ਪੰਜਾਬ ’ਚ 1000 ਨਵੇਂ ਆਂਗਣਵਾੜੀ ਕੇਂਦਰ ਖੋਲ੍ਹੇ ਜਾਣਗੇ: ਡਾ. ਬਲਜੀਤ ਕੌਰ | Government Employment
- ਕਿਹਾ, ਆਂਗਣਵਾੜੀ ਵਰਕਰਾਂ ਦੀਆਂ 6000 ਅਸਾਮੀਆਂ ਜਲਦ ਭਰੀਆਂ ਜਾਣਗੀਆਂ
ਦੋਰਾਹਾ/ਲੁਧਿਆਣਾ (ਰਘਬੀਰ ਸਿੰਘ)। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 1000 ਨਵੇਂ ਆਂਗਣਵਾੜੀ ਕੇਂਦਰ ਖੋਲ੍ਹਣ ਦੇ ਨਾਲ-ਨਾਲ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 6000 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਦੀ ਪ੍ਰਕਿਰਿਆ ਵੀ ਜਲਦ ਮੁਕੰਮਲ ਕਰ ਲਈ ਜਾਵੇਗੀ। ਇਹ ਜਾਣਕਾਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ। (Government Employment)
ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਨਵੇਂ ਆਂਗਣਵਾੜੀ ਸੈਂਟਰ ਖੋਲ੍ਹਣ ਦੇ ਨਾਲ-ਨਾਲ ਮੌਜੂਦਾ ਇਮਾਰਤਾਂ ਦੀ ਮੁਰੰਮਤ ਦਾ ਕੰਮ ਵੀ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਰਕਰਾਂ ਨੂੰ ਸਮਾਰਟ ਫੋਨ ਵੀ ਸੌਂਪੇਗੀ। ਉਨ੍ਹਾਂ ਅੱਗੇ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ 8.2 ਕਰੋੜ ਰੁਪਏ ਦਾ ਮਾਣ ਭੱਤਾ ਵੀ ਕੁਝ ਦਿਨਾਂ ਵਿੱਚ ਜਾਰੀ ਕਰ ਦਿੱਤਾ ਜਾਵੇਗਾ। ਡਾ. ਬਲਜੀਤ ਕੌਰ ਜ਼ਿਲ੍ਹਾ ਹੈੱਡਕੁਆਰਟਰ ਤੋਂ 21 ਕਿਲੋਮੀਟਰ ਦੂਰ ਦੋਰਾਹਾ ਵਿਖੇ ਇੱਕ ਬਿਰਧ ਆਸ਼ਰਮ ਦਾ ਦੌਰਾ ਕਰਨ ਉਪਰੰਤ ਸਮਾਗਮ ਵਿੱਚ ਗੱਲਬਾਤ ਕਰ ਰਹੇ ਸਨ।
ਇਹ ਵੀ ਪੜ੍ਹੋ : ਗੰਗਾ ਰਾਮ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਕੈਬਨਿਟ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਰਾਜ ਵਿੱਚ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਔਰਤਾਂ ਖਾਸ ਕਰਕੇ ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਔਰਤਾਂ ਦੀ ਭਲਾਈ ਅਤੇ ਆਂਗਣਵਾੜੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਮੌਕੇ ਐੱਸਪੀ ਖੰਨਾ ਡਾ. ਪ੍ਰਗਿਆ ਜੈਨ, ਐੱਸਡੀਐੱਮ ਜਸਲੀਨ ਕੌਰ ਭੁੱਲਰ, ਡੀਐੱਸਪੀ ਸਮਰਾਲਾ ਹਰਸਿਮਰਤ ਸਿੰਘ ਅਤੇ ਹੋਰ ਹਾਜ਼ਰ ਸਨ।