ਆਲਮੀ ਤਪਸ਼ : ਜੰਗਲੀ ਰਕਬਾ ਵਧਾਉਣਾ ਅਤਿ ਜ਼ਰੂਰੀ

Jungle

ਆਲਮੀ ਤਪਸ਼ : ਜੰਗਲੀ ਰਕਬਾ ਵਧਾਉਣਾ ਅਤਿ ਜ਼ਰੂਰੀ

ਰੁੱਖ ਜੀਵਨ ਦਾ ਆਧਾਰ ਹਨ। ਇਹ ਧਰਤੀ ਦਾ ਸਰਮਾਇਆ ਹਨ। ਇਹ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਬਗੈਰ ਧਰਤੀ ਉੱਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਰੁੱਖਾਂ ਕਾਰਨ ਹੀ ਮਨੁੱਖ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਸਰੋਤ ਪ੍ਰਾਪਤ ਹੁੰਦੇ ਹਨ। ਇਹ ਸਾਨੂੰ ਛਾਂ, ਹਵਾ, ਫਲ, ਫੁੱਲ, ਲੱਕੜ, ਕਾਗਜ਼, ਰਬੜ, ਜੜੀਆਂ-ਬੂਟੀਆਂ ਆਦਿ ਦਿੰਦੇ ਹਨ। ਇਹ ਸ਼ੁੱਧ ਵਾਤਾਵਰਨ ਲਈ ਅਤਿਅੰਤ ਮਹੱਤਵਪੂਰਨ ਹਨ।

ਪਿੱਪਲ, ਬੋਹੜ, ਕਿੱਕਰ, ਅੰਬ, ਟਾਹਲੀ, ਸਫ਼ੈਦਾ, ਪਾਪੂਲਰ ਤੇ ਹੋਰ ਕਈ ਪ੍ਰਕਾਰ ਦੇ ਰੁੱਖ ਮਨੁੱਖ ਨੂੰ ਕਈ ਲਾਭ ਦੇ ਰਹੇ ਹਨ। ਇਨ੍ਹਾਂ ਉੱਤੇ ਕੀਟ ਪ੍ਰਜਾਤੀ ਅਤੇ ਕਈ ਜੀਵ-ਜੰਤੂ ਜਨਮ ਲੈਂਦੇ ਹਨ। ਇਸ ਤਰ੍ਹਾਂ ਰੁੱਖਾਂ ਨਾਲ ਜੀਵ-ਜੰਤੂ ਚੱਕਰ ਵੀ ਜੁੜਿਆ ਹੋਇਆ ਹੈ। ਰੁੱਖ ਧਰਤੀ ਨੂੰ ਸੁੰਦਰ ਬਣਾਉਂਦੇ ਹਨ ਅਤੇ ਰੁੱਖਾਂ ਕਰ ਕੇ ਹੀ ਵਾਤਾਵਰਨ ਸੰਤੁਲਨ ਬਣਿਆ ਹੋਇਆ ਹੈ। ਮਨੁੱਖ ਦੀ ਚੰਗੀ ਸਿਹਤ ਵੀ ਰੁੱਖਾਂ ’ਤੇ ਨਿਰਭਰ ਕਰਦੀ ਹੈ। ਰੁੱਖਾਂ ਤੋਂ ਮਨੁੱਖ ਨੂੰ ਕਈ ਪ੍ਰਕਾਰ ਦੀਆਂ ਦਵਾਈਆਂ ਪ੍ਰਾਪਤ ਹੁੰਦੀਆਂ ਹਨ ਜਿਨ੍ਹਾਂ ਨਾਲ ਮਨੁੱਖ ਦੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ।

ਦਰੱਖਤਾਂ ਤੋਂ ਬਗੈਰ ਵਾਤਾਵਰਨ ਦਾ ਸੰਤੁਲਨ ਵਿਗੜ ਜਾਏਗਾ ਅਤੇ ਧਰਤੀ ’ਤੇ ਤਬਾਹੀ ਫੈਲ ਜਾਏਗੀ। ਮਨੁੱਖ ਵਿਕਾਸ ਦੇ ਨਾਂ ਹੇਠ ਰੁੱਖਾਂ ਦੀ ਬਲੀ ਲੈ ਕੇ ਕੰਕਰੀਟ ਦੇ ਜੰਗਲ ਦਾ ਵਿਸਥਾਰ ਕਰ ਰਿਹਾ ਹੈ। ਜਿਸ ਅਨੁਪਾਤ ਵਿਚ ਰੁੱਖ ਕੱਟੇ ਜਾ ਰਹੇ ਹਨ ਜੇਕਰ ਉਸੇ ਜਾਂ ਉਸ ਤੋਂ ਵੀ ਵੱਧ ਅਨੁਪਾਤ ਵਿਚ ਨਵੇਂ ਰੁੱਖ ਨਾ ਲਗਾਏ ਗਏ ਤਾਂ ਸਾਡੇ ਗ੍ਰਹਿ ਤੋਂ ਜੀਵਨ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਣਗੀਆਂ। ਰੁੱਖ ਕੁਦਰਤ ਦੀ ਉਹ ਦਾਤ ਹਨ ਜਿਸ ਦਾ ਕੋਈ ਬਦਲ ਮੌਜੂਦ ਨਹੀਂ ਹੈ। ਇਹ ਸਾਡੇ ਸਭ ਤੋਂ ਭਰੋਸੇਯੋਗ ਮਿੱਤਰ ਹਨ। ਸਾਡੇ ਦੁਆਰਾ ਲਗਾਇਆ ਗਿਆ ਇਕ ਰੁੱਖ ਸਿਰਫ਼ ਸਾਡੇ ਲਈ ਹੀ ਫਾਇਦੇਮੰਦ ਨਹੀਂ ਹੁੰਦਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਲਾਭ ਪਹੁੰਚਾਉਂਦਾ ਹੈ।

ਹਵਾ, ਪਾਣੀ, ਬਾਲਣ, ਖਾਣ-ਪੀਣ ਦੀ ਸਮੱਗਰੀ, ਕੱਪੜੇ, ਜਾਨਵਰਾਂ ਲਈ ਚਾਰਾ ਅਤੇ ਇਮਾਰਤੀ ਲੱਕੜ ਆਦਿ ਸਭ ਕੁਝ ਸਾਨੂੰ ਇਨ੍ਹਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਰੁੱਖ ਅਤੇ ਜੰਗਲ ਸਿਰਫ਼ ਮਨੁੱਖ ਲਈ ਹੀ ਅਮੁੱਲ ਨਹੀਂ ਹਨ ਸਗੋਂ ਇਹ ਪੰਛੀਆਂ ਜੰਗਲੀ-ਜੀਵਾਂ ਦੇ ਵੀ ਰੈਣ-ਬਸੇਰੇ ਹਨ। ਇਨ੍ਹਾਂ ਤੋਂ ਬਗੈਰ ਅਸੀਂ ਕੁਦਰਤ ਵੱਲੋਂ ਮਿਲੇ ਰੰਗ-ਬਿਰੰਗੇ ਪੰਛੀਆਂ ਦੇ ਅਨਮੋਲ ਖਜਾਨੇ ਦੀ ਕਲਪਨਾ ਵੀ ਨਹੀਂ ਕਰ ਸਕਦੇ, ਪਰ ਕੀ ਮਨੁੱਖ ਇਨ੍ਹਾਂ ਕੁਦਰਤੀ ਸਾਧਨਾਂ ਦਾ ਲਾਭ ਹੀ ਲੈਣਾ ਚਾਹੁੰਦਾ ਹੈ ਜਾਂ ਇਨ੍ਹਾਂ ਵਸੀਲਿਆਂ ਦੀ ਸਾਂਭ-ਸੰਭਾਲ ਪ੍ਰਤੀ ਵੀ ਸੁਚੇਤ ਹੈ ? ਵਰਤਮਾਨ ਸਥਿਤੀ ਨੂੰ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਅਸੀਂ ਰੁੱਖਾਂ ਨੂੰ ਬਚਾਉਣਾ ਤਾਂ ਚਾਹੁੰਦੇ ਹਾਂ, ਪਰ ਇਸ ਪਾਸੇ ਅਸੀਂ ਉਸ ਪੱਧਰ ’ਤੇ ਤਰੱਦਦ ਨਹੀਂ ਕਰ ਰਹੇ ਜਿੰਨਾ ਕੀਤਾ ਜਾਣਾ ਚਾਹੀਦਾ ਹੈ।

