Bathinda News: ਸਥਾਨਕ ਵਾਸੀਆਂ ਤੇ ਫਾਇਰ ਬ੍ਰਿਗੇਡ ਨੇ ਮੁਸ਼ਕਿਲ ਨਾਲ ਪਾਇਆ ਕਾਬੂ
Bathinda News: ਬਠਿੰਡਾ (ਸੁਖਜੀਤ ਮਾਨ)। ਬਠਿੰਡਾ-ਮਾਨਸਾ ਰੋਡ ’ਤੇ ਸਥਿਤ ਪਿੰਡ ਸੁੱਖਾ ਸਿੰਘ ਵਾਲਾ ਦੇ ਖੇਤਾਂ ’ਚ ਕਣਕ ਨੂੰ ਲੱਗੀ ਅੱਗ ਹਵਾ ਦੇ ਤੇਜ ਵਹਾਅ ਕਾਰਨ ਸੜਕ ਨੇੜੇ ਸਥਿਤ ਘਰਾਂ ’ਚ ਪੁੱਜ ਗਈ। ਅੱਗ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਫਾਇਰ ਬ੍ਰਿਗੇਡ ਵੀ ਮੌਕੇ ’ਤੇ ਪੁੱਜੀ। ਲੋਕਾਂ ਨੇ ਭਾਰੀ ਮੁਸ਼ੱਕਤ ਕਰਕੇ ਅੱਗ ’ਤੇ ਕਾਬੂ ਪਾਇਆ। ਲੋਕ ਫਾਇਰ ਬ੍ਰਿਗੇਡ ਦੇ ਮਾੜੇ ਪ੍ਰਬੰਧਾਂ ਨੂੰ ਵੀ ਕੋਸਦੇ ਨਜ਼ਰ ਆਏ।ਵੇਰਵਿਆਂ ਮੁਤਾਬਿਕ ਬਠਿੰਡਾ-ਮਾਨਸਾ ਰੋਡ ’ਤੇ ਜ਼ਿਲ੍ਹਾ ਬਠਿੰਡਾ ਦੀ ਹੱਦ ’ਤੇ ਪੈਂਦੇ ਪਿੰਡ ਸੁੱਖਾ ਸਿੰਘ ਵਾਲਾ ਵਿਖੇ ਖੇਤਾਂ ’ਚ ਅੱਜ ਦੁਪਹਿਰ ਕਰੀਬ 12 ਕੁ ਵਜੇ ਕਣਕ ਨੂੰ ਅੱਗ ਲੱਗ ਗਈ।
ਕਣਕ ’ਚੋਂ ਸ਼ੁਰੂ ਹੋਈ ਅੱਗ ਹਵਾ ਦੇ ਤੇਜ਼ ਵਹਾਅ ਕਾਰਨ ਖੇਤਾਂ ਵਾਲੀ ਸਾਈਡ ਤੋਂ ਬਠਿੰਡਾ-ਮਾਨਸਾ ਮੁੱਖ ਸੜਕ ਪਾਰ ਕਰਕੇ ਨੇੜੇ ਸਥਿਤ ਬਾਜੀਗਰ ਬਸਤੀ ਦੇ ਘਰਾਂ ’ਚ ਦਾਖਲ ਹੋ ਗਈ। ਅੱਗ ਬੁਝਾਉਣ ’ਚ ਜੁਟੇ ਲੋਕਾਂ ਨੇ ਰੌਲਾ-ਰੱਪਾ ਪਾ ਕੇ ਘਰਾਂ ’ਚੋਂ ਲੋਕਾਂ ਨੂੰ ਬਾਹਰ ਕੱਢਿਆ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ । ਕਾਹਲੀ-ਕਾਹਲੀ ’ਚ ਘਰਾਂ ’ਚੋਂ ਵਹੀਕਲ ਵੀ ਬਾਹਰ ਕੱਢੇ ਗਏ । ਅੱਗ ਦਾ ਕਹਿਰ ਐਨਾਂ ਜ਼ਿਆਦਾ ਸੀ ਕਿ ਮਿੰਟਾਂ ’ਚ ਹੀ ਸਭ ਕੁੱਝ ਲਪੇਟੇ ’ਚ ਲੈ ਲਿਆ। Bathinda News
Read Also : Earthquake: ਕੰਬੀ ਪੰਜਾਬ ਦੀ ਧਰਤੀ, ਹਿੱਲ ਗਿਆ ਇਹ ਇਲਾਕਾ
ਮਾਨਸਾ ਵਾਲੀ ਸਾਈਡ ਤੋਂ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਜਦੋਂ ਉੱਥੇ ਮੌਜੂਦ ਲੋਕਾਂ ਨੂੰ ਧੱਕਾ ਲਾਉਣਾ ਪਿਆ ਤਾਂ ਕਾਫੀ ਲੋਕ ਪ੍ਰਬੰਧਾਂ ਨੂੰ ਕੋਸਦੇ ਨਜ਼ਰ ਆਏ । ਅੱਗ ਕਾਰਨ ਬਠਿੰਡਾ-ਮਾਨਸਾ ਸੜਕ ’ਤੇ ਕਾਫੀ ਸਮੇਂ ਤੱਕ ਆਵਾਜਾਈ ਬੰਦ ਹੋਣ ਕਰਕੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ। ਅੱਗ ਲੱਗਣ ਨਾਲ ਘਰਾਂ ਅਤੇ ਖੇਤਾਂ ’ਚ ਕਿੰਨਾਂ ਨੁਕਸਾਨ ਹੋਇਆ ਹੈ ਇਸ ਬਾਰੇ ਹਾਲੇੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਅੱਗ ਬੁਝਾ ਦਿੱਤੀ ਗਈ ਹੈ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰ੍ਹੇ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਤੁਰੰਤ ਟੀਮਾਂ ਮੌਕੇ ’ਤੇ ਪੁੱਜ ਗਈਆਂ, ਜਿੰਨ੍ਹਾਂ ਵੱਲੋਂ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ।