ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਦਾਖਲਾ ਮੁਹਿੰਮ ਦੇ ਨਵੇਂ ਕੀਰਤੀਮਾਨ ਸਥਾਪਿਤ

Government, School, Festivals, Admission, Campaign

ਬਿੰਦਰ ਸਿੰਘ ਖੁੱਡੀ ਕਲਾਂ

ਸੂਬੇ ਦੇ ਸਰਕਾਰੀ ਸਕੂਲਾਂ ਦੇ ਦਿਨ ਬਦਲਦੇ ਨਜ਼ਰ ਆ ਰਹੇ ਹਨ।ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਉਸਾਰੂ ਗਤੀਵਿਧੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਲੱਗੀਆਂ ਹਨ। ਸਰਕਾਰੀ ਸਕੂਲਾਂ ‘ਚ ਪੜ੍ਹਾਈ ਘੱਟ ਹੋਣ ਦਾ ਵਿਚਾਰ ਹੁਣ ਬੀਤੇ ਦੀ ਗੱਲ ਬਣ ਰਿਹਾ ਹੈ। ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ਦੇ ਮਨਾਂ ‘ਚ ਵਿਸ਼ਵਾਸ ਪੈਦਾ ਹੋ ਰਿਹਾ ਹੈ। ਨਿੱਜੀ ਸਕੂਲਾਂ ਨੂੰ ਅਲਵਿਦਾ ਕਹਿ ਕੇ ਸਰਕਾਰੀ ਸਕੂਲਾਂ ‘ਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦਾ ਦਿਨ-ਪ੍ਰਤੀਦਿਨ ਵਧ ਰਿਹਾ ਅੰਕੜਾ ਇਸ ਦਾ ਪ੍ਰਤੱਖ ਪ੍ਰਮਾਣ ਹੈ। ਬਹੁਗਿਣਤੀ ਸਰਕਾਰੀ ਸਕੂਲ ਮੌਜ਼ੂਦਾ ਵਿੱਦਿਅਕ ਸੈਸ਼ਨ ਦੌਰਾਨ ਵਿਭਾਗੀ ਟੀਚੇ ਅਨੁਸਾਰ ਵਿਦਿਆਰਥੀਆਂ ਦੀ ਘੱਟ ਗਿਣਤੀ ਵਾਲਾ ਡਰ ਦੂਰ ਕਰ ਦੇਣਗੇ।

ਪਿਛਲੇ ਸਮਿਆਂ ਦੌਰਾਨ ਕਈ ਕਾਰਨਾਂ ਕਰਕੇ ਸਰਕਾਰੀ ਸਕੂਲਾਂ ਦੀ ਖੁੱਸੀ ਸਾਖ ਬਹਾਲ ਹੋਣ ਲੱਗੀ ਹੈ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਮਨਾਂ ‘ਚ ਆਤਮ-ਵਿਸ਼ਵਾਸ ਦਿਨ-ਪ੍ਰਤੀਦਿਨ ਵਧ ਰਿਹਾ ਹੈ। ਨਾ ਸਿਰਫ ਆਤਮ-ਵਿਸ਼ਵਾਸ ਵਿੱਚ ਇਜ਼ਾਫਾ ਹੋ ਰਿਹਾ ਹੈ ਸਗੋਂ ਅਧਿਆਪਕਾਂ ਦੇ ਮਨਾਂ ‘ਚ ਆਪਣੇ ਸਕੂਲਾਂ ਪ੍ਰਤੀ ਲੋਹੜੇ ਦੀ ਅਪਣੱਤ ਵੀ ਪੈਦਾ ਹੋਣ ਲੱਗੀ ਹੈ।

ਬੀਤੇ ਜਨਵਰੀ, ਫਰਵਰੀ ਅਤੇ ਮਾਰਚ ਮਹੀਨਿਆਂ ਦੌਰਾਨ ਵਿਦਿਆਰਥੀਆਂ ਨੂੰ ਵਾਧੂ ਸਮਾਂ ਲਾ ਕੇ ਪੜ੍ਹਾਉਣ ਦੀ ਚਲਾਈ ਮੁਹਿੰਮ ਵਾਂਗ ਹੀ ਅਧਿਆਪਕਾਂ ਵੱਲੋਂ ਵਿਭਾਗ ਦੀ ਦਾਖਲਾ ਮੁਹਿੰਮ ਨੂੰ ਵੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਅਧਿਆਪਕ ਸਕੂਲ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਉਣ ਉਪਰੰਤ ਲੋਹੜੇ ਦੀ ਗਰਮੀ ਦੀ ਪਰਵਾਹ ਨਾ ਕਰਦਿਆਂ ਬੱਚਿਆਂ ਦੇ ਘਰਾਂ ਵੱਲ ਚਾਲੇ ਪਾ ਰਹੇ ਹਨ। ਅਧਿਆਪਕ ਕਈ-ਕਈ ਗਰੁੱਪ ਬਣਾ ਕੇ ਹਰ ਪਰਿਵਾਰ ਤੱਕ ਪੁੱਜ ਕੇ ਬੱਚਿਆਂ ਦੇ ਸਰਕਾਰੀ ਸਕੂਲ ‘ਚ ਦਾਖਲੇ ਦੀ ਗੱਲ ਕਰ ਰਹੇ ਹਨ। ਅਧਿਆਪਕਾਂ ਦੀ ਘਾਟ ਸਮੇਤ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਦੇ ਹੱਲ ਹੋ ਜਾਣ ‘ਤੇ ਵਿਭਾਗ ਦੇ ਉੱਚ ਅਧਿਕਾਰੀ ਵੀ ਸਮਾਜਿਕ ਸੰਸਥਾਵਾਂ ਅਤੇ ਪਰਿਵਾਰਾਂ ਨਾਲ ਬੇਖੌਫ ਹੋ ਕੇ ਸੰਪਰਕ ਕਰਨ ਲੱਗੇ ਹਨ। ਇਸ ਮੁਹਿੰਮ ਵਿੱਚ ਅਧਿਕਾਰੀਆਂ ਦੀ ਸ਼ਮੂਲੀਅਤ ਅਧਿਆਪਕਾਂ ਦਾ ਹੌਂਸਲਾ ਵਧਾ ਰਹੀ ਹੈ। ਸੂਬਾ ਪੱਧਰ ਦੇ ਅਧਿਕਾਰੀਆਂ ਤੋਂ ਲੈ ਕੇ ਜਿਲ੍ਹਾ ਅਤੇ ਬਲਾਕ ਪੱਧਰ ਦੇ ਅਧਿਕਾਰੀ ਵੀ ਅਧਿਆਪਕਾਂ ਦੇ ਨਾਲ ਘਰਾਂ ‘ਚ ਪੁੱਜ ਕੇ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਗਿਣਵਾ ਰਹੇ ਹਨ। ਦਾਖਲਾ ਇਜ਼ਾਫੇ ਹਿੱਤ ਸਕੂਲਾਂ ਵੱਲੋਂ ਆਪਣੇ ਪੱਧਰ ‘ਤੇ ਮਾਈਕ੍ਰੋ ਪਲਾਨਿੰਗ ਕੀਤੀ ਜਾ ਰਹੀ ਹੈ। ਵਾਧੂ ਸਮਾਂ ਲਾ ਕੇ ਪੜ੍ਹਾਉਣ ਵਾਂਗ ਹੀ ਅਧਿਆਪਕਾਂ ਵੱਲੋਂ ਵਾਧੂ ਸਮਾਂ ਲਾ ਕੇ ਘਰਾਂ ‘ਚ ਜਾ ਕੇ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਅਧਿਆਪਕਾਂ ਵੱਲੋਂ ਵਿੱਦਿਆ ਦੇ ਮਹੱਤਵ ਤੋਂ ਪੂਰੀ ਤਰ੍ਹਾਂ ਅਣਜਾਣ ਝੁੱਗੀਆਂ-ਝੌਂਪੜੀਆਂ ਅਤੇ ਬਸਤੀਆਂ ਵਿਚਲੇ ਪਰਿਵਾਰਾਂ ਨੂੰ ਵੀ ਆਪਣੇ ਬੱਚਿਆਂ ਦੇ ਸਕੂਲ ਦਾਖਲੇ ਲਈ ਰਜ਼ਾਮੰਦ ਕੀਤਾ  ਜਾ ਰਿਹਾ ਹੈ। ਇਹ ਅਧਿਆਪਕਾਂ ਦੀ ਪ੍ਰੇਰਨਾ ਦਾ ਹੀ ਨਤੀਜਾ ਹੈ ਕਿ ਸਰਕਾਰੀ ਸਕੂਲਾਂ ‘ਚ ਹਰ ਵਰ੍ਹੇ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਦੇ ਰੁਝਾਨ ਨੂੰ ਇਸ ਵਾਰ ਨਾ ਸਿਰਫ ਠੱਲ੍ਹ ਪਈ ਹੈ ਸਗੋਂ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਦੇ ਇਜ਼ਾਫੇ ਦੇ ਸੰਕੇਤ ਮਿਲ ਰਹੇ ਹਨ। ਵਿਭਾਗ ਵੱਲੋਂ ਸਰਕਾਰੀ ਸਕੂਲਾਂ ‘ਚ ਅੰਗਰੇਜੀ ਮਾਧਿਅਮ ਦੀ ਕੀਤੀ ਸ਼ੁਰੂਆਤ ਦੇ ਸਾਰਥਿਕ ਸਿੱਟੇ ਨਿੱਕਲ ਰਹੇ ਹਨ। ਅੰਗਰੇਜੀ ਮਾਧਿਅਮ ‘ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀ ਨਿੱਜੀ ਸਕੂਲ਼ਾਂ ‘ਚੋਂ ਹਟ ਕੇ ਸਰਕਾਰੀ ਸਕੂਲਾਂ ‘ਚ ਆਉਣ ਲੱਗੇ ਹਨ।

