550ਵਾਂ ਪ੍ਰਕਾਸ਼ ਪੁਰਬ: ਪਰਕਾਸ਼ ਸਿੰਘ ਬਾਦਲ ਦੇ ਵਿਸ਼ੇਸ਼ ਸੈਸ਼ਨ ‘ਚ ਨਰਮੀ ਤੇ ਪਿਆਰ ਦਾ ਹੋਕਾ ਦਿੱਤਾ
ਅਸ਼ਵਨੀ ਚਾਵਲਾ/ਚੰਡੀਗੜ। ਪੰਜਾਬ ਵਿਧਾਨ ਸਭਾ ਵਿਖੇ ਚੱਲ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਾਰਿਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਿਆਂ ਆਖਿਆ ਕਿ ਜਿਹੜਾ ਪਿੱਛੇ ਹੋ ਗਿਆ, ਸੋ ਹੋ ਗਿਆ, ਉਹਨੂੰ ਛੱਡ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਇਸ ਲਈ ਕਿਸੇ ਵੀ ਤਰਾਂ ਦੀ ਖਹਿਬਾਜ਼ੀ ਵਿੱਚ ਨਹੀਂ ਪੈਣਾ ਚਾਹੀਦਾ ਹੈ। ਉਹ ਹੁਣ 93 ਸਾਲ ਦੇ ਹੋ ਗਏ ਹਨ ਅਤੇ ਇਸ ਸਦਨ ਵਿੱਚ 5 ਵਾਰ ਮੁੱਖ ਮੰਤਰੀ ਬਣ ਕੇ ਆ ਚੁੱਕੇ ਹਨ। ਇਸ ਲੰਬੇ ਸਮੇਂ ਦੌਰਾਨ ਉਨ੍ਹਾਂ ਤੋਂ ਜਿਹੜੀ ਵੀ ਗਲਤੀ ਹੋਈ ਹੈ, ਉਹ ਆਪਣੀ ਗਲਤੀ ਦੀ ਮੁਆਫ਼ੀ ਮੰਗਦੇ ਹਨ।
ਪਰਕਾਸ਼ ਸਿੰਘ ਬਾਦਲ ਦਾ ਇਹ ਰੂਪ ਦੇਖ ਕੇ ਹਰ ਕੋਈ ਹੈਰਾਨ ਸੀ, ਕਿਉਂਕਿ ਪਰਕਾਸ਼ ਸਿੰਘ ਬਾਦਲ ਨੇ ਬਹੁਤ ਹੀ ਹਲੀਮੀ ਨਾਲ ਦੋ ਵਾਰ ਹੱਥ ਜੋੜ ਕੇ ਨਾ ਸਿਰਫ਼ ਮੁਆਫ਼ੀ ਮੰਗੀ, ਸਗੋਂ ਅੱਜ ਦੇ ਦਿਨ ਤੋਂ ਸਾਰੀ ਸਿਆਸੀ ਧਿਰਾਂ ਨੂੰ ਇੱਕਜੁੱਟ ਹੋ ਕੇ ਪ੍ਰੇਮ ਪਿਆਰ ਨਾਲ ਰਹਿਣ ਦਾ ਸੱਦਾ ਵੀ ਦਿੱਤਾ। Governments
ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਹਮੇਸ਼ਾ ਹੀ ਪ੍ਰੇਮ ਪਿਆਰ ਦੇ ਰਸਤੇ ‘ਤੇ ਚਲਣ ਲਈ ਫ਼ਰਮਾਉਂਦੇ ਆਏ ਹਨ ਅਤੇ ਸਾਨੂੰ ਉਨ੍ਹਾਂ ਵੱਲੋਂ ਦਿੱਤੇ ਗਏ ਸੰਦੇਸ਼ ‘ਤੇ ਅਮਲ ਕਰਨਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਿਹੜਾ ਪਿੱਛੇ ਹੋਇਆ, ਸੋ ਹੋਇਆ। ਇਸ ਪਿੱਛੇ ਕਿਹੜਾ ਜਿੰਮੇਵਾਰ ਹੈ, ਉਹਨੂੰ ਛੱਡੋ, ਆਪਾਂ ਇਸ ਗੱਲ ‘ਤੇ ਨਹੀਂ ਆਉਣਾ, ਜੇਕਰ ਇਹ ਗੱਲਾਂ ਛੇੜ ਲਈਆਂ ਤਾਂ ਇੱਕ ਦੂਜੇ ਵਿੱਚ ਨਫ਼ਰਤ ਵਧੇਗੀ। ਇਸ ਲਈ ਅੱਜ ਤੋਂ ਆਪਾਂ ਪ੍ਰਣ ਕਰੀਏ ਕਿ ਆਪਾ ਪਿਆਰ ਅਤੇ ਸਤਿਕਾਰ ਵਾਲਾ ਮਾਹੌਲ ਸਾਰੀਆਂ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਬਣਾ ਕੇ ਚਲਣ। ਇਹ ਨਹੀਂ ਕਿ ਇਹਨੂੰ ਫੜ ਲਿਓ, ਇਹਨੂੰ ਅੰਦਰ ਦੇ ਦਿਓ। ਜਿਹੜਾ ਇਹ ਕਰਵਾਉਂਦਾ ਉਹਨੂੰ ਹੀ ਇਸ ਦਾ ਨੁਕਸਾਨ ਹੁੰਦਾ ਹੈ। Governments
