ਘਰ ਦਾ ਸਾਰਾ ਸਮਾਨ ਸੜ ਕੇ ਹੋਇਆ ਸੁਆਹ
Cylinder Blast Accident: (ਗੁਰਪ੍ਰੀਤ ਪੱਕਾ ) ਫ਼ਰੀਦਕੋਟ । ਸ਼ਨਿੱਚਰਵਾਰ ਸਵੇਰੇ ਫਰੀਦਕੋਟ ਦੇ ਪਿੰਡ ਬੁਰਜ ਮਸਤਾਂ ਵਿੱਚ ਇੱਕ ਘਰ ਵਿੱਚ ਗੈਸ ਲੀਕ ਹੋਣ ਕਾਰਨ ਸਿਲੰਡਰ ਫਟਣ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰ ਦੀ ਛੱਤ ਉੱਡ ਗਈ ਅਤੇ ਘਰ ਦੀਆਂ ਸਾਰੀਆਂ ਦੀਵਾਰਾਂ ਵਿੱਚ ਦਰਾਰਾਂ ਪੈ ਗਈਆਂ, ਜਦਕਿ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਬੁਰਜ ਮਸਤਾਂ ਦਾ ਰਹਿਣ ਵਾਲਾ ਰਾਜ ਕੁਮਾਰ, ਜੋ ਇੱਕ ਨਿੱਜੀ ਬੱਸ ‘ਤੇ ਡਰਾਈਵਰ ਦੇ ਤੌਰ ‘ਤੇ ਕੰਮ ਕਰਦਾ ਹੈ, ਸਵੇਰੇ ਤੜਕੇ ਹੀ ਆਪਣੇ ਕੰਮ ‘ਤੇ ਚਲਾ ਗਿਆ ਸੀ। ਉਸ ਤੋਂ ਬਾਅਦ ਉਸਦਾ ਪੁੱਤਰ ਵੀ ਕੰਮ ਲਈ ਘਰ ਤੋਂ ਨਿਕਲ ਗਿਆ। ਘਰ ਵਿੱਚ ਰਾਜ ਕੁਮਾਰ ਦੀ ਪਤਨੀ ਵੀਰਪਾਲ ਕੌਰ ਇਕੱਲੀ ਸੀ। ਸਵੇਰੇ ਕਰੀਬ ਸਾਢੇ ਸੱਤ ਵਜੇ ਜਦੋਂ ਵੀਰਪਾਲ ਕੌਰ ਚਾਹ ਬਣਾਉਣ ਲੱਗੀ ਤਾਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਅੱਗ ਲੱਗਣ ਨਾਲ ਉਹ ਘਬਰਾਹਟ ਵਿੱਚ ਬਾਹਰ ਭੱਜੀ ਅਤੇ ਲੋਕਾਂ ਨੂੰ ਬੁਲਾਉਣ ਲੱਗੀ। ਇਸ ਦੌਰਾਨ ਗੈਸ ਸਿਲੰਡਰ ਫਟ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰ ਦੀ ਛੱਤ ਉੱਡ ਗਈ ਅਤੇ ਦੀਵਾਰਾਂ ਵਿੱਚ ਵੱਡੀਆਂ ਦਰਾਰਾਂ ਪੈ ਗਈਆਂ। ਅੱਗ ਤੇਜ਼ੀ ਨਾਲ ਫੈਲ ਗਈ ਅਤੇ ਘਰ ਵਿੱਚ ਪਿਆ ਫ੍ਰਿਜ, ਇਨਵਰਟਰ ਸਮੇਤ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ: Heroin Seized: ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ, 22 ਕਿਲੋ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਇੰਚਾਰਜ ਰਾਜੇਸ਼ ਕੁਮਾਰ ਮੌਕੇ ‘ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਬੁਲਾਇਆ ਗਿਆ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਰਾਜ ਕੁਮਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਠੀਕ ਨਹੀਂ ਸੀ। ਕੁਝ ਸਮਾਂ ਪਹਿਲਾਂ ਕਿਸੇ ਦੀ ਮੱਦਦ ਨਾਲ ਵੱਡੀ ਮੁਸ਼ਕਲ ਨਾਲ ਘਰ ਬਣਾਇਆ ਸੀ। ਉਹ ਆਪਣੀਆਂ ਦੋ ਧੀਆਂ ਦੀਆਂ ਸ਼ਾਦੀਆਂ ਕਰ ਚੁੱਕੇ ਹਨ ਅਤੇ ਹੁਣ ਤੀਜੀ ਧੀ ਦੀ ਸ਼ਾਦੀ ਕਰਨ ਵਾਲੇ ਸਨ, ਜਿਸ ਲਈ ਕੁਝ ਸਮਾਨ ਵੀ ਘਰ ਵਿੱਚ ਇਕੱਠਾ ਕੀਤਾ ਹੋਇਆ ਸੀ, ਜੋ ਹੁਣ ਸਾਰਾ ਸੜ ਕੇ ਸੁਆਹ ਹੋ ਗਿਆ। ਹੁਣ ਇਸ ਪਰਿਵਾਰ ਕੋਲ ਨਾ ਰਹਿਣ ਲਈ ਛੱਤ ਬਚੀ ਹੈ ਅਤੇ ਨਾ ਹੀ ਘਰ ਦਾ ਕੋਈ ਸਮਾਨ। ਉਨ੍ਹਾਂ ਨੇ ਲੋਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਪਰਿਵਾਰ ਨੂੰ ਮੁੜ ਜ਼ਿੰਦਗੀ ਦੀ ਪਟੜੀ ‘ਤੇ ਲਿਆਉਣ ਲਈ ਆਰਥਿਕ ਮੱਦਦ ਕੀਤੀ ਜਾਵੇ। Cylinder Blast Accident
ਉੱਧਰ, ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਮੌਕੇ ‘ਤੇ ਪਹੁੰਚੇ ਅਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਰਿਵਾਰ ਦੀ ਹਰ ਸੰਭਵ ਮੱਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।