ਵਿਦਿਆਰਥੀਆਂ ਦੇ ਦਾਖਲਾ ਇਜ਼ਾਫੇ ਹਿੱਤ ਸਰਕਾਰੀ ਸਕੂਲਾਂ ਵੱਲੋਂ ਨਿੱਜੀ ਸਕੂਲਾਂ ਨੂੰ ਨਾ ਸਿਰਫ ਟੱਕਰ ਦਿੱਤੀ ਜਾ ਰਹੀ ਹੈ ਸਗੋਂ ਦੋ ਕਦਮ ਅੱਗੇ ਹੋ ਕੇ ਤੁਰਿਆ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੇ ਅਧਿਆਪਕ ਬਦਲਦੇ ਸਮੇਂ ਅਨੁਸਾਰ ਮਾਪਿਆਂ ਅਤੇ ਵਿਦਿਆਰਥੀਆਂ ਦੀ ਨਬਜ਼ ਟੋਹਣ ਲੱਗੇ ਹਨ। ਸਰਕਾਰੀ ਸਕੂਲਾਂ ‘ਚ ਨਿਯੁਕਤ ਉੱਚ ਸਿੱਖਿਅਤ ਅਧਿਆਪਕ ਮਿਆਰੀ ਅਤੇ ਸਮੇਂ ਦੇ ਹਾਣ ਦੀ ਸਿੱਖਿਆ ਦਾ ਵਾਅਦਾ ਅਤੇ ਦਾਅਵਾ ਬੇਖੌਫ ਹੋ ਕੇ ਕਰ ਰਹੇ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਇੱਕੋ-ਜਿਹੇ ਸਵਾਲ ਪੁੱਛ ਕੇ ਨਿੱਜੀ ਸਕੂਲਾਂ ‘ਚ ਵਧੇਰੇ ਪੜ੍ਹਾਈ ਦੇ ਭੁਲੇਖੇ ਨੂੰ ਦੂਰ ਕੀਤਾ ਜਾ ਰਿਹਾ ਹੈ।