ਉਨ੍ਹਾਂ ਕਿਹਾ ਕਿ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਹੈ ਪਰ ਹੁਣ ਕਹਿਣਾ ਪੈ ਰਿਹਾ ਹੈ ਕਿ ਜਦੋਂ ਦੇਸ਼ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਇੰਦਰਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਜਾਵੇ, ਮੈ ਦੇਸ਼ ਤੋਂ ਹੀ ਬਾਹਰ ਚਲੀ ਜਾਵਾਂਗੀ। ਆਪਣੇ ਜਿਹੜੇ ਜੋਸ਼ੀਲੇ ਜਿਹੇ ਬੰਦੇ ਹੁੰਦੇ ਹਨ, ਉਹ ਹੀ ਗਲਤ ਕੰਮ ਕਰਵਾਉਂਦੇ ਹਨ। ਉਹ ਕਹਿੰਦੇ ਹਨ ਕਿ ਨਹੀਂ ਇਨ੍ਹਾਂ ਨੂੰ ਤਾਂ ਫੜ ਕੇ ਅੰਦਰ ਦਿਓ, ਜਿਸ ਤੋਂ ਬਾਅਦ ਇੱਕ ਵਾਰ ਫਿਰ ਇੰਦਰਾ ਗਾਂਧੀ ਦੀ ਸਰਕਾਰ ਬਣ ਗਈ ਅਤੇ ਉਹ ਪ੍ਰਧਾਨ ਮੰਤਰੀ ਬਣ ਗਏ। ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਿਸੇ ‘ਤੇ ਵੀ ਜੇਕਰ ਤੁਸੀਂ ਕਿਸੇ ‘ਤੇ ਵੀ ਜ਼ੁਲਮ ਜਾਂ ਬੇਇਨਸਾਫ਼ੀ ਕਰੋ ਤਾਂ ਲੋਕ ਉਨ੍ਹਾਂ ਦਾ ਹੀ ਸਾਥ ਦਿੰਦੇ ਹਨ ਅਤੇ ਉਹਨੂੰ ਹੀ ਵੋਟ ਦਿੰਦੇ ਹਨ। ਜਿਹੜਾ ਉਹ 5-6 ਵਾਰੀ ਮੁੱਖ ਮੰਤਰੀ ਬਣੇ ਹਨ। ਇਹ ਮੇਰੇ ਨਾਲ ਧੱਕੇ ਹੁੰਦੇ ਰਹੇ ਹਨ ਤਾਂ ਹੀ ਲੋਕ ਮੈਨੂੰ ਚੁਣ ਕੇ ਇਥੇ ਭੇਜਦੇ ਰਹੇ ਹਨ।
ਜਿਹੜੇ ਲੋਕ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ, ਉਨ੍ਹਾਂ ਖ਼ਿਲਾਫ਼ ਖੜ੍ਹੇ ਹੋਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਦੇ ਹੱਥ ਚੜ੍ਹ ਕੇ ਗਲਤ ਕੰਮ ਕਰਨੇ ਚਾਹੀਦੇ ਹਨ।
ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿਨ੍ਹਾਂ ਨੇ ਮੇਰਾ ਦਾ ਨੁਕਸਾਨ ਕੀਤਾ, ਉਨ੍ਹਾਂ ਨੇ ਉਸ ਦਾ ਹਮੇਸ਼ਾ ਹੀ ਫਾਇਦਾ ਕੀਤਾ ਹੈ ਪਰ ਫਿਰ ਵੀ ਜੇਕਰ ਗਲਤੀ ਨਾਲ ਕਿਸੇ ਦਾ ਨੁਕਸਾਨ ਹੋ ਗਿਆ ਹੋਵੇ ਤਾਂ ਉਹ ਇੱਕ ਵਾਰ ਫਿਰ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ।
ਢਿੱਲੀ ਸਿਹਤ ਕਾਰਨ ਬੈਠ ਕੇ ਕੀਤਾ ਸਦਨ ਨੂੰ ਸੰਬੋਧਨ
ਪਰਕਾਸ਼ ਸਿੰਘ ਬਾਦਲ ਦੀ ਸਿਹਤ ਠੀਕ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੇ ਸਪੀਕਰ ਨੂੰ ਗੁਹਾਰ ਲਗਾਈ ਕਿ ਉਹ ਬੈਠ ਕੇ ਹੀ ਸਦਨ ਦੀ ਕਾਰਵਾਈ ਦੌਰਾਨ ਬੋਲਣਾ ਚਾਹੁੰਦੇ ਹਨ ਤਾਂ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਬੈਠ ਕੇ ਬੋਲਣ ਦੀ ਇਜਾਜ਼ਤ ਦੇ ਦਿੱਤੀ। ਜਿਸ ਤੋਂ ਬਾਅਦ ਲਗਭਗ ਅੱਧਾ ਘੰਟਾ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਦਨ ਨੂੰ ਸੰਬੋਧਨ ਕਰਦੇ ਹੋਏ ਕਾਫ਼ੀ ਕੁਝ ਬੋਲਿਆ।
