ਘੱਗਰ ਦਾ ਚਾਂਦਪੁਰਾ ਬੰਨ੍ਹ ਟੁੱਟਿਆ, ਪਿੰਡ ਰੋੜਕੀ ਨੇੜੇ ਵੀ ਪਿਆ ਪਾੜ

Ghaggar Chandpura broke

ਮਾਨਸਾ/ਬਰੇਟਾ/ਸਰਦੂਲਗੜ੍ਹ (ਸੁਖਜੀਤ ਮਾਨ/ਕ੍ਰਿਸ਼ਨ ਭੋਲਾ)। ਘੱਗਰ ’ਚ ਆਏ ਹੱਦੋਂ ਵੱਧ ਪਾਣੀ ਕਰਕੇ ਬੀਤੀ ਦੇਰ ਰਾਤ ਚਾਂਦਪੁਰਾ ਬੰਨ੍ਹ ਟੁੱਟ ਗਿਆ। ਇਸ ਤੋਂ ਇਲਾਵਾ ਸਰਦੂਲਗੜ੍ਹ ਨੇੜਲੇ ਪਿੰਡ ਰੋੜਕੀ ਕੋਲ ਵੀ ਪਾੜ੍ਹ ਪੈ ਗਿਆ। ਇਨ੍ਹਾਂ ਦੋ ਥਾਵਾਂ ’ਤੇ ਪਏ ਪਾੜਾਂ ਕਾਰਨ ਮਾਨਸਾ ਜ਼ਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ’ਚ ਹੜ੍ਹਾਂ ਦਾ ਖਤਰਾ ਪੈਦਾ ਹੋ ਗਿਆ।

ਵੇਰਵਿਆਂ ਮੁਤਾਬਿਕ ਪੰਜਾਬ-ਹਰਿਆਣਾ ਦੀ ਹੱਦ ’ਤੇ ਪੈਂਦੇ ਚਾਂਦਪੁਰਾ ਬੰਨ੍ਹ ’ਚ ਪਾੜ ਪੈ ਗਿਆ। ਇਹ ਬੰਨ੍ਹ 8 ਕਿੱਲੋਮੀਟਰ ਲੰਬਾ ਹੈ, ਜਿਸ ’ਚੋਂ 30 ਫੁੱਟ ਪਾੜ ਪੈ ਗਿਆ। ਪਾੜ੍ਹ ਪੂਰਨ ’ਚ ਹੋਈ ਦੇਰੀ ਕਾਰਨ ਪਾੜ੍ਹ ਵਧ ਸਕਦਾ ਹੈ। ਇਹ ਪਾੜ ਪੈਣ ਕਾਰਨ ਪਾਣੀ ਜ਼ਿਲ੍ਹਾ ਮਾਨਸਾ ਦੇ ਬਰੇਟਾ ਖੇਤਰ ’ਚ ਪਿੰਡ ਕੁੱਲਰੀਆਂ, ਗੋਰਖਨਾਥ, ਚੱਕ ਅਲੀਸ਼ੇਰ, ਭਾਵਾ, ਧਰਮਪੁਰਾ, ਕਾਹਨਗੜ੍ਹ ਜਗਲਾਨ, ਮੰਡੇਰ, ਸਸਪਾਲੀ ਆਦਿ ਪਿੰਡਾਂ ’ਚੋਂ ਹੁੰਦਾ ਹੋਇਆ ਬਰੇਟਾ ਸ਼ਹਿਰ ਕੋਲ ਦੀ ਲੰਘਦੀ ਨਹਿਰ ਨਾਲ ਲੱਗ ਸਕਦਾ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਾੜ੍ਹ ਪੂਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਇਹ ਵੀ ਪੜ੍ਹੋ : ਪਾਣੀ ’ਚ ਘਿਰੇ ਲੋਕਾਂ ਦੀ ਮੱਦਦ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਨੇ ਸੰਭਾਲੇ ਮੋਰਚੇ

