ਹਾਊਸਿੰਗ ਬੋਰਡ ਵੱਲੋਂ ਵੇਚੀ ਕੋਠੀ ਵੇਚ ਕੇ ਕੀਤੀ 58 ਲੱਖ ਦੀ ਧੋਖਾਧੜੀ

Fraud

ਚੰਡੀਗੜ੍ਹ ਵਾਸੀ ਦੋ ਮਹਿਲਾਵਾਂ ਸਣੇ 4 ਖਿਲਾਫ਼ ਲੁਧਿਆਣਾ ਪੁਲਿਸ ਵੱਲੋਂ ਮੁਕੱਦਮਾ ਦਰਜ਼ | Fraud

ਲੁਧਿਆਣਾ (ਜਸਵੀਰ ਸਿੰਘ ਗਹਿਲ)। ਧੋਖਾਧੜੀ ਕਰਨ ਅਤੇ ਅਮਾਨਤ ਵਿੱਚ ਖਿਆਨਤ ਕਰਨ ਦੇ ਦੋਸ਼ਾਂ ਤਹਿਤ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਵੱਲੋਂ ਚੰਡੀਗੜ੍ਹ ਵਾਸੀ ਦੋ ਮਹਿਲਾਵਾਂ ਸਣੇ ਚਾਰ ਜਣਿਆਂ ਖਿਲਾਫ਼ ਦਰਜ਼ ਕੀਤਾ ਗਿਆ ਹੈ। ਮੁਦੱਈ ਮੁਤਾਬਕ ਦੋਸ਼ੀਆਂ ਨੇ ਹਾਊਸਿੰਗ ਬੋਰਡ ਵੱਲੋਂ ਪਹਿਲਾਂ ਹੀ ਵੇਚੀ ਜਾ ਚੁੱਕੀ ਕੋਠੀ ਜ਼ਾਅਲੀ ਕਾਗਜਾਂ ਜ਼ਰੀਏ ਉਸਨੂੰ ਵੇਚ ਕੇ ਧੋਖਾਧੜੀ ਕੀਤੀ। (Fraud)

ਜਾਣਕਾਰੀ ਦਿੰਦਿਆਂ ਵਰੁਣ ਜੈਨ ਨੇ ਦੱਸਿਆ ਕਿ ਉਸਨੇ ਚੰਡੀਗੜ੍ਹ ’ਚ ਪ੍ਰੋਪਰਟੀ ਖਰੀਦਣੀ ਸੀ। ਜਿਸ ਦੇ ਲਈ ਉਸਨੇ ਆਪਣੇ ਦੋਸਤ ਰਿਸ਼ੀ ਰਾਏ ਵਾਸੀ ਹੈਬੋਵਾਲ ਨਾਲ ਗੱਲ ਕੀਤੀ। ਜਿਸ ਨੇ ਉਸਦਾ ਸੰਪਰਕ ਅਮਰੀਕ ਸਿੰਘ ਤੇ ਗੁਰਪਾਲ ਸਿੰਘ ਨਾਲ ਇਹ ਕਹਿ ਕੇ ਕਰਵਾ ਦਿੱਤਾ ਕਿ ਇਹ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਹਨ। ਵਰੁਣ ਮੁਤਾਬਕ ਅਮਰੀਕ ਸਿੰਘ ਤੇ ਗੁਰਪਾਲ ਸਿੰਘ ਨੇ ਉਸਨੂੰ ਅੱਗੇ ਚੰਡੀਗੜ੍ਹ ਦੀ ਰਹਿਣ ਵਾਲੀ ਮਨਜੀਤ ਕੌਰ ਨਾਲ ਮਿਲਵਾਇਆ ਤੇ ਦੱਸਿਆ ਕਿ ਮਨਜੀਤ ਕੌਰ ਚੰਡੀਗੜ੍ਹ ਵਿਖੇ ਪਲਾਟ, ਕੋਠੀਆਂ, ਫਲੈਟ ਤੇ ਹੋਰ ਚੰਡੀਗੜ੍ਹ ਨਾਲ ਸਬੰਧਿਤ ਪ੍ਰੋਪਰਟੀਆਂ ਦੇ ਸੌਦੇ ਕਰਵਾਉਂਦੀ ਹੈ। (Fraud)