ਅਜਿਹੀ ਸਥਿਤੀ ’ਚ ਕੁਦਰਤ ਦਾ ਸੰਤੁਲਨ ਵਿਗੜਦਾ ਜਾਏਗਾ ਅਤੇ ਕੁਦਰਤ ਦੇ ਅਨਮੋਲ ਖਜਾਨੇ ਅਤੇ ਹੋਰ ਨੇ ਨਿਆਮਤਾ ਤਾਂ ਸਾਡੇ ਕੋਲੋਂ ਖੁੱਸ ਜਾਣਗੀਆਂ। ਇਸ ਤਰ੍ਹਾਂ ਧਰਤੀ ’ਤੇ ਜੀਵ ਜਗਤ ਦੀ ਹੋਂਦ ਖ਼ਤਰੇ ਵਿਚ ਪੈ ਜਾਵੇਗੀ। ਇਸ ਲਈ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਏ ਅਤੇ ਕੁਦਰਤੀ ਵਸੀਲਿਆਂ ਦੀ ਸੰਭਾਲ ਕਰੇ। ਜੇਕਰ ਹਰ ਵਿਅਕਤੀ ਰੁੱਖਾਂ ਦੀ ਸਾਂਭ-ਸੰਭਾਲ ਪ੍ਰਤੀ ਸੁਚੇਤ ਹੋ ਜਾਵੇ ਤਾਂ ਧਰਤੀ ਅਤੇ ਮਨੁੱਖੀ ਜੀਵਨ ਖੁਸ਼ਹਾਲ ਹੋ ਜਾਏਗਾ। ਧਰਤੀ ’ਤੇ ਜੀਵਨ ਪ੍ਰਦਾਨ ਕਰਨ ਵਾਲੀ ਆਕਸੀਜਨ ਅਤੇ ਵਰਖਾ ਦਾ ਮੁੱਖ ਸਾਧਨ ਰੁੱਖ ਹੀ ਹਨ। ਇਸੇ ਕਰਕੇ ਰੁੱਖਾਂ ਨੂੰ ਹਰਾ ਸੋਨਾ ਵੀ ਕਿਹਾ ਜਾਂਦਾ ਹੈ। ਰੁੱਖਾਂ ਤੋਂ ਬਿਨਾਂ ਆਕਸੀਜਨ ਦੇਣ ਦਾ ਕੰਮ ਕੋਈ ਹੋਰ ਨਹੀਂ ਕਰ ਸਕਦਾ। ਇਨ੍ਹਾਂ ਬਿਨਾਂ ਪਾਣੀ ਦੀ ਕਲਪਨਾ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ। ਇਹ ਹਾਨੀਕਾਰਕ ਰਸਾਇਣਾਂ ਨੂੰ ਛਾਣ ਕੇ ਪਾਣੀ ਨੂੰ ਵੀ ਸਾਫ਼ ਕਰਦੇ ਹਨ। ਉਦਯੋਗਾਂ ’ਚ ਵੀ ਰੁੱਖਾਂ ਦਾ ਮਹੱਤਵਪੂਰਨ ਯੋਗਦਾਨ ਰਹਿੰਦਾ ਹੈ। ਸਾਡੇ ਰੋਜ਼ਾਨਾ ਜੀਵਨ ’ਚ ਪ੍ਰਯੋਗ ਹੋਣ ਵਾਲੀਆਂ ਵਸਤੂਆਂ ਦੇ ਨਿਰਮਾਣ ’ਚ ਵੀ ਇਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ।