ਇਸ ਤੋਂ ਇਲਾਵਾ ਸਰਦੂਲਗੜ੍ਹ ਨੇੜੇ ਪਿੰਡ ਰੋੜਕੀ ਨੇੜੇ ਘੱਗਰ ’ਚ ਪਏ ਪਾੜ ਕਾਰਨ ਕਈ ਪਿੰਡਾਂ ’ਚ ਪਾਣੀ ਪੁੱਜਣ ਦਾ ਖਤਰਾ ਹੋ ਸਕਦਾ ਹੈ। ਪਾੜ ਤੋਂ ਥੋੜ੍ਹੀ ਦੂਰ ਰੋੜਕੀ ਨੂੰ ਜਾਣ ਵਾਲੀ ਵੱਡੀ ਸੜਕ ’ਤੇ ਇੱਕ ਬੰਨ੍ਹ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਪਾਣੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ। ਜੇਕਰ ਪਾਣੀ ਸੜਕ ਪਾਰ ਕਰ ਗਿਆ ਤਾਂ ਪਿੰਡ ਝੰਡਾ ਖੁਰਦ ਅਤੇ ਝੰਡਾ ਕਲਾਂ ਅਤੇ ਮਾਨਖੇੜਾ, ਨਾਹਰਾਂ ’ਚ ਪਾਣੀ ਆ ਸਕਦਾ ਹੈ। ਇਸ ਵੇਲੇ ਸਰਦੂਲਗੜ੍ਹ ਸ਼ਹਿਰ ਦੇ ਵਾਰਡ ਨੰਬਰ 5 ਤੇ 6 ਦੇ ਕੁਝ ਘਰਾਂ ਤੱਕ ਪਾਣੀ ਪਹੁੰਚ ਗਿਆ ਹੈ।

Ghaggar Chandpura broke
ਸਰਦੂਲਗੜ੍ਹ। ਰੋੜਕੀ ਨੇੜੇ ਘੱਗਰ ਦੇ ਪਾਣੀ ਨੂੰ ਪਿੰਡ ‘ਚ ਆਉਣ ਦੀ ਰੋਕਣ ਦੀ ਕੋਸਿ਼ਸ਼ ਕਰਦੇ ਹੋਏ ਲੋਕ।

ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਸਰਦੂਲਗੜ੍ਹ ਖੇਤਰ ਵੱਲ ਪਾਣੀ ਦਾ ਵਹਾਅ ਘਟਣ ਕਾਰਨ ਬੰਨ੍ਹ ਪੂਰਨ ’ਚ ਸੌਖ ਹੋ ਸਕਦੀ ਹੈ ਪਰ ਖ਼ਬਰ ਲਿਖੇ ਜਾਣ ਤੱਕ ਪਾੜ ਪੈਣ ਕਾਰਨ ਪਾਣੀ ਦਾ ਤੇਜ਼ ਵਹਾਅ ਖੇਤਾਂ ਵੱਲ ਨੂੰ ਜਾ ਰਿਹਾ ਹੈ। ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਪਿੰਡ ਬੰਨ੍ਹ ਦੇ ਨੇੜਲੇ ਹਨ, ਉਹ ਟਰੈਕਟਰਾਂ-ਟ੍ਰਾਲੀਆਂ ਰਾਹੀਂ ਮਿੱਟੀ ਦੇ ਗੱਟੇ ਭਰਕੇ ਲਿਆਉਣ ਤਾਂ ਜੋ ਬੰਨ੍ਹ ਨੂੰ ਛੇਤੀ ਪੂਰਿਆ ਜਾ ਸਕੇ ।

Chandpura
ਬਰੇਟਾ। ਚਾਂਦਪੁਰਾ ਬੰਨ੍ਹ ਟੁੱਟਣ ਤੋਂ ਬਾਅਦ ਰਫ਼ਤਾਰ ਨਾਲ ਆਉਂਦਾ ਹੋਇਆ ਘੱਗਰ ਦਾ ਪਾਣੀ। ਤਸਵੀਰ : ਕ੍ਰਿਸ਼ਨ ਭੋਲਾ।