ਹਰਿਆਣਾ ਦੇ ਵਿਧਾਇਕਾਂ ਨੇ ਲਿਆ ਭਾਗ, ਬਾਦਲ ਅਣਵੰਡੇ ਪੰਜਾਬ ਵੇਲੇ ਵੀ ਸਨ ਵਿਧਾਇਕ
ਅੱਜ ਦੇ ਸਪੈਸ਼ਲ ਸੈਸ਼ਨ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੋਂ ਇਲਾਵਾ ਲਗਭਗ ਸਾਰੇ ਵਿਧਾਇਕਾਂ ਤੇ ਹਰਿਆਣਾ ਸਪੀਕਰ ਗਿਆਨ ਚੰਦ ਗੁਪਤਾ ਨੇ ਭਾਗ ਲਿਆ। ਇਸ 53 ਸਾਲ ਬਾਅਦ ਇਹ ਮੁੜ ਤੋਂ ਮੌਕਾ ਆਇਆ ਹੈ, ਜਦੋਂ ਹਰਿਆਣਾ ਅਤੇ ਪੰਜਾਬ ਦੇ ਸਾਰੇ ਵਿਧਾਇਕ ਸਦਨ ਦੀ ਕਾਰਵਾਈ ਦੌਰਾਨ ਇਕੱਠੇ ਭਾਗ ਲੈ ਰਹੇ ਸਨ। ਇਨ੍ਹਾਂ ਸਾਰੇ ਵਿਧਾਇਕਾਂ ਵਿੱਚ ਪਰਕਾਸ਼ ਸਿੰਘ ਬਾਦਲ ਇਹੋ ਜਿਹੇ ਵਿਧਾਇਕ ਸਨ, ਜਿਹੜਾ ਕਿ ਪੰਜਾਬ ਅਤੇ ਹਰਿਆਣਾ ਦੀ ਵੰਡ ਸਮੇਂ 1966 ਤੋਂ ਪਹਿਲਾਂ ਵੀ ਵਿਧਾਇਕ ਸਨ ਅਤੇ ਹੁਣ ਜਦੋਂ ਮੁੜ ਤੋਂ ਦੋਵਾਂ ਸੂਬਿਆਂ ਦੇ ਵਿਧਾਇਕ ਇਕੱਠੇ ਬੈਠੇ ਤਾਂ ਉਹ ਅੱਜ ਵੀ ਵਿਧਾਇਕ ਹਨ।
ਅਮਰਿੰਦਰ ਸਿੰਘ ਨੇ ਨਹੀਂ ਲਿਆ ਸਟੇਜ ਤੋਂ ਬਾਦਲ ਦਾ ਨਾਂਅ, ਹੁੱਡਾ ਦਾ ਲਿਆ 2 ਵਾਰ ਨਾਂਅ
ਅੱਜ ਦੇ ਸਪੈਸ਼ਲ ਸੈਸ਼ਨ ਦੌਰਾਨ ਸਵੇਰੇ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਧੰਨਵਾਦੀ ਭਾਸ਼ਣ ਦੇ ਰਹੇ ਸਨ ਤਾਂ ਉਨ੍ਹਾਂ ਸਟੇਜ ‘ਤੇ ਬੈਠੀਆਂ ਸ਼ਖ਼ਸੀਅਤਾਂ ਦਾ ਨਾਂਅ ਲੈਣ ਤੋਂ ਬਾਅਦ ਸਦਨ ਅੰਦਰ ਬੈਠੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਦਾ ਨਾਂਅ ਲੈਣ ਤੋਂ ਬਾਅਦ ਹਰਿਆਣਾ ਕਾਂਗਰਸ ਵਿਧਾਇਕ ਦਲ ਦੇ ਲੀਡਰ ਭੁਪਿੰਦਰ ਸਿੰਘ ਹੁੱਡਾ ਦਾ ਨਾਂਅ ਲਿਆ ਪਰ ਉਸ ਸਮੇਂ ਹੁੱਡਾ ਸਦਨ ਦੇ ਅੰਦਰ ਹਾਜ਼ਰ ਹੀ ਨਹੀਂ ਸਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਉਨ੍ਹਾਂ ਨਾਂਅ ਨਹੀਂ ਲਿਆ ਅਤੇ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਭੁਪਿੰਦਰ ਸਿੰਘ ਹੁੱਡਾ ਸਦਨ ਦੇ ਅੰਦਰ ਆਏ ਤਾਂ ਮੁੜ ਤੋਂ ਅਮਰਿੰਦਰ ਸਿੰਘ ਨੇ ਹੁੱਡਾ ਦਾ ਨਾਂਅ ਲੈ ਕੇ ਉਨ੍ਹਾਂ ਦਾ ਸੁਆਗਤ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।