ਬਿਜਲੀ ਚੋਰਾਂ ਦੇ ਉੱਡੇ ਫਿਊਜ, 88.18 ਲੱਖ ਦਾ ਕੀਤਾ ਜ਼ੁਰਮਾਨਾ

power thef

ਦੋ ਦਿਨਾਂ ’ਚ 3035 ਕੁਨੈਕਸ਼ਨਾਂ ਦੀ ਕੀਤੀ ਜਾਂਚ, ਸਿੱਧੀਆਂ ਕੁੰਡੀਆਂ ਵਾਲੇ ਆਏ ਅੜਿੱਕੇ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਦੀਆਂ ਟੀਮਾਂ ਵੱਲੋਂ ਬਿਜਲੀ ਚੋਰੀ ਦੇ ਕੇਸਾਂ ਵਿਰੁੱਧ ਲਗਾਤਾਰ ਦਬਿਸ਼ ਦਿੱਤੀ ਜਾ ਰਹੀ ਹੈ। ਪੰਜਾਬ ਅੰਦਰ ਵੱਖ-ਵੱਖ ਥਾਈਂ ਚੈਕਿੰਗ ਦੌਰਾਨ 584 ਖਪਤਕਾਰਾਂ ਨੂੰ ਬਿਜਲੀ ਚੋਰੀ ਅਤੇ ਬੇਨਿਯਮੀਆਂ ਤਹਿਤ 88.18 ਲੱਖ ਦਾ ਜ਼ੁਰਮਾਨਾ ਕੀਤਾ ਗਿਆ ਹੈ। ਇਸ ਦੌਰਾਨ ਕਈ ਧਾਰਮਿਕ ਸੰਸਥਾਨਾਂ ਵਿੱਚ ਸਿੱਧੀਆਂ ਕੁੰਡੀਆਂ ਰਾਹੀਂ ਬਿਜਲੀ ਚੋਰੀ (Power Thieves) ਦੇ ਮਾਮਲੇ ਉਜਾਗਰ ਹੋਏ ਹਨ।

ਜਾਣਕਾਰੀ ਮੁਤਾਬਿਕ ਪਾਵਰਕੌਮ ਦੇ ਇੰਨਫੋਰਸਮੈਂਟ ਵਿੰਗ ਵੱਲੋਂ ਪੰਜਾਬ ਵਿੱਚ ਬਿਜਲੀ ਚੋਰੀ (Power Thieves) ਵਿਰੁੱਧ ਜ਼ੋਰਦਾਰ ਮੁਹਿੰਮ ਵਿੱਢੀ ਹੋਈ ਹੈ। 13 ਅਤੇ 14 ਮਈ ਨੂੰ ਇਨਫੋਰਸਮੈਂਟ ਵਿੰਗ ਦੇ ਕਈ ਦਸਤਿਆਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਿਜਲੀ ਖਪਤਕਾਰਾਂ ਦੇ ਕੁਨੈਕਸ਼ਨ ਚੈੱਕ ਕੀਤੇ ਗਏ। ਇਨ੍ਹਾਂ ਵਿੱਚ ਇਨਫੋਰਸਮੈਂਟ ਵਿੰਗ ਵੱਲੋਂ ਵੱਧ ਲੋਸਜ਼ ਵਾਲੇ ਫੀਡਰਾਂ ਨਾਲ ਸਬੰਧਤ 3035 ਬਿਜਲੀ ਕੁਨੈਕਸਨ ਚੈਕ ਕੀਤੇ ਗਏ। ਇਨ੍ਹਾਂ ਵਿੱਚੋਂ 120 ਖਪਤਕਾਰ ਬਿਜਲੀ ਚੋਰੀ ਕਰਦੇ ਅਤੇ 464 ਖਪਤਕਾਰ ਕਈ ਪ੍ਰਕਾਰ ਦੀਆਂ ਉਣਤਾਈਆਂ ਅਤੇ ਬੇਨਿਯਮੀਆਂ ਕਰਦੇ ਫੜੇ ਗਏ। ਇਨ੍ਹਾਂ ਫੜੇ ਗਏ ਕੇਸਾਂ ਵਿੱਚ ਇੰਨਫੋਰਸਮੈਂਟ ਵਿੰਗ ਵੱਲੋਂ ਖਪਤਕਾਰਾਂ ਨੂੰ ਬਿਜਲੀ ਐਕਟ 2003 ਅਧੀਨ ਕੁਲ 88.18 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ।