Also Read : ਵੱਡੀ ਖ਼ਬਰ, ਪੰਜਾਬ ਦੇ ਸਕੂਲਾਂ ’ਚ ਮਿੱਡ-ਡੇਅ-ਮੀਲ ਦਾ ਨਵਾਂ ਮੈਨਿਊ ਜਾਰੀ

ਵਰੁਣ ਨੇ ਦੱਸਿਆ ਕਿ 26 ਫਰਵਰੀ 2024 ਨੂੰ ਉਕਤਾਨ ਅਮਰੀਕ, ਗੁਰਪਾਲ ਤੇ ਮਨਜੀਤ ਕੌਰ ਨੇ ਉਸਨੂੰ ਚੰਡੀਗੜ੍ਹ ਦੇ ਸੈਕਟਰ 38 (ਵੈਸਟ) ’ਚ 250 ਵਰਗ ਗਜ ਦੀ ਕੋਠੀ ਦਿਖਾਈ ਜੋ ਪਸੰਦ ਆਉਣ ’ਤੇ ਉਨ੍ਹਾਂ ਦਾ ਮਨਜੀਤ ਕੌਰ ਨਾਲ ਕੋਠੀ ਦਾ ਸੌਦਾ 82 ਲੱਖ ਰੁਪਏ ਵਿੱਚ ਤੈਅ ਹੋ ਗਿਆ। ਜਿਸ ਦੀ ਸਾਈ ਵਜੋਂ ਉਸਨੇ 2 ਲੱਖ ਰੁਪਏ ਮੌਕੇ ’ਤੇ ਹੀ ਅਤੇ ਬਾਅਦ ਵਿੱਚ ਵੱਖ ਵੱਖ ਤਰੀਕਾਂ ਨੂੰ ਕੁੱਲ 58 ਲੱਖ ਰੁਪਏ (ਕੁੱਝ ਅਕਾਊਂਟ ਵਿੱਚ ਅਤੇ ਕੁੱਝ ਕੈਸ਼) ਮਨਜੀਤ ਕੌਰ ਨੂੰ ਦੇ ਦਿੱਤੇ।

58 ਲੱਖ ਰੁਪਏ ਦੀ ਰਕਮ

ਜਿਸ ਸਬੰਧੀ ਉਸ ਕੋਲ ਵੀਡੀਓ ਅਤੇ ਬੈਂਕ ਸਟੇਟਮੈਂਟ ਵੀ ਸਬੂਤ ਵਜੋਂ ਮੌਜੂਦ ਹੈ। ਉਨ੍ਹਾਂ ਅੱਗੇ ਦੱਸਿਆ ਕਿ 58 ਲੱਖ ਰੁਪਏ ਦੀ ਰਕਮ ਦੇਣ ਤੋਂ ਬਾਅਦ ਉਸਨੂੰ ਨਾ ਤਾਂ ਸਬੰਧਿਤ ਕੋਠੀ ਦਾ ਕਬਜ਼ਾ ਦਿਲਵਾਇਆ ਗਿਆ ਅਤੇ ਨਾ ਹੀ ਉਸ ਵੱਲੋਂ ਦਿੱਤੀ ਕਈ ਰਕਮ ਉਸਨੂੰ ਵਾਪਸ ਕੀਤੀ ਗਈ। ਜਿਸ ਪਿੱਛੋਂ ਉਸ ਵੱਲੋਂ ਕੀਤੀ ਗਈ ਪੜਤਾਲ ’ਤੇ ਸਾਹਮਣੇ ਆਇਆ ਕਿ 5523 ਨੰਬਰ ਕੋਠੀ ਪਹਿਲਾਂ ਹੀ ਹਾਊਸਿੰਗ ਬੋਰਡ ਵੱਲੋਂ ਵੇਚੀ ਜਾ ਚੁੱਕੀ ਹੈ ਜੋ ਮਨਜੀਤ ਕੌਰ ਦੁਆਰਾ ਜ਼ਾਅਲੀ ਕਾਗਜ ਤਿਆਰ ਕੇ ਉਸਨੂੰ ਵੇਚੀ ਗਈ ਹੈ।

ਮਾਮਲੇ ਸਬੰਧੀ ਸ਼ਿਕਾਇਤ ਮਿਲਣ ’ਤੇ ਥਾਣਾ ਸਦਰ ਦੀ ਪੁਲਿਸ ਨੇ ਵਰੁਣ ਜੈਨ ਵਾਸੀ ਮਹਾਰਾਜਾ ਰਣਜੀਤ ਸਿੰਘ ਨਗਰ ਲੁਧਿਆਣਾ ਦੇ ਬਿਆਨਾਂ ’ਤੇ ਮਨਜੀਤ ਕੌਰ ਤੇ ਮਲਿਕਾ ਵਾਸੀਆਨ ਚੰਡੀਗੜ੍ਹ, ਅਮਰੀਕ ਸਿੰਘ ਵਾਸੀ ਅਮਨ ਨਗਰ ਸਲੇਮ ਟਾਬਰੀ ਤੇ ਗੁਰਪਾਲ ਸਿੰਘ ਵਾਸੀ ਤੱਲਣ ਚੌਂਕ ਜਲੰਧਰ ਖਿਲਾਫ਼ ਧੋਖਾਧੜੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਤਫ਼ਤੀਸੀ ਅਫ਼ਸਰ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ’ਚ ਅਗਲੇਰੀ ਕਾਰਵਾਈ ਜਾਰੀ ਹੈ।