ਕਾਂਗਰਸੀਆਂ ਕੀਤਾ ਸਖ਼ਤ ਇਤਰਾਜ਼
-
ਅਕਾਲੀ ਦਲ ਵੀ ਆਇਆ ਫਾਰਮ ’ਚ, ਦੇਵੇਗਾ ਧਰਨਾ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਸਫਾਈ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਕਾਰਨ ਸੰਗਰੂਰ ਵਿੱਚ ਫੈਲੇ ਕਚਰੇ ਦੇ ਢੇਰਾਂ ’ਤੇ ਹੁਣ ਰਾਜਨੀਤੀ ਹੋਣ ਲੱਗੀ ਹੈ। ਅੱਜ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਵੱਲੋਂ ਇਸ ਕੂੜੇ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਸੰਗਰੂਰ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀਆਂ ਫੋਟੋਆਂ ਕੂੜੇ ਦੇ ਢੇਰਾਂ ’ਤੇ ਲਾ ਦਿੱਤੀਆਂ। ਕਾਂਗਰਸੀਆਂ ਨੇ ਇਸ ਦਾ ਸਖ਼ਤ ਇਤਰਾਜ਼ ਦਰਜ ਕਰਵਾਉਂਦਿਆਂ ਪੁਲਿਸ ਕੋਲ ਗੁਹਾਰ ਲਾਈ ਹੈ ਕਿ ਗੈਰ ਮਿਆਰੀ ਵਿਰੋਧ ਕਰਨ ਕਰਕੇ ਆਪ ਆਗੂਆਂ ’ਤੇ ਪਰਚਾ ਦਰਜ ਕੀਤਾ ਜਾਵੇ।
ਆਪ ਆਗੂਆਂ ਨੇ ਰੋਸ ਪ੍ਰਦਰਸ਼ਨ ਦੌਰਾਨ ਦੋਸ਼ ਲਾਇਆ ਕਿ ਸਫ਼ਾਈ ਕਰਮਚਾਰੀਆਂ ਦੇ ਹੜਤਾਲ ’ਤੇ ਜਾਣ ਤੋਂ ਬਾਅਦ ਸੰਗਰੂਰ ਸ਼ਹਿਰ ਵਿੱਚ ਨਰਕ ਬਣੇ ਕੂੜੇ ਦੇ ਢੇਰਾਂ ਬਾਰੇ ਮੰਤਰੀ ਵਿਜੇ ਇੰਦਰ ਸਿੰਗਲਾ ਬਿਲਕੁਲ ਲਾਪ੍ਰਵਾਹ ਜਾਪ ਰਹੇ ਹਨ ਨਾ ਤਾਂ ਉਨ੍ਹਾਂ ਨੂੰ ਬਿਮਾਰੀਆਂ ਫੈਲਣ ਦਾ ਡਰ ਹੈ, ਨਾ ਸਫਾਈ ਕਰਮਚਾਰੀਆਂ ਦੀ ਗੱਲ ਸੁਣਨ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਮੰਤਰੀ ਵਿਜੇਇੰਦਰ ਸਿੰਗਲਾ ਨੇ ਸੰਗਰੂਰ ਸ਼ਹਿਰ ਨੂੰ ਬਿਲਕੁਲ ਲਵਾਰਿਸ ਛੱਡ ਰੱਖਿਆ ਹੈ ਅਤੇ ਹਵਾ ਵਿੱਚ ਗੁਬਾਰੇ ਉਡਾ ਕੇ ਤੇ ਇੱਕ ਦੋ ਚਿਪਸ ਦੇ ਖਾਲੀ ਪੈਕੇਟ ਚੱਕ ਕੇ ਸੁਰਖੀਆਂ ਬਟੋਰਨ ਲਈ ਡਰਾਮੇਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ, ਜਦਕਿ ਸ਼ਹਿਰ ਵਾਸੀ ਮੌਜ਼ੂਦਾ ਹਲਾਤ ਤੋਂ ਬਹੁਤ ਤੰਗ ਹਨ।
ਉਨ੍ਹਾਂ ਨੇ ਵਿਜੇਇੰਦਰ ਸਿੰਗਲਾ ਦੇ ਇਸ ਬੇਪਰਵਾਹ ਰਵੱਈਏ ਦਾ ਸਖਤ ਵਿਰੋਧ ਕਰਦਿਆਂ ਸੰਗਰੂਰ ਸ਼ਹਿਰ ਦੀ ਸਬਜੀ ਮੰਡੀ ਵਿਖੇ ਲੱਗੇ ਰਹੇ ਕੂੜੇ ਦੇ ਢੇਰ ’ਤੇ ਉੁਨ੍ਹਾਂ ਦੀਆਂ ਤਸਵੀਰਾਂ ਲਾ ਵਿਰੋਧ ਜ਼ਾਹਰ ਕੀਤਾ ਅਤੇ ਕਿਹਾ ਕਿ ਉਹ ਜ਼ਮੀਨ ’ਤੇ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਦੇਖਣ ਅਤੇ ਨਰਕ ਭਰੇ ਹਲਾਤ ਬਿਤਾ ਸਹਿਰ ਵਾਸੀਆਂ ਦਾ ਖਿਆਲ ਕਰਨ ਕਿਉਂਕਿ ਇਹ ਕੂੜੇ ਦੇ ਢੇਰ ਚੱਕਣਾ ਅਤੇ ਸਫਾਈ ਕਰਮਚਾਰੀਆਂ ਨਾਲ ਗੱਲ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਆਪ ਆਗੂ ਨਰਿੰਦਰ ਕੌਰ, ਹਰਿੰਦਰ ਸ਼ਰਮਾ, ਅਮਰੀਕ ਸਿੰਘ,ਹੰਸਰਾਜ ਠੇਕੇਦਾਰ,ਗੁਰਪ੍ਰੀਤ ਰਾਜਾ,ਚਰਨਜੀਤ ਚੰਨੀ,ਨੋਨੀ ਸਿੰਘ, ਹਰਪ੍ਰੀਤ ਚਹਿਲ,ਕਰਮਜੀਤ ਨਾਗੀ,ਨਰਿੰਦਰ ਸਿੰਘ,ਰਵੀ ਗੋਇਲ,ਹੈਪੀ ਬੱਗੂਆਣਾ ਹਾਜ਼ਰ ਰਹੇ।
ਕਾਂਗਰਸੀਆਂ ਨੇ ਆਪ ਦੇ ਪ੍ਰਦਰਸ਼ਨ ’ਤੇ ਇਤਰਾਜ਼ ਕੀਤਾ
ਕਾਂਗਰਸ ਪਾਰਟੀ ਨਾਲ ਸਬੰਧਿਤ ਆਗੂਆਂ, ਜਿਨ੍ਹਾਂ ਵਿੱਚ ਜਸਪਾਲ ਪਾਲੀ ਸ਼ਰਮਾ ਤੇ ਹੋਰ ਆਗੂ ਸ਼ਾਮਲ ਸਨ, ਨੇ ਪੁਲਿਸ ਕੋਲ ਆਪਣਾ ਇਤਰਾਜ਼ ਦਰਜ ਕਰਵਾਇਆ ਹੈ ਕਿ ਆਪ ਆਗੂਆਂ ਖ਼ਿਲਾਫ਼ ਗੈਰ ਮਿਆਰੀ ਵਿਰੋਧ ਦਾ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਫਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਕੂੜਾ ਫੈਲਿਆ ਹੈ, ਇਸ ਵਿੱਚ ਮੰਤਰੀ ਦਾ ਕੀ ਦੋਸ਼ ਹੈ। ਉਹਨਾਂ ਕਿਹਾ ਕਿ ਵਿਰੋਧ ਕਰਨ ਦੇ ਹੋਰ ਲੋਕਤੰਤਰੀ ਤਰੀਕੇ ਹੁੰਦੇ ਹਨ। ਉਨ੍ਹਾਂ ਨੇ ਕੂੜੇ ਵਿੱਚ ਲਾਇਆਂ ਮੰਤਰੀ ਦੀਆਂ ਫੋਟੋਆਂ ਚੁਕਵਾ ਲਈਆਂ। ਸੀਨੀਅਰ ਕਾਂਗਰਸੀ ਆਗੂ ਨੇ ਡੀ ਐੱਸ ਪੀ ਨੂੰ ਪੱਤਰ ਲਿਖ ਕੇ ਆਪ ਆਗੂਆਂ ’ਤੇ ਸਖ਼ਤ ਐਕਸ਼ਨ ਲੈਣ ਦੀ ਅਪੀਲ ਕੀਤੀ ਹੈ।
ਅਕਾਲੀ ਦਲ ਵੀ ਕੂੜੇ ਖਿਲਾਫ 10 ਨੂੰ ਦੇਵੇਗਾ ਧਰਨਾ
ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੇ ਦੱਸਿਆ ਕਿ ਸ਼ਹਿਰ ਵਾਸੀ ਪਿਛਲੇ ਕਈ ਹਫ਼ਤਿਆਂ ਤੋਂ ਬੇਹੱਦ ਮਾੜੇ ਮਾਹੌਲ ਵਿੱਚ ਜਿਉਣ ਲਈ ਮਜ਼ਬੂਰ ਹੋ ਰਹੇ ਹਨ ਪਰ ਇਸ ਦੇ ਬਾਵਜੂਦ ਸਾਡੇ ਕੈਬਨਿਟ ਮੰਤਰੀ ਜਾਂ ਪੰਜਾਬ ਸਰਕਾਰ ਦੇ ਕੰਨ ’ਤੇ ਕੋਈ ਜ਼ੂੰ ਨਹੀਂ ਸਰਕ ਰਹੀ। ਸ਼ਹਿਰ ਵਿੱਚ ਥਾਂ-ਥਾਂ ਕੂੜਾ ਬੁਰੀ ਤਰ੍ਹਾਂ ਫੇਲ੍ਹ ਚੁੱਕਿਆ ਹੈ , ਜਿਸ ਕਾਰਨ ਕਦੇ ਵੀ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਇਸ ਮਾੜੇ ਪ੍ਰਬੰਧਾਂ ਖਿਲਾਫ਼ ਸਿਵਲ ਹਸਪਤਾਲ ਦੇ ਮੂਹਰੇ 10 ਜੂਨ ਨੂੰ ਧਰਨਾ ਦੇਵੇਗਾ ਅਤੇ ਇਸ ਉਪਰੰਤ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਦੇਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।