ਹੌਂਸਲਿਆਂ ਦੀ ਉਡਾਣ ਸ਼ਾਸਤਰੀ ਗਾਇਨ ਦੇ ਉਸਤਾਦ ਸਨ ਪੰਡਿਤ ਜਸਰਾਜ

Pandit Jasraj

ਭਾਰਤੀ ਸ਼ਾਸਤਰੀ ਸੰਗੀਤ ਅੱਜ ਦੁਨੀਆ ਨੂੰ ਭਾਰਤ ਵੱਲੋਂ ਦਿੱਤੇ ਗਏ ਸਭ ਤੋਂ ਮਹਾਨ ਤੋਹਫਿਆਂ ’ਚੋਂ ਇੱਕ ਹੈ। ਕਈ ਅਜਿਹੇ ਧੰਨ ਅਤੇ ਭਾਗਸ਼ਾਲੀ ਹਨ ਜਿਨ੍ਹਾਂ ਨੇ ਸ਼ਾਸਤਰੀ ਸੰਗੀਤ ਦੇ ਭਾਰਤੀ ਤੋਹਫੇ ਨੂੰ ਦੁਨੀਆ ਦੇ ਕੋਨੇ-ਕੋਨੇ ’ਚ ਲੈ ਕੇ ਜਾਣ ਲਈ ਆਪਣਾ ਪੂਰਾ ਜੀਵਨ ਸਮੱਰਪਿਤ ਕਰ ਦਿੱਤਾ। ਸੰਗੀਤ ਸਮਰਾਟ ਪੰਡਿਤ ਜਸਰਾਜ (Pandit Jasraj) ਸੰਗੀਤ ਪ੍ਰਤੀ ਅਜਿਹੇ ਹੀ ਜਨੂੰਨੀ ਅਤੇ ਸ਼ਾਸਤਰੀ ਗਾਇਨ ਦੇ ਉਸਤਾਦ ਸਨ। ਜਿਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਸ਼ਾਸਤਰੀ ਸੰਗੀਤ ਨੂੰ ਜਨਤਾ ਲਈ ਸਰਲ ਅਤੇ ਸੁਖਾਲਾ ਬਣਾਉਣਾ ਸੀ। ਉਨ੍ਹਾਂ ਨੇ ਖਿਆਲ ਗਾਇਨ ’ਚ ਠੁਮਰੀ ਦਾ ਪੁੱਟ ਪਾਇਆ ਜੋ ਸਰੋਤਿਆਂ ਦੇ ਕੰਨਾਂ ’ਚ ਮਿਸ਼ਰੀ ਘੋਲ ਜਾਂਦਾ ਸੀ। ਉਹ ਬੰਦਿਸ਼ ਵੀ ਆਪਣੇ ਜਸਰੰਗੀ ਅੰਦਾਜ਼ ’ਚ ਗਾਉਂਦੇ ਸਨ।