ਪਰ ਹੁਣ ਜਦੋਂ ਸਿਰਫ ਪੜ੍ਹਾਈ ਕਿਸੇ ਸਕੂਲ ਦੇ ਪੱਧਰ ਦਾ ਪੈਮਾਨਾ ਨਹੀਂ ਰਹੀ ਤਾਂ ਸਰਕਾਰੀ ਸਕੂਲਾਂ ਨੇ ਵੀ ਆਪਣੇ-ਆਪ ਨੂੰ ਹੋਰ ਸਹੂਲਤਾਂ ਉਪਲੱਬਧ ਕਰਵਾਉਣ ਦੇ ਮਾਮਲੇ ‘ਚ ਪੂਰੀ ਤਰ੍ਹਾਂ ਅੱਪਡੇਟ ਕਰ ਲਿਆ ਹੈ। ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੇ ਸੁੰਦਰੀਕਰਨ ਤੋਂ ਲੈ ਕੇ ਵਿਦਿਆਰਥੀਆਂ ਲਈ ਆਕਰਸ਼ਿਕ ਜਮਾਤ ਕਮਰੇ, ਸੁੰਦਰ ਪਾਰਕ ਅਤੇ ਝੂਲਿਆਂ ਦੀ ਮੌਜ਼ੂਦਗੀ ਇਸੇ ਕੜੀ ਦਾ ਨਤੀਜਾ ਹੈ।

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਵੀ ਨਿੱਜੀ ਸਕੂਲਾਂ ਦਾ ਭੁਲੇਖਾ ਪਾਉਣ ਲੱਗੀਆਂ ਹਨ। ਅਨੇਕਾਂ ਸਕੂਲਾਂ ਵੱਲੋਂ ਬਿਨਾ ਕਿਸੇ ਵਸੂਲੀ ਦੇ ਵਿਦਿਆਰਥੀਆਂ ਨੂੰ ਟਾਈਆਂ ਅਤੇ ਬੈਲਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਵਰਦੀਆਂ ਦੇ ਮਾਮਲੇ ‘ਚ ਹੁਣ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ‘ਚ ਅੰਤਰ ਕਰਨਾ ਸੌਖਾ ਨਹੀਂ। ਸਰਕਾਰੀ ਸਕੂਲਾਂ ਵੱਲੋਂ ਨਿੱਜੀ ਸਕੂਲਾਂ ਤੋਂ ਦੋ ਕਦਮ ਅੱਗੇ ਚਲਦਿਆਂ ਵਿਦਿਆਰਥੀਆਂ ਲਈ ਮੁਫਤ ਜਾਂ ਫਿਰ ਬਹੁਤ ਹੀ ਨਾ ਮਾਤਰ ਵਸੂਲੀ ‘ਤੇ ਆਉਣ-ਜਾਣ ਦੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਸਮੱਰਪਣ ਭਾਵਨਾ ਨੂੰ ਵੇਖਦਿਆਂ ਲੱਗਦਾ ਹੈ ਕਿ ਸਰਕਾਰੀ ਸਕੂਲ ਜਲਦੀ ਹੀ ਸਮੂਹ ਮਾਪਿਆਂ ਦਾ ਭਰੋਸਾ ਜਿੱਤ ਲੈਣਗੇ ਤੇ ਮੁੜ ਬਹਾਲ ਹੋ ਜਾਵੇਗਾ ਸਾਰੇ ਪਰਿਵਾਰਾਂ ਦੇ ਬੱਚੇ ਇੱਕੋ ਸਕੂਲ ਵਿੱਚ ਪੜ੍ਹਨ ਵਾਲਾ ਸਿਲਸਿਲਾ। ਸਮੂਹ ਪਰਿਵਾਰਾਂ ਦੇ ਬੱਚੇ ਇੱਕੋ ਸਕੂਲ ‘ਚ ਪੜਨ ਦੇ ਅਰਥ ਬੜੇ ਵਿਸ਼ਾਲ ਹਨ। ਅਜਿਹਾ ਹੋਣ ਨਾਲ ਸਮਾਨਤਾ ਅਤੇ ਭਾਈਚਾਰੇ ਵਿੱਚ ਯਕੀਨੀ ਤੌਰ ‘ਤੇ ਇਜ਼ਾਫਾ ਹੋਵੇਗਾ। ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀਆਂ ਰੌਣਕਾਂ ਵਾਪਸ ਲਿਆਉਣ ਦੀ ਮੁਹਿੰਮ ‘ਚ ਜੁਟੇ ਸਮੂਹ ਅਧਿਆਪਕਾਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ।

ਸ਼ਕਤੀ ਨਗਰ, ਬਰੜਨਾਲਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।