ਬਠਿੰਡਾ ਜੇਲ੍ਹ ’ਚ ਬੰਦ ਗੈਂਗਸਟਰ ਪੁਲਿਸ ਲਈ ਬਣੇ ਚੁਣੌਤੀ

Bathinda~01

ਗੈਂਗਸਟਰਾਂ ਵੱਲੋਂ ਜੇਲ੍ਹ ਤੋੜ ਕੇ ਭੱਜਣ ਦੀਆਂ ਕਨਸੋਆਂ ਨੇ ਪੁਲਿਸ ਕੀਤੀ ਪੱਬਾਂ ਭਾਰ

  • ਸਭ ਤੋਂ ਵੱਧ ਗੈਂਗਸਟਰ ਬਠਿੰਡਾ ਜੇਲ੍ਹ ’ਚ ਹਨ ਬੰਦ

(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਦੀ ਕੇਂਦਰੀ ਜ਼ੇਲ੍ਹ ’ਚ ਬੰਦ ਕਰੀਬ 4 ਦਰਜ਼ਨ ਤੋਂ ਵੱਧ ਨਾਮੀ ਗੈਂਗਸਟਰ ਪੁਲਿਸ ਲਈ ਚੁਣੌਤੀ ਬਣੇ ਹੋਏ ਹਨ ਬਠਿੰਡਾ ਜੇਲ੍ਹ (Bathinda Jail) ਨੂੰ ਹੋਰਨਾਂ ਜੇਲ੍ਹਾਂ ਦੇ ਮੁਕਾਬਲੇ ਸੁਰੱਖਿਅਤ ਮੰਨਿਆ ਜਾਂਦਾ ਹੈ ਇਸ ਲਈ ਵੱਖ-ਵੱਖ ਜੇਲ੍ਹਾਂ ’ਚੋਂ ਵੱਡੀ ਗਿਣਤੀ ਗੈਂਗਸਟਰ ਬਠਿੰਡਾ ਜੇਲ੍ਹ ’ਚ ਬੰਦ ਕੀਤੇ ਹੋਏ ਹਨ। ਗੈਂਗਸਟਰਾਂ ਦੇ ਕਾਰਨ ਹੀ ਜੇਲ੍ਹ ਦੀ ਸੁਰੱਖਿਆ ਸੀਆਰਪੀਐਫ ਦੇ ਹਵਾਲੇ ਕੀਤੀ ਹੋਈ ਹੈ ਜੇਲ੍ਹ ਦਾ ਸੁਰੱਖਿਆ ਘੇਰਾ ਭਾਵੇਂ ਆਮ ਦਿਨਾਂ ’ਚ ਵੀ ਸਖਤ ਰਹਿੰਦਾ ਹੈ ਪਰ ਹੁਣ ਖੁਫ਼ੀਆ ਵਿਭਾਗ ਨੂੰ ਗੈਂਗਸਟਰਾਂ ਵੱਲੋਂ ਜੇਲ੍ਹ ਤੋੜਕੇ ਭੱਜਣ ਦੀਆਂ ਕਨਸੋਆਂ ਨੇ ਪੁਲਿਸ ਨੂੰ ਵਖ਼ਤ ਪਾ ਦਿੱਤਾ ਹੈ। (Bathinda Jail )

ਵੇਰਵਿਆਂ ਮੁਤਾਬਿਕ ਪੰਜਾਬ ਦੇ ਕਈ ਵੱਡੇ ਨਾਮੀ ਗੈਂਗਸਟਰ ਬਠਿੰਡਾ ਜੇਲ੍ਹ ’ਚ ਬੰਦ ਹਨ। ਪੰਜਾਬ ਦੇ ਖੁਫ਼ੀਆ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰਾਂ ਦੇ ਸਾਥੀ ਜੇਲ੍ਹ ’ਤੇ ਹਮਲਾ ਕਰ ਸਕਦੇ ਹਨ ਅਤੇ ਗੈਂਗਸਟਰ ਜੇਲ੍ਹ ਤੋੜਕੇ ਭੱਜ ਸਕਦੇ ਹਨ। ਇਹ ਸੂਚਨਾ ਮਿਲਣ ਤੋਂ ਪੁਲਿਸ ਨੇ ਸੁਰੱਖਿਆ ਹੋਰ ਸਖਤ ਕਰ ਦਿੱਤੀ ਹੈ। ਕੱਲ੍ਹ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਬਠਿੰਡਾ ਜੇਲ੍ਹ ਦਾ ਦੌਰਾ ਕੀਤਾ ਸੀ ਪਰ ਉਨ੍ਹਾਂ ਦੇ ਦੌਰੇ ਮੌਕੇ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ। ਉਂਜ ਜੇਲ੍ਹ ਮੰਤਰੀ ਨੇ ਅਧਿਕਾਰੀਆਂ ਨੂੰ ਪੂਰੀ ਕਰੜਾਈ ਨਾਲ ਕਿਹਾ ਸੀ ਕਿ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਵਰਤੀ ਜਾਵੇ।

ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਗੈਂਗਵਾਰ ਫਿਰ ਚਰਚਾ ’ਚ

ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਗੈਂਗਵਾਰ ਫਿਰ ਚਰਚਾ ’ਚ ਆਈ ਹੋਈ ਹੈ। ਗੈਂਗਸਟਰ ਗਰੁੱਪਾਂ ਵੱਲੋਂ ਇੱਕ-ਦੂਜੇ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਿੱਧੂ ਮੂਸੇਵਾਲਾ ਮਾਮਲੇ ’ਚ ਵੀ ਬਠਿੰਡਾ ਜੇਲ੍ਹ ’ਚ ਬੰਦ ਇੱਕ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਜਾ ਕੇ ਪੰਜਾਬ ਪੁਲਿਸ ਪੁੱਛਗਿੱਛ ਕਰ ਰਹੀ ਹੈ। ਬਠਿੰਡਾ ਜੇਲ੍ਹ ’ਚੋਂ ਲਗਾਤਾਰ ਮੋਬਾਇਲ ਵੀ ਕੈਦੀਆਂ ਦੀਆਂ ਬੈਰਕਾਂ ’ਚੋਂ ਮਿਲ ਰਹੇ ਹਨ।

ਬਠਿੰਡਾ ਜੇਲ੍ਹ ’ਚ ਏ ਕੈਟਾਗਿਰੀ ਦੇ ਕਾਫੀ ਜ਼ਿਆਦਾ ਗੈਂਗਸਟਰ ਹਨ ਜਿਸ ਕਰਕੇ ਬਠਿੰਡਾ ਜੇਲ੍ਹ ਦੀ ਸੁਰੱਖਿਆ ਹੋਰਨਾਂ ਜੇਲ੍ਹਾਂ ਦੇ ਮੁਕਾਬਲੇ ਕਾਫੀ ਚੁਣੌਤੀਪੂਰਨ ਹੁੰਦੀ ਹੈ। ਇਸ ਤੋਂ ਇਲਾਵਾ ਬੀ ਅਤੇ ਸੀ ਕੈਟਾਗਿਰੀ ਦੇ ਗੈਂਗਸਟਰ ਵੀ ਬਠਿੰਡਾ ਜੇਲ੍ਹ (Bathinda Jail ) ’ਚ ਹਨ। ਖੁਫ਼ੀਆ ਵਿਭਾਗ ਨੂੰ ਮਿਲੀਆਂ ਰਿਪੋਰਟਾਂ ਤੋਂ ਬਾਅਦ ਸੁਰੱਖਿਆ ਘੇਰਾ ਹੋਰ ਸਖਤ ਕੀਤਾ ਗਿਆ ਹੈ ਜੇਲ੍ਹ ਅਧਿਕਾਰੀ ਭਾਵੇਂ ਹੀ ਇਹ ਕਹਿ ਰਹੇ ਹਨ ਕਿ ਸੁਰੱਖਿਆ ਆਮ ਦੀ ਤਰ੍ਹਾਂ ਹੈ ਪਰ ਖੁਫ਼ੀਆ ਵਿਭਾਗ ਦੀ ਰਿਪੋਰਟ ਤੋਂ ਬਾਅਦ ਸੁਰੱਖਿਆ ਪਹਿਰਾ ਹੋਰ ਸਖਤ ਕੀਤਾ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