇ ਤੰਗ ਆ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਅੱਜ ਅਦਾਲਤ ਨੇ ਫਰੀਦਕੋਟ ਸ਼ਹਿਰ ਦੇ ਤਿੰਨ ਅਕਾਲੀ ਆਗੂਆਂ ਸਮੇਤ 5 ਵਿਅਕਤੀਆਂ ਨੂੰ  ਇਸ ਮਾਮਲੇ ਵਿੱਚ ਨਾਜ਼ਮਦ ਕਰਦਿਆਂ ਉਹਨਾਂ ਨੂੰ ਅਦਾਲਤ ਸਾਹਮਣੇ ਹਾਜ਼ਰ ਹੋ ਕੇ ਖੁਦਕੁਸ਼ੀ ਕੇਸ ਦਾ ਸਾਹਮਣਾ ਕਰਨ ਲਈ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ।

ਦੱਸਣਯੋਗ ਹੈ ਕਿ 20 ਸਤੰਬਰ 2016 ਨੂੰ ਸੁਸਾਇਟੀ ਨਗਰ ਦੇ ਵਸਨੀਕ ਜਗਤਾਰ ਸਿੰਘ, ਉਸ ਦੀ ਪਤਨੀ ਸਲਵਿੰਦਰ ਕੌਰ, ਲੜਕੀ ਹਰਭਜਨ ਕੌਰ ਅਤੇ ਪ੍ਰਵੀਨ ਕੌਰ ਨੇ ਰਾਜਸਥਾਨ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਮਰਨ ਤੋਂ ਪਹਿਲਾਂ ਇੱਕ ਖੁਦਕੁਸ਼ੀ ਨੋਟ ਲਿਖਿਆ ਸੀ ਜਿਸ ਵਿੱਚ ਯੋਜਨਾ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਭੋਲੂਵਾਲਾ, ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ, ਅਕਾਲੀ ਆਗੂ ਬਲਵੀਰ ਸਿੰਘ ਟਿੰਟਾ, ਮੁਲਾਜ਼ਮ ਜਤਿੰਦਰ ਕੁਮਾਰ, ਸੱਤਪਾਲ ਸਿੰਘ, ਲਾਲ ਸਿੰਘ, ਬਲਜੀਤ ਸਿੰਘ, ਬੱਬੂ ਸਿੰਘ, ਗੁਰਦੇਵ ਕੌਰ ਅਤੇ ਜਸਪਾਲ ਕੌਰ ਨੂੰ ਇਸ ਖੁਦਕੁਸ਼ੀ ਲਈ ਜ਼ਿੰਮੇਵਾਰ ਦੱਸਿਆ ਸੀ।

ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ ਵਿੱਚ 23 ਸਤੰਬਰ 2016 ਨੂੰ ਲਾਲ ਸਿੰਘ, ਬਲਜੀਤ ਸਿੰਘ, ਬੱਬੂ ਸਿੰਘ, ਗੁਰਦੇਵ ਕੌਰ ਅਤੇ ਜਸਪਾਲ ਕੌਰ ਖਿਲਾਫ਼ ਆਈਪੀਸੀ ਦੀ ਧਾਰਾ 306/34 ਤਹਿਤ ਮੁਕੱਦਮਾ ਦਰਜ ਕਰ ਲਿਆ ਸੀ ਪਰੰਤੂ ਅਕਾਲੀ ਆਗੂਆਂ ਸਮੇਤ ਉਕਤ ਪੰਜ ਵਿਅਕਤੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਸਰਕਾਰੀ ਵਕੀਲ ਨੇ ਇਸ ਕੇਸ ਵਿੱਚ ਅਦਾਲਤ ਨੂੰ ਅਰਜੀ ਦੇ ਕੇ ਮੰਗ ਕੀਤੀ ਸੀ ਕਿ ਜਿਹੜੇ ਵਿਅਕਤੀਆਂ ਨੂੰ ਪੁਲਿਸ ਨੇ ਕਲੀਨ ਚਿੱਟ ਦਿੱਤੀ ਹੈ । ਉਹਨਾਂ ਨੂੰ ਬਤੌਰ ਦੋਸ਼ੀ ਅਦਾਲਤ ਵਿੱਚ ਤਲਬ ਕੀਤਾ ਜਾਵੇ। ਅਦਾਲਤ ਨੇ ਸਰਕਾਰ ਦੀ ਅਰਜੀ ਨੂੰ ਸਵੀਕਾਰ ਕਰਦਿਆਂ ਅਕਾਲੀ ਆਗੂਆਂ ਸਮੇਤ ਪੰਜ ਵਿਅਕਤੀਆਂ ਨੂੰ ਆਈਪੀਸੀ ਦੀ ਧਾਰਾ 306/34 ਤਹਿਤ ਦਰਜ ਹੋਏ ਮੁਕੱਦਮੇ ਦਾ ਸਾਹਮਣਾ ਕਰਨ ਦੀ ਹਦਾਇਤ ਕੀਤੀ ਹੈ। ਅਦਾਲਤ ਇਸ ਮਾਮਲੇ ਦੀ ਸੁਣਵਾਈ 29 ਅਪਰੈਲ ਨੂੰ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।