ਸਾਵਧਾਨ! ਕਿਤੇ ਹੋ ਨਾ ਜਾਇਓ ਠੱਗੀ ਦਾ ਸ਼ਿਕਾਰ, ਆਧਾਰ ਕਾਰਡ ਦੇ ਨਾਂਅ ’ਤੇ ਇਸ ਤਰ੍ਹਾਂ ਠੱਗ ਰਹੇ ਨੇ ਲੋਕ
ਪੂਨੇ ’ਚ ਵੋਟਰ ਕਾਰਡ ਅਪਡੇਟ ਦੇ ਨਾਂਅ ’ਤੇ ਬਜ਼ੁਰਗ ਨਾਲ 5 ਲੱਖ ਦੀ ਠੱਗੀ
ਪੂਨੇ/ਲੁਧਿਆਣਾ (ਏਜੰਸੀ)। ਚੋਣਾਂ ਅਤੇ ਵੋਟਰ ਕਾਰਡਾਂ ਨਾਲ ਸਬੰਧਿਤ ਦੋ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਹਨ। ਪੂਨੇ ਵਿੱਚ ਇੱਕ ਬਜ਼ੁਰਗ ਵਿਅਕਤੀ ਨਾਲ ਉਸ ਦਾ ਵੋਟਰ ਕਾਰਡ ਅਪਡੇਟ ਕਰਨ ਦੇ ਨਾਂਅ ’ਤੇ 5 ਲੱਖ ਰੁਪਏ ਦੀ ਠੱਗੀ ਮਾਰੀ ਗਈ, ਉੱਥੇ ਹੀ ਲੁਧਿਆਣਾ ਵਿੱਚ ਵੋਟਰ ਸੂਚੀ ਵਿੱਚ ਬੇਨਿਯਮੀਆਂ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਪੂੁਨੇ ਵਿੱਚ ਇੱਕ ਧੋਖੇਬਾਜ਼ ਨੇ ਚੋਣ ਕਮਿਸ਼ਨ ਦੇ ਅਧਿਕਾਰੀ ਦੇ ਰੂਪ ਵਿੱਚ ਪੇਸ਼ ਹੋ ਕੇ ਇੱਕ 80 ਸਾਲਾ ਵਿਅਕਤੀ ਨਾਲ 5 ਲੱਖ ਰੁਪਏ ਦੀ ਠੱਗੀ ਮਾਰੀ। ਇਹ ਮਾਮਲਾ ਲਕਸ਼ਮੀ ਨਗਰ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਸ਼ਿਕਾਇਤਕਰਤਾ ਕਾਂਜਾਸ਼ੇਰੀ ਵੈਦਿਆਨਾਥਨ ਵੈਂਕਟੇਸ਼ਨ 80 ਸਾਲਾਂ ਦੇ ਹਨ ਅਤੇ ਟਾਟਾ ਮੋਟਰਜ਼ ਦਾ ਸੇਵਾਮੁਕਤ ਮੁਲਾਜ਼ਮ ਹੈ। ਉਹ ਪੂਨੇ ਦੇ ਯੇਰਵਡਾ ਖੇਤਰ ਵਿੱਚ ਰਹਿੰਦਾ ਹੈ। ਮੁਲਜ਼ਮ ਨੇ ਉਸ ਨੂੰ ਫ਼ੋਨ ਕੀਤਾ ਅਤੇ ਆਪਣੇ ਆਪ ਨੂੰ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਦੇ ਇੱਕ ਅਧਿਕਾਰੀ ਵਜੋਂ ਪੇਸ਼ ਕੀਤਾ। ਉਸ ਨੇ ਕਿਹਾ ਕਿ ਉਸ ਨੂੰ ਆਪਣਾ ਵੋਟਰ ਕਾਰਡ ਅਪਡੇਟ ਕਰਨ ਦੀ ਲੋੜ ਹੈ। ਮੁਲਜ਼ਮ ਨੇ ਫਿਰ ਬਜ਼ੁਰਗ ਵਿਅਕਤੀ ਨੂੰ ਇੱਕ ਏਪੀਕੇ ਫਾਈਲ ਡਾਊਨਲੋਡ ਕਰਨ ਲਈ ਕਿਹਾ।
Read Also : ਪੰਜਾਬ ਨੂੰ ਪਹਿਲੀ ਵਾਰ ਮਿਲੀ ‘ਕੰਮ’ ਕਰਨ ਵਾਲੀ ਸਰਕਾਰ : ਭਗਵੰਤ ਸਿੰਘ ਮਾਨ
ਫਾਈਲ ਡਾਊਨਲੋਡ ਹੋਣ ਤੋਂ ਬਾਅਦ ਮੁਲਜ਼ਮ ਨੇ ਉਸ ਦੀ ਮੋਬਾਇਲ ਸਕਰੀਨ ਸਾਂਝੀ ਕਰਵਾਈ ਅਤੇ ਉਸ ਦੇ ਬੈਂਕ ਪਾਸਵਰਡ ਹੈਕ ਕਰ ਲਏ। ਉਸ ਨੇ ਬਜ਼ੁਰਗ ਵਿਅਕਤੀ ਦੇ ਖਾਤੇ ਵਿੱਚੋਂ 5 ਲੱਖ ਰੁਪਏ ਕਢਵਾ ਲਏ। ਲਕਸ਼ਮੀ ਨਗਰ ਪੁਲਿਸ ਸਟੇਸ਼ਨ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੂਜਾ ਮਾਮਲਾ ਲੁਧਿਆਣਾ ਪੂਰਬੀ ਵਿਧਾਨ ਸਭਾ ਹਲਕੇ ਦਾ ਹੈ। ਵੋਟਰ ਸੂਚੀ ਵਿੱਚ ਇੱਕ ਵੱਡੀ ਗਲਤੀ ਦਾ ਪਤਾ ਲੱਗਿਆ ਹੈ। ਅਮਨ ਕੁਮਾਰ ਨਾਂਅ ਦੇ ਵਿਅਕਤੀ ਦੀ ਫੋਟੋ ਦੀ ਜਗ੍ਹਾ ਸ਼ਹੀਦ ਭਗਤ ਸਿੰਘ ਦੀ ਫੋਟੋ ਲਾ ਦਿੱਤੀ ਗਈ ਹੈ ਇਹ ਫੋਟੋ ਬੂਥ ਨੰਬਰ 38 ਦੀ ਵੋਟਰ ਸੂਚੀ ਵਿੱਚ ਸੀਰੀਅਲ ਨੰਬਰ 422 ’ਤੇ ਹੈ। ਇਸ ਗਲਤੀ ਤੋਂ ਬਾਅਦ ਵਿਰੋਧੀ ਧਿਰ ਨੇ ਸਵਾਲ ਖੜ੍ਹੇ ਕੀਤੇ ਹਨ। ਇਸ ਮਾਮਲੇ ’ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।