ਭੋਗ ਸਮਾਰੋਹ ‘ਚ ਹਿੱਸਾ ਲੈਣ ਜਾ ਰਹੇ ਪਰਿਵਾਰ ਨਾਲ ਹਾਦਸਾ, ਡਰਾਈਵਰ ਸਮੇਤ ਪੰਜ ਮੌਤਾਂ

Road, Accident, Death, Five, People, Including, Driver, Bhog ceremony

ਬੱਸ ਤੇ ਕਰੂਜ਼ਰ ਦਰਮਿਆਨ ਵਾਪਰਿਆ ਹਾਦਸਾ, ਛੇ ਜਣੇ ਜ਼ਖ਼ਮੀ

ਸੁਰੇਸ਼ ਗਰਗ/ ਭਜਨ ਸਮਾਘ, ਸ੍ਰੀ ਮੁਕਤਸਰ ਸਾਹਿਬ: ਸਥਾਨਕ ਕੋਟਕਪੂਰਾ ਬਠਿੰਡਾ ਬਾਈਪਾਸ ਰੋਡ ‘ਤੇ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਕਾਰ ਡਰਾਇਵਰ ਅਤੇ ਬੱਚੇ ਸਮੇਤ 5 ਵਿਅਕਤੀਆਂ ਦੇ ਮਾਰੇ ਜਾਣ ਅਤੇ 6 ਵਿਅਕਤੀਆਂ ਦੇ ਸਖ਼ਤ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਮੁਕਤਸਰ ਨੇੜਲੇ ਪਿੰਡ ਉਦੇਕਰਨ ਦਾ ਦਲਿਤ ਪਰਿਵਾਰ ਕਰੂਜ਼ਰ ‘ਚ ਸਵਾਰ ਹੋ ਕੇ ਆਪਣੇ ਰਿਸ਼ਤੇਦਾਰੀ ਵਿਖੇ ਪਿੰਡ ਖੁੱਡੀਆਂ ਵਿੱਚ ਭੋਗ ਸਮਾਗਮ ‘ਤੇ ਸ਼ਾਮਿਲ ਹੋਣ ਲਈ ਜਾ ਰਹੇ ਸਨ ਅਤੇ ਜਦੋਂ ਉਹ ਸਵੇਰੇ ਸਾਢੇ ਦੱਸ ਵਜੇ ਦੇ ਕਰੀਬ ਕੋਟਕਪੂਰਾ ਬਠਿੰਡਾ ਬਾਈਪਾਸ ਨੇੜੇ ਟੀਐਮਐਚ ਹੋਟਲ ਕੋਲ ਪਹੁੰਚੇ ਤਾਂ ਇਕ ਜੈਨ ਕਾਰ ਨੂੰ ਓਵਰਟੇਕ ਕਰਦੇ ਸਮੇਂ ਅੱਗੋਂ ਆ ਰਹੀ ਮੁਕਤਸਰ ਰੋਡਵੇਜ਼ ਦੀ ਬੱਸ ਪੀਬੀ30 ਐਚ 9948 ਜੋ ਕਿ ਗੰਗਾਨਗਰ ਤੋਂ ਅੰਬਾਲਾ ਜਾ ਰਹੀ ਸੀ ਨਾਲ ਆਹਮੋਂ ਸਾਹਮਣੇ ਟੱਕਰ ਹੋ ਗਈ।

ਟੱਕਰ ਐਨੀ ਭਿਆਨਕ ਸੀ ਕਿ ਕਰੂਜ਼ਰ ਪੀਬੀ30 ਜੀ 9572 ਦੇ ਪਰਖਚੇ ਉੱਡ ਗਏ ਅਤੇ ਮੌਕੇ ‘ਤੇ ਹੀ ਕਰੂਜ਼ਰ ‘ਚ ਸਵਾਰ 9 ਵਿਅਕਤੀਆਂ ਵਿੱਚੋਂ 3 ਵਿਅਕਤੀਆਂ ਡਰਾਈਵਰ ਰਾਣਾ (40), ਬਖਤਾਵਰ ਸਿੰਘ (60), ਮੁਖਤਿਆਰ ਸਿੰਘ (55) ਦੀ ਮੌਕੇ ‘ਤੇ ਅਤੇ 1 ਔਰਤ ਸੁਰਜੀਤ ਕੌਰ ਸੀਤੋ (75) ਦੀ ਹਸਪਤਾਲ ਵਿੱਚ ਮੌਤ ਹੋ ਗਈ, ਜਦਕਿ ਇਕ ਬੱਚਾ ਸਤਨਾਮ ਸਿੰਘ (10) ਦੀ ਫਰੀਦਕੋਟ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਜਦਕਿ 6 ਵਿਅਕਤੀ ਜਿਨ੍ਹਾਂ ਵਿੱਚ ਰਮਨਦੀਪ ਕੌਰ (35), ਸੋਮਾ ਕੌਰ (40), ਜਸਵੀਰ ਕੌਰ (50) ਅਤੇ ਜਸਵਿੰਦਰ ਕੌਰ (52), ਗੁਰਨਾਮ ਸਿੰਘ ਅਤੇ ਨਛੱਤਰ ਸਿੰਘ ਗੰਭੀਰ ਜਖਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮੁਕਤਸਰ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ।

ਡੀਸੀ ਨੇ ਦੁੱਖ ਪ੍ਰਗਟਾਇਆ

ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ  ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਨੇ ਸਖਤ ਜਖਮੀ ਹੋਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੌਕੇ ‘ਤੇ 20-20 ਹਜ਼ਾਰ ਰੁਪਏ ਅਤੇ ਬਾਕੀ ਇਲਾਜ ਰੈਡ ਕਰਾਸ ਵੱਲੋਂ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ, ਜਦਕਿ ਪੰਜ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਉਨ੍ਹਾਂ ਪੰਜਾਬ ਸਰਕਾਰ ਨੂੰ ਲਿਖਤੀ ਸਿਫਾਰਿਸ਼ ਭੇਜ ਦਿੱਤੀ ਹੈ।

ਬੱਸ ਡਰਾਇਵਰ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ਼

ਇਸ ਦਰਦਨਾਕ ਘਟਨਾ ਸੰਬੰਧੀ ਥਾਣਾ ਸਦਰ ਦੇ ਇੰਚਾਰਜ਼ ਪੈਰੀਵਿੰਕਲ ਸਿੰਘ ਨੇ ਦੱਸਿਆ ਕਿ ਬੱਸ ਡਰਾਇਵਰ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ਼ ਕਰ ਲਿਆ ਹੈ ਅਤੇ ਡਰਾਇਵਰ ਘਟਨਾ ਸਥਾਨ ਤੋਂ ਫਰਾਰ ਦੱਸਿਆ ਜਾ ਰਿਹਾ ਹੈ।