‘ਮੂਸੇਵਾਲਾ ਦੇ ਕਤਲ ਦੇ ਦੋਸ਼ੀਆਂ ਨੂੰ ਫੜਨ ਤੱਕ ਸਰਕਾਰ ਚੈਨ ਨਾਲ ਨਹੀਂ ਬੈਠੇਗੀ’

taliwoal

‘ਮੂਸੇਵਾਲਾ ਦੇ ਕਤਲ ਦੇ ਦੋਸ਼ੀਆਂ ਨੂੰ ਫੜਨ ਤੱਕ ਸਰਕਾਰ ਚੈਨ ਨਾਲ ਨਹੀਂ ਬੈਠੇਗੀ’

  • ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਰਿਵਾਰ ਨੂੰ ਦਿਵਾਇਆ ਭਰੋਸਾ
  • ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਮਿਲੇ ਪਰਿਵਾਰ ਨੂੰ

(ਸੁਖਜੀਤ ਮਾਨ) ਮਾਨਸਾ। ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਹੋਏ ਕਤਲ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਪੁੱਜੇ। ਇਨ੍ਹਾਂ ਮੰਤਰੀਆਂ ਨੇ ਪਰਿਵਾਰ ਨੂੰ ਪੂਰਾ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਉਨ੍ਹਾਂ ਸਰਕਾਰ ਵਿਰੋਧੀਆਂ ਨੂੰ ਇਸ ਮਸਲੇ ’ਤੇ ਸਿਆਸਤ ਨਾ ਕਰਨ ਲਈ ਕਿਹਾ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀਆਂ ਨੂੰ ਫੜਕੇ ਸਲਾਖਾਂ ਪਿੱਛੇ ਨਹੀਂ ਡੱਕਿਆ ਜਾਂਦਾ, ਓਨੀ ਦੇਰ ਸਰਕਾਰ ਚੈਨ ਨਾਲ ਨਹੀਂ ਬੈਠੇਗੀ। ਉਨ੍ਹਾਂ ਕਿਹਾ ਕਿ ਪੂਰਾ ਪੁਲਿਸ ਪ੍ਰਸ਼ਾਸਨ ਮੁਸਤੈਦੀ ਨਾਲ ਇਸ ਮਾਮਲੇ ’ਚ ਕੰਮ ਕਰ ਰਿਹਾ ਹੈ, ਛੇਤੀ ਹੀ ਦੋਸ਼ੀ ਫੜੇ ਜਾਣਗੇ ਪਰ ਵਿਰੋਧੀ ਇਸ ਮਸਲੇ ’ਤੇ ਹੋਛੀ ਅਤੇ ਘਟੀਆ ਰਾਜਨੀਤੀ ਨਾ ਕਰਨ ਚੀਮਾ ਨੇ ਕਿਹਾ ਕਿ ਹੁਣ ਤੱਕ ਜਿੰਨੇ ਵੀ ਪੰਜਾਬ ’ਚ ਗੈਂਗਸਟਰ ਪੈਦਾ ਹੋਏ ਹਨ। ਉਹ ਰਵਾਇਤੀ ਸਿਆਸੀ ਪਾਰਟੀਆਂ ਨੇ ਹੀ ਪੈਦਾ ਕੀਤੇ ਹਨ, ਜਿਨ੍ਹਾਂ ਨੇ ਹੁਣ ਤੱਕ ਰਾਜ ਕੀਤਾ ਹੈ ਐਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜਾਂਚ ਟੀਮ ਵੱਲੋਂ ਕੰਮ ਕੀਤਾ ਜਾ ਰਿਹਾ ਹੈ, ਉਸਦੀ ਕਾਰਵਾਈ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ।

ਵਿੱਤ ਮੰਤਰੀ ਨੇ ਕਿਹਾ ਕਿ ਇਸ ਘਟਨਾ ਨਾਲ ਸਬੰਧਿਤ ਜਿੰਨੇ ਵੀ ਵਿਅਕਤੀ ਨੇ ਉਨ੍ਹਾਂ ਸਾਰਿਆਂ ਨੂੰ ਪੁਲਿਸ ਵੱਲੋਂ ਗਿ੍ਰਫ਼ਤਾਰ ਕੀਤਾ ਜਾਵੇਗਾ ਪਰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ ਵਿਰੋਧੀ ਧਿਰਾਂ ਵੱਲੋਂ ਪੰਜਾਬ ’ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਚੀਮਾ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਵਿਰੋਧ ਕਰਨਾ ਹੈ ਪਰ ਪੰਜਾਬ ਸਰਕਾਰ ਵਧੀਆ ਢੰਗ ਨਾਲ ਚੱਲ ਰਹੀ ਹੈ ਅਤੇ ਲੋਕਾਂ ਦੇ ਕੰਮ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਜੋ ਪੰਜਾਬ ਦਾ ਨੌਜਵਾਨ ਪੁੱਤ ਚਲਾ ਗਿਆ ਉਹ ਘਾਟਾ ਪੂਰਾ ਨਹੀਂ ਹੋ ਸਕਦਾ ਪਰ ਇਸ ਮਸਲੇ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵਾਲੇ ਸਿੱਧੂ ਮੂਸੇਵਾਲਾ ਬਾਰੇ ਜੋ ਇਸ ਤੋਂ ਪਹਿਲਾਂ ਬੋਲਦੇ ਸੀ ਉਹ ਸਾਰੇ ਪੰਜਾਬੀ ਜਾਣਦੇ ਹਨ ਪਰ ਹੁਣ ਉਹ ਸਿਆਸਤ ਕਰ ਰਹੇ ਹਨ।

ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ਹੈ ਅਤੇ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਸਰਕਾਰ ਓਨਾ ਸਮਾਂ ਤੱਕ ਸਾਹ ਨਹੀਂ ਲਵੇਗੀ, ਜਿੰਨਾ ਸਮਾਂ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਲੱਭ ਨਹੀਂ ਲੈਂਦੀ ਉਨ੍ਹਾਂ ਕਿਹਾ ਕਿ ਜਾਂਚ ਟੀਮਾਂ ਲੱਗੀਆਂ ਹੋਈਆਂ ਹਨ, ਦੋ-ਤਿੰਨ ਦਿਨ ’ਚ ਸਭ ਕੁਝ ਸਾਹਮਣੇ ਆ ਜਾਵੇਗਾ ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਬਚਾਉਣ ਲਈ ਸੋਚੀਏ ਨਾ ਕਿ ਲਾਸ਼ਾਂ ’ਤੇ ਪੈਰ ਰੱਖਕੇ ਸਿਆਸਤ ਕਰੀਏ ਇਸ ਮੌਕੇ ਉਨ੍ਹਾਂ ਨਾਲ ਹਲਕਾ ਬੁਢਲਾਡਾ ਤੋਂ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਵੀ ਮੌਜ਼ੂਦ ਸਨ।

ਮੂਸੇਵਾਲਾ ਦੇ ਪਰਿਵਾਰ ਨੇ ਪੰਜਾਬ ਬਚਾਉਣ ਦੀ ਕੀਤੀ ਮੰਗ

ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਜ ਉਨ੍ਹਾਂ ਨੂੰ ਆਖਿਆ ਕਿ ਉਨ੍ਹਾਂ ਦਾ ਪੁੱਤ ਤਾਂ ਚਲਾ ਗਿਆ ਪਰ ਕਿਸੇ ਹੋਰ ਦਾ ਪੁੱਤ ਨਾ ਚਲਾ ਜਾਵੇ। ਉਨ੍ਹਾਂ ਨੇ ਪੰਜਾਬ ਬਚਾਉਣ ਦੀ ਮੰਗ ਕੀਤੀ ਹੈ ਧਾਲੀਵਾਲ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਪੰਜਾਬ ਦੇ ਸਾਰੇ ਪੁੱਤਾਂ ਨੂੰ ਬਚਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