ਪਾਵਰਕੌਮ ਦੇ ਅਧਿਕਾਰੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਓਦੋਕੇ ਸਬ-ਡਵੀਜ਼ਨ (ਅੰਮ੍ਰਿਤਸਰ) ਅਧੀਨ ਚੈਕਿੰਗ ਦੌਰਾਨ ਪਾਇਆ ਗਿਆ ਕਿ ਇੱਕ ਧਾਰਮਿਕ ਸੰਸਥਾ ਦਾ 29.278 ਕਿਲੋਵਾਟ ਲੋਡ ਬਾਹਰ ਲੱਗੇ 25 ਕੇਵੀਏ ਟਰਾਂਸਫਾਰਮਰ ਤੋਂ ਇੱਕ ਕੇਬਲ ਪਾ ਕੇ ਮੀਟਰ ਨੂੰ ਬਾਈਪਾਸ ਕਰਕੇ ਸਿੱਧੀ ਕੁੰਡੀ ਰਾਹੀਂ ਚਲਾਇਆ ਜਾ ਰਿਹਾ ਸੀ। ਇਸ ਖਪਤਕਾਰ ਨੂੰ ਬਿਜਲੀ ਚੋਰੀ ਦੇ ਜ਼ੁਰਮਾਨੇ ਵਜੋਂ 4.34 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ। ਇਸ ਤੋਂ ਇਲਾਵਾ ਰਾਮਪੁਰਾ ਫੂਲ ਅੰਦਰ ਇੱਕ ਧਾਰਮਿਕ ਸੰਸਥਾਨ ਵੱਲੋਂ ਸੜਕ ’ਤੇ ਲੱਗੇ ਟਰਾਂਸਫਾਰਮਰ ਤੋਂ ਕੇਬਲ ਰਾਹੀਂ ਸਿੱਧੀ ਕੁੰਡੀ ਪਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ । ਜਿਸ ਦਾ ਲੋਡ ਇੱਕ ਟਨ ਦੇ ਏਸੀ ਸਮੇਤ 3 ਕਿਲੋਵਾਟ ਬਣਦਾ ਹੈ। ਮੌਕੇ ’ਤੇ ਵੀਡੀਓਗ੍ਰਾਫੀ ਕਰਕੇ ਕੇਬਲ ਉਤਾਰ ਲਈ ਗਈ ਹੈ ਅਤੇ ਮੌਕੇ ’ਤੇ ਐਫਆਈਆਰ 633 ਰਾਹੀਂ ਮਾਮਲਾ ਵੀ ਦਰਜ ਕਰਵਾਇਆ ਗਿਆ।

ਜਲੰਧਰ ਦੀ ਇੱਕ ਕਲੋਨੀ ਵਿੱਚ  23 ਘਰ ਬਿਜਲੀ ਚੋਰੀ ਕਰਦੇ ਫੜੇ

ਇਸੇ ਤਰ੍ਹਾਂ ਹੀ ਲੁਧਿਆਣਾ ਦੇ ਜਮਾਲਪੁਰ ਇਲਾਕੇ ਵਿੱਚ ਇੱਕ ਧਾਰਮਿਕ ਸਥਾਨ ਨੂੰ ਚੈਕ ਕਰਨ ’ਤੇ ਪਾਇਆ ਗਿਆ ਕਿ ਖਪਤਕਾਰ ਦਾ 40 ਕਿਲੋਵਾਟ ਦਾ ਲੋਡ ਹੈ, ਜਿਸ ਵਿੱਚ 10 ਏਸੀ ਲੱਗੇ ਸਨ, ਜਿਸ ਨੂੰ 25 ਐਮਐਮ ਦੀ ਕੇਬਲ ਨਾਲ ਸਿੱਧੀ ਕੁੰਡੀ ਪਾ ਕੇ ਬਿਜਲੀ ਚੋਰੀ ਕਰਦਾ ਪਾਇਆ ਗਿਆ। ਕੇਬਲ ਨੂੰ ਕਬਜ਼ੇ ’ਚ ਲਿਆ ਗਿਆ ਅਤੇ ਬਿਜਲੀ ਐਕਟ ਅਧੀਨ 9.43 ਲੱਖ ਜ਼ੁਰਮਾਨਾ ਅਤੇ 70,000 ਰੁਪਏ ਦੀ ਕੰਪਾਊੁਂਡਿੰਗ ਫੀਸ ਵੀ ਪਾਈ ਗਈ। ਟੀਮ ਵੱਲੋਂ ਪੀਏਪੀ ਕੰਪਲੈਕਸ ਜਲੰਧਰ ਦੀ ਕਲੋਨੀ ਵਿੱਚ 124 ਘਰਾਂ ਦੇ ਕੁਨੈਕਸ਼ਨ ਚੈਕ ਕੀਤੇ ਗਏ, ਜਿਸ ਵਿਚੋਂ 23 ਘਰ ਬਿਜਲੀ ਚੋਰੀ ਕਰਦੇ ਪਾਏ ਗਏ, ਜਿਨ੍ਹਾਂ ਨੂੰ 6.23 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ।

ਥਾਣੇ ਦੀ ਕੁੰਡੀ ਵੀ ਫੜੀ, 8 ਲੱਖ ਜ਼ੁਰਮਾਨਾ ਠੋਕਿਆ

ਇੱਧਰ ਪਾਵਰਕੌਮ ਦੀ ਟੀਮ ਵੱਲੋਂ ਇੱਕ ਥਾਣੇ ’ਚ ਬਿਜਲੀ ਚੋਰੀ ਕਰਨ ਦੇ ਮਾਮਲੇ ’ਚ 8 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਲੁਧਿਆਣਾ ਦੇ ਗਿੱਲ ਰੋਡ ਥਾਣੇ ਵਿਖੇ 20 ਕਿਲੋਵਾਟ ਦਾ ਲੋਡ ਚੱਲ ਰਿਹਾ ਸੀ ਅਤੇ ਬਾਹਰੋਂ ਜਾਂਦੀ ਤਾਰ ਨੂੰ ਟੈਪ ਕਰਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਟੀਮ ਵੱਲੋਂ ਚੈਕਿੰਗ ਦੌਰਾਨ ਉਕਤ ਥਾਣੇ ਨੂੰ ਬਿਜਲੀ ਐਕਟ ਅਧੀਨ 8 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