ਅੱਜਕਲ੍ਹ ਹਵਾ ਪ੍ਰਦੂਸ਼ਣ ਕਰਕੇ ਸਾਹ ਨਾਲ ਸਬੰਧਤ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਜੇਕਰ ਅਸੀਂ ਰੁੱਖਾਂ ਦੀ ਸੰਭਾਲ ਕਰਾਂਗੇ ਅਤੇ ਵੱਧ ਪੌਦੇ ਲਗਾਵਾਂਗੇ ਤਾਂ ਹਵਾ ਸ਼ੁੱਧ ਰਹੇਗੀ ਅਤੇ ਇਸ ਨਾਲ ਬਿਮਾਰੀਆਂ ’ਤੇ ਵੀ ਰੋਕ ਲੱਗੇਗੀ। ਇਸ ਤਰ੍ਹਾਂ ਏਅਰ-ਕੰਡੀਸ਼ਨਰਾਂ ’ਚੋਂ ਨਿਕਲਣ ਵਾਲੀਆਂ ਹਾਨੀਕਾਰਕ ਗੈਸਾਂ ਦੇ ਬੁਰੇ ਪ੍ਰਭਾਵਾਂ ’ਤੇ ਵੀ ਰੋਕ ਲੱਗੇਗੀ। ਹਵਾ ਕੁਦਰਤੀ ਰੂਪ ’ਚ ਸਾਫ ਅਤੇ ਸ਼ੁੱਧ ਪ੍ਰਾਪਤ ਹੋਵੇਗੀ। ਰੁੱਖਾਂ ਦੀਆਂ ਜੜਾਂ ਮਿੱਟੀ ਨੂੰ ਮਜ਼ਬੂਤੀ ਨਾਲ ਬੰਨ੍ਹ ਕੇ ਰੱਖਦੀਆਂ ਹਨ।ਮਨੁੱਖੀ ਵਿਕਾਸ ਵਿਚ ਸਿਆਣਿਆਂ ਨੇ ਤਿੰਨ ਪੜਾਅ ਮੰਨੇ ਹਨ। ਜੰਗਲ ਪ੍ਰਧਾਨ ਸੱਭਿਅਤਾਵਾਂ ਦਾ ਦੌਰ, ਜੰਗਲ ਉੱਪਰ ਕਾਬੂ ਪਾ ਰਹੀਆਂ ਸੱਭਿਆਤਾਵਾਂ ਦਾ ਦੌਰ ਅਤੇ ਉਹ ਸੱਭਿਆਤਾਵਾਂ ਜਿਹੜੀਆਂ ਜੰਗਲਾਂ ਉੱਤੇ ਪੂਰੇ ਤਰ੍ਹਾਂ ਹਾਵੀ ਹੋ ਚੁੱਕੀਆਂ ਹਨ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡਾ ਦੇਸ਼ ਤੀਜੇ ਪੜਾਅ ਵਿਚੋਂ ਲੰਘ ਰਿਹਾ ਹੈ। ਸਾਵੀਂ ਪੱਧਰੀ ਜ਼ਿੰਦਗੀ ਲਈ ਕਰੀਬ 33% ਭੂਮੀ ਜੰਗਲਾਂ ਹੇਠ ਹੋਣੀ ਚਾਹੀਦੀ ਹੈ।

ਜੰਗਲਾਤ ਨੀਤੀ ਦਰੁਸਤ ਕਰਨ ਦੀ ਲੋੜ ਹੈ। ਸਿਰਫ਼ ਜੰਗਲ ਉਗਾਉਣ ਨਾਲ ਨਹੀਂ ਸਰਨਾ, ਜੰਗਲਾਂ ਦੀ ਮੂਲ ਮਾਂ, ਭੂਮੀ ਤੇ ਜਲ ਸੰਭਾਲ ਵੱਲ ਵੀ ਤਵੱਜੋ ਦੇਣੀ ਪਵੇਗੀ; ਕਿਉਂਕਿ ਪਹਿਲਾਂ ਮਿੱਟੀ ਅਤੇ ਪਾਣੀ ਹੈ, ਫਿਰ ਹੀ ਬਨਸਪਤੀ ਤੇ ਫਿਰ ਜੀਵਕਾ। ਪੰਜਾਬ ਦੀ ਵਿਸ਼ੇਸ਼ ਭੂਗੋਲਿਕ ਹਾਲਤ ਅਤੇ ਖੇਤੀਬਾੜੀ ਪ੍ਰਮੁੱਖਤਾ ਕਾਰਨ ਬੇਸ਼ਕ ਇੱਥੇ ਉਸ ਰੂਪ ਵਿਚ ਜੰਗਲ ਨਹੀਂ ਚਿਤਵੇ ਜਾ ਸਕਦੇ, ਜਿਵੇਂ ਹੋਣੇ ਚਾਹੀਦੇ ਹਨ ਪਰ ਇਸ ਦਾ ਅਰਥ ਇਹ ਵੀ ਨਹੀਂ ਕਿ ਮਹਿਜ਼ ਇਸੇ ਦੀ ਆੜ ਹੇਠ ਕੁਦਰਤੀ ਸਮਤੋਲ ਅਤੇ ਮਨੁੱਖ ਪ੍ਰਤੀ ਜ਼ਿੰਮੇਵਾਰੀ ਤੋਂ ਭੱਜਿਆ ਜਾਵੇ।

