ਕਰਜ਼ੇ ਦਾ ਦੈਂਤ : ਮਾਨਸਾ ਜ਼ਿਲ੍ਹੇ ’ਚ ਤਿੰਨ ਦਿਨਾਂ ’ਚ ਤੀਜੀ ਖੁਦਕੁਸ਼ੀ

Suicide
ਮਾਨਸਾ : ਮਿ੍ਰਤਕ ਮਿੰਟੂ ਸਿੰਘ ਦੀ ਫ਼ਾਈਲ ਫੋਟੋ।

(ਸੁਖਜੀਤ ਮਾਨ) ਮਾਨਸਾ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ ਵਾਅਦੇ ਹੋਏ ਪਰ ਵਫ਼ਾ ਨਾ ਹੋਏ ਅਜਿਹੇ ਹਾਲਾਤਾਂ ’ਚ ਕਰਜ਼ੇ ਦੇ ਝੰਬੇ ਕਿਸਾਨ-ਮਜ਼ਦੂਰ ਮੌਤ ਨੂੰ ਗਲੇ ਲਾ ਰਹੇ ਹਨ ਜ਼ਿਲ੍ਹਾ ਮਾਨਸਾ ’ਚ ਅੱਜ ਲਗਾਤਾਰ ਤੀਜੇ ਦਿਨ ਤੀਜੀ ਖੁਦਕੁਸ਼ੀ (Suicide) ਕਰਜ਼ਾ ਪੀੜ੍ਹਤ ਵੱਲੋਂ ਕੀਤੀ ਗਈ ਹੈ।

ਵੇਰਵਿਆਂ ਮੁਤਾਬਿਕ ਅੱਜ ਬਲਾਕ ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਵਿੱਚ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਲਗਾਤਾਰ ਤੀਜੇ ਦਿਨ ਇੱਕ ਹੋਰ ਨੌਜਵਾਨ ਨੂੰ ਕਰਜ਼ੇ ਦੇ ਦੈਂਤ ਨੇ ਨਿਗਲ ਲਿਆ । ਮੌਕੇ ’ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ 24 ਸਾਲਾ ਨੌਜਵਾਨ ਮਿੰਟੂ ਸਿੰਘ ਪੁੱਤਰ ਸੁਖਦੇਵ ਸਿੰਘ ਜੋ ਕਿ ਮਜ਼ਦੂਰ ਭਾਈਚਾਰੇ ਨਾਲ ਸਬੰਧਤ ਸੀ, ਨੇ ਖੁਦਕੁਸ਼ੀ ਕਰ ਲਈ ਪਰਿਵਾਰ ਬੇ-ਜ਼ਮੀਨਾਂ ਹੋਣ ਕਰਕੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਦੇ ਨਾਲ-ਨਾਲ ਮਿੰਟੂ ਸਿੰਘ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ ।

ਨੌਜਵਾਨ ਨੇ ਘਰ ਦੀ ਆਰਥਿਕ ਤੰਗੀ ਕਾਰਨ ਅਜੇ ਵਿਆਹ ਨਹੀਂ ਕਰਵਾਇਆ ਸੀ ਪਰ ਇੱਕ ਵਾਰ ਫਿਰ ਤੋਂ ਫ਼ਸਲ ਬਰਬਾਦ ਹੋਣ ਕਾਰਨ ਆਰਥਿਕ ਅਤੇ ਮਾਨਸਿਕ ਤੌਰ ’ਤੇ ਟੁੱਟ ਜਾਣ ਕਾਰਨ ਪਰਿਵਾਰ ਦੇ ਸਿਰ ਕਰੀਬ 4 ਲੱਖ ਦਾ ਕਰਜ਼ਾ ਛੱਡ ਕੇ ਮਿੰਟੂ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । (Suicide)

ਇਹ ਵੀ ਪੜ੍ਹੋ : ਮੀਂਹ ਨੇ ਸੁਨਾਮ ਦਾ ਬੱਸ ਸਟੈਂਡ ਕੀਤਾ ਜਲਥਲ, ਮੁਸਫਰਾਂ ਨੂੰ ਚੱਲਣੀ ਪਈ ਪ੍ਰੇਸ਼ਾਨੀ

ਕਿਸਾਨ ਆਗੂ ਮੱਖਣ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ-ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਵਿੱਚ ਕਮੀ ਆਉਣ ਦੀ ਬਜਾਏ ਵਾਧਾ ਹੋਇਆ ਹੈ ਕਿਉਂਕਿ ਲਗਾਤਾਰ ਤਿੰਨ ਫ਼ਸਲਾਂ ਬਰਬਾਦ ਹੋਣ, ਲੰਪੀ ਸਕਿੱਨ, ਬਾਰਿਸ਼ ਅਤੇ ਹੜ੍ਹਾਂ ਨਾਲ ਘਰਾਂ ਦਾ ਨੁਕਸਾਨ ਹੋ ਚੁੱਕਾ ਹੈ ਪਰ ਸਰਕਾਰ ਵੱਲੋਂ ਵਾਰ-ਵਾਰ ਐਲਾਨ ਕਰਨ ਤੋਂ ਬਾਅਦ ਵੀ ਮਾਲੀ ਮੱਦਦ ਦੀ ਹਾਲੇ ਫੁੱਟੀ ਕੌਡੀ ਤੱਕ ਨਹੀਂ ਆਈ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੂੰ ਲਗਾਤਾਰ ਕਰਜ਼ੇ ਦੇ ਬੋਝ ਹੇਠ ਦਬ ਰਹੇ ਪਰਿਵਾਰਾਂ ਦਾ ਸਹਾਰਾ ਬਣਨਾ ਚਾਹੀਦਾ ਹੈ ਅਤੇ ਪਰਿਵਾਰ ਦਾ ਆਮਦਨ ਦਾ ਵਸੀਲਾ ਖਤਮ ਹੋਣ ਕਾਰਨ ਸਾਰਾ ਕਰਜ਼ਾ ਰੱਦ ਕੀਤਾ ਜਾਵੇ।

LEAVE A REPLY

Please enter your comment!
Please enter your name here