28 ਜਨਵਰੀ, 1930 ਨੂੰ ਹਰਿਆਣਾ ਦੇ ਹਿਸਾਰ ’ਚ ਜਨਮ | Pandit Jasraj

ਸ਼ਾਸਤਰੀ ਸੰਗੀਤਕਾਰ ਹੋਣ ਦੇ ਬਾਵਜ਼ੂਦ ਉਨ੍ਹਾਂ ਨੂੰ ਨਵੇਂ ਯੁੱਗ ਦੇ ਸੰਗੀਤ ਤੋਂ ਕੋਈ ਪਰਹੇਜ਼ ਨਹੀਂ ਸੀ। ਉਹ ਦੁਨੀਆਭਰ ਦਾ ਸੰਗੀਤ ਸੁਣਦੇ ਅਤੇ ਉਸ ਦੀ ਸ਼ਲਾਘਾ ਕਰਦੇ ਸਨ। ਜਗਜੀਤ ਸਿੰਘ ਦੀ ਗਜ਼ਲ ‘ਸਰਕਤਾ ਜਾਏ ਰੁਖ ਸੇ ਨਾਕਾਬ’ ਉਨ੍ਹਾਂ ਦੀ ਪਸੰਦੀਦਾ ਸੀ ਅਤੇ ਇੱਕ ਵਾਰ ਉਨ੍ਹਾਂ ਨੇ ਇਸ ਨੂੰ ਇੱਕ ਦਿਨ ’ਚ ਸੌ ਵਾਰ ਸੁਣਿਆ ਸੀ। ਜ਼ਿਕਰਯੋਗ ਹੈ ਕਿ 28 ਜਨਵਰੀ, 1930 ਨੂੰ ਹਰਿਆਣਾ ਦੇ ਹਿਸਾਰ ’ਚ ਜੰਮੇ ਪੰਡਿਤ ਜਸਰਾਜ ਮੇਵਾਤ ਜਾਂ ਮੇਵਾਤੀ ਘਰਾਣੇ ਤੋਂ ਆਉਂਦੇ ਸਨ। ਹਾਲਾਂਕਿ ਉਨ੍ਹਾਂ ਦਾ ਬਚਪਨ ਹੈਦਰਾਬਾਦ ’ਚ ਬੀਤਿਆ। ਉਨ੍ਹਾਂ ਦੇ ਪਿਤਾ ਪੰਡਿਤ ਮੋਤੀਰਾਮ ਵੀ ਸ਼ਾਸਤਰੀ ਗਾਇਕ ਸਨ। ਉਨ੍ਹਾਂ ਦੇ ਪਿਤਾ ਨੇ ਬਚਪਨ ਤੋਂ ਹੀ ਉਨ੍ਹਾਂ ਨੂੰ ਸੁਰਾਂ ਦੀ ਤਾਲੀਮ ਦਿੱਤੀ ਸੀ। ਉਨ੍ਹਾਂ ਨੇ ਸੰਗੀਤ ਦੀ ਦੁਨੀਆ ’ਚ 80 ਸਾਲ ਤੋਂ ਜ਼ਿਆਦਾ ਬਿਤਾਏ ਅਤੇ ਕਈ ਮੁੱਖ ਪੁਰਸਕਾਰ ਪ੍ਰਾਪਤ ਕੀਤੇ। ਉਨ੍ਹਾਂ ਨੂੰ 2000 ’ਚ ਭਾਰਤ ਸਰਕਾਰ ਨੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ।

ਉਨ੍ਹਾਂ ਨੇ ਭਾਰਤ, ਕੈਨੇਡਾ ਅਤੇ ਅਮਰੀਕਾ ’ਚ ਸੰਗੀਤ ਸਿਖਾਇਆ। ਉਨ੍ਹਾਂ ਦੇ ਕੁਝ ਸ਼ਿਸ਼ ਨਾਮੀ ਸੰਗੀਤਕਾਰ ਵੀ ਬਣੇ ਹਨ। ਉਹ ਬਾਲੀਵੁੱਡ ਦੇ ਗਾਣੇ ਵੀ ਸੁਣਨਾ ਪਸੰਦ ਕਰਦੇ ਸਨ। ਉਨ੍ਹਾਂ ਨੇ ਕੁਝ ਫਿਲਮਾਂ ’ਚ ਵੀ ਗਾਇਆ ਸੀ। 1966 ’ਚ ਪਹਿਲੀ ਵਾਰ ਵੀ. ਸ਼ਾਂਤਾਰਾਮ ਦੀ ਫਿਲਮ ‘ਲੜਕੀ ਸਹਿਯਾਦਰੀ ਕੀ ’ ਅਤੇ ਫਿਰ 1975 ’ਚ ‘ਬੀਰਬਲ ਮਾਈ ਬ੍ਰਦਰ’ ਲਈ ਗਾਇਆ। ਹਾਲਾਂਕਿ ਫਿਲਮਾਂ ’ਚ ਫਿਰ ਹੀ ਗਾਉਂਦੇ ਸਨ ਜਦੋਂ ਗਾਣਾ ਰਾਗ ’ਤੇ ਆਧਾਰਿਤ ਹੋਵੇ। 2008 ’ਚ ਆਈ ਹਾਰਰ ਫਿਲਮ ‘1920’ ਲਈ ਗਾਇਆ ਉਨ੍ਹਾਂ ਦਾ ਗਾਣਾ ਇਸ ਮਾਇਨੇ ’ਚ ਅੱਪਵਾਦ ਸੀ। ਉਹ ਕਹਿੰਦੇ ਸਨ ਕਿ ਜਦੋਂ ਉਹ ਗਾਉਂਦੇ ਹਨ ਤਾਂ ਈਸ਼ਵਰ ਨੂੰ ਸਾਹਮਣੇ ਖੜ੍ਹਾ ਪਾਉਂਦੇ ਹਨ ਫ਼ਿਰ ਉਨ੍ਹਾਂ ਨੂੰ ਕਿਸੇ ਦਾ ਅਹਿਸਾਸ ਨਹੀਂ ਰਹਿੰਦਾ।