ਪੰਜਾਬ ਵਿਚ ਸਿਰਫ ਜੰਗਲਾਤ ਵਿਭਾਗ ਉਪਰ ਹੀ ਨਿਰਭਰ ਹੋ ਕੇ ਨਹੀਂ ਸਰਨਾ ਸਗੋਂ ਭਰਾਤਰੀ ਮਹਿਕਮੇ ਬਾਗਬਾਨੀ, ਖੇਤੀਬਾੜੀ, ਵਿਸ਼ੇਸ਼ ਕਰ ਕੇ ਭੂਮੀ ਤੇ ਜਲ ਸੰਭਾਲ ਨੂੰ ਨਾਲ ਲੈ ਕੇ ਲੋਕਾਂ ਦੀ ਸ਼ਮੂਲੀਅਤ ਅਤੇ ਭਰੋਸਾ ਜਿੱਤ ਕੇ ਤੁਰਨਾ ਪਵੇਗਾ, ਤਦ ਹੀ ਢੁਕਵੇਂ ਸਿੱਟੇ ਕੱਢੇ ਜਾ ਸਕਦੇ ਹਨ।ਪਹਾੜੀ ਖੇਤਰਾਂ ਵਿਚ ਵਣਾਂ ਦਾ ਹੋਣਾ ਵਾਤਾਵਰਨਕ ਸੰਤੁਲਨ (ਈਕੋਲੋਜੀਕਲ ਬੈਂਲਸ) ਅਤੇ ਵਾਤਾਵਰਨਕ ਸਥਿਰਤਾ ਦੀ ਦਿ੍ਰਸ਼ਟੀ ਤੋਂ ਜ਼ਰੂਰੀ ਤਾਂ ਹੈ ਹੀ, ਇਸ ਨਾਲ ਭੂਮੀ ਦਾ ਕਟਾਅ ਅਤੇ ਜ਼ਮੀਨ ਦੀ ਗੁਣਵੱਤਾ ਵਿਚ ਗਿਰਾਵਟ ਨੂੰ ਰੋਕਣ ਵਿਚ ਵੀ ਮਦਦ ਮਿਲਦੀ ਹੈ। ਜਲ ਸੋਮੇ ਅਤੇ ਜਲ ਤਲ ਨੂੰ ਵੀ ਸਥਿਰਤਾ ਮਿਲਦੀ ਹੈ। ਜਨੌਰਾਂ, ਮੀਂਹ ਅਤੇ ਵਿਸ਼ਵ- ਤਾਪਮਾਨ ਦੇ ਪ੍ਰਸੰਗ ਵਿਚ ਇਹ ਜ਼ਿਆਦਾ ਲਾਹੇਵੰਦ ਹੈ।

ਪੰਜਾਬ ਜਿਸ ਦਾ ਮੈਦਾਨੀ ਇਲਾਕਾ ਸੰਘਣੀ ਖੇਤੀ ਹੇਠ ਹੈ, ਦੇ ਮੱਦੇਨਜ਼ਰ ਪਹਾੜੀ ਖਿੱਤੇ ਪ੍ਰਤੀ ਧਿਆਨ ਇਕਾਗਰ ਕਰਨਾ ਹੋਰ ਵੀ ਜ਼ਰੂਰੀ ਹੈ। ਕੌਮੀ ਵਣ ਨੀਤੀ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਦੇਸ਼ ਦੇ ਪਹਾੜੀ ਖੇਤਰਾਂ ਵਿਚ ਦੋ ਤਿਹਾਈ ਭੂਗੋਲਿਕ ਖੇਤਰ ਜੰਗਲਾਂ ਹੇਠ ਹੋਣ। ਪੰਜਾਬ ਦੇ ਪਹਾੜੀ ਖਿੱਤਿਆਂ ਦੀ ਭੈੜੀ ਹਾਲਤ ਨੂੰ ਛੱਡ ਕੇ ਦੇਸ਼ ਦੇ ਬਾਕੀ ਪਹਾੜੀ ਅਤੇ ਜੰਗਲੀ ਖੇਤਰਾਂ ਵਿਚ ਹਾਲਤ ਕੁਝ ਤਸੱਲੀਬਖ਼ਸ਼ ਹੈ। ਦਰਅਸਲ ਪਹਾੜਾਂ ਰਾਹੀਂ ਅਸੀਂ ਕੁਲ ਰਕਬੇ ਵਿਚ ਤੀਜਾ ਹਿੱਸਾ ਜੰਗਲ ਜ਼ਰੂਰ ਹੋਣ ਦਾ ਨਿਸ਼ਾਨਾ ਪੂਰਾ ਕਰ ਸਕਦੇ ਹਾਂ।ਜੰਗਲ ਬਿਲਕੁਲ ਨਾ ਉਜਾੜੋ, ਇਸੇ ਵਿਚ ਹੀ ਸਾਡਾ ਸਭ ਦਾ ਭਲਾ ਹੈ।

ਬੁਢਲਾਡਾ ਮਾਨਸਾ
ਡਾ. ਵਨੀਤ ਸਿੰਗਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