ਇਹ ਵੀ ਪੜ੍ਹੋ : ਪਵਿੱਤਰ ਮਹਾਂ ਪਰਉਪਕਾਰ ਦਿਹਾੜੇ ਦਾ ਭੰਡਾਰਾ 23 ਨੂੰ,  ਸਮਾਂ ਸਵੇਰੇ 11 ਵਜੇ 

ਉਹ ਇੱਕ ਵਾਕਿਆ ਦਾ ਜ਼ਿਕਰ ਹਮੇਸ਼ਾ ਕਰਦੇ ਸਨ ਜਦੋਂ 1952 ’ਚ ਮੌਜੂਦਾ ਨੇਪਾਲ ਨਰੇਸ਼ ਤਿ੍ਰਭੁਵਨ ਵਿਕਰਮ ਦੇ ਸਾਹਮਣੇ ਦਿੱਤੀ ਗਈ ਪੇਸ਼ਕਾਰੀ ’ਤੇ ਉਨ੍ਹਾਂ ਨੂੰ ਪੁਰਸਕਾਰ ’ਚ ਮੋਹਰਾਂ ਮਿਲੀਆਂ ਸਨ। ਉਨ੍ਹਾਂ ਨੂੰ ਕਰੀਬ 5000 ਮੋਹਰਾਂ ਦਿੱਤੀਆਂ ਗਈਆਂ ਸਨ ਅਤੇ ਉਹ ਇਹ ਜਾਣ ਕੇ ਲਗਭਗ ਬੇਹੋਸ਼ ਹੋ ਗਏ ਸਨ ਕਿ ਗਾਉਣ ਲਈ ਪੈਸੇ ਵੀ ਮਿਲਦੇ ਹਨ। ਜਦੋਂ ਉਨ੍ਹਾਂ ਨੂੰ 1975 ’ਚ ਪਦਮਸ਼੍ਰੀ ਸਨਮਾਨ ਮਿਲਿਆ ਤਾਂ ਉਹ ਐਨੇ ਹੈਰਾਨ ਹੋਏ ਕਿ ਉਨ੍ਹਾਂ ਨੇ ਚੁੱਪ ਹੀ ਧਾਰ ਲਈ ਸੀ।

ਉਨ੍ਹਾਂ ਨੂੰ ਯਕੀਨ ਕਰਨ ’ਚ ਕਾਫੀ ਸਮਾਂ ਲੱਗਾ, ਹਾਲਾਂਕਿ ਉਸ ਤੋਂ ਬਾਅਦ ਤਾਂ ਅਣਗਿਣਤ ਸਨਮਾਨ ਅਤੇ ਪੁਰਸਰਕਾਰ ਉਨ੍ਹਾਂ ਦੀ ਝੋਲੀ ’ਚ ਆਏ। ਅੰਤਰਰਾਸ਼ਟਰੀ ਖਗੋਲੀ ਸੰਘ ਨੇ 11 ਨਵੰਬਰ, 2006 ਨੂੰ ਖੋਜੇ ਗਏ ਹੀਣ ਗ੍ਰਹਿ ਨੂੰ ਪੰਡਿਤ ਜਸਰਾਜ ਦੇ ਸਨਮਾਨ ’ਚ ‘ਪੰਡਿਤ ਜਸਰਾਜ’ ਨਾਂਅ ਦਿੱਤਾ ਸੀ। 17 ਅਗਸਤ, 2020 ਨੂੰ ਉਨ੍ਹਾਂ ਦਾ ਅਮਰੀਕਾ ਦੇ ਨਿਊ ਜਰਸੀ ਸ਼ਹਿਰ ’ਚ ਦੇਹਾਂਤ ਹੋ ਗਿਆ ਸੀ ਅਤੇ ਇਸ ਸੰਗੀਤ ਮਾਰਤੰਡ ਨੇ ਦੁਨੀਆ ਨੂੰ ਵਿਦਾ ਕਹਿ ਦਿੱਤਾ।

ਦੇਵੇਂਦਰਰਾਜ ਸੁਥਾਰ