ਕਰੋਨਾ ਵਾਇਰਸ ਤੋਂ ਡਰੀ ਪੰਜਾਬ ਸਰਕਾਰ, ਪੰਜਾਬ ਭਰ ਵਿੱਚ ਨਹੀਂ ਲੱਗੇਗੀ ਬਾਇਓਮੈਟ੍ਰਿਕ ਹਾਜ਼ਰੀ

ਪੰਜਾਬ ਦੇ ਸਾਰੇ ਸਰਕਾਰੀ ਵਿਭਾਗਾਂ ਨੂੰ ਆਦੇਸ਼ ਜਾਰੀ, ਅੱਜ ਤੋਂ ਬੰਦ ਕਰ ਦਿੱਤੀ ਗਈ ਐ ਬਾਇਓਮੈਟ੍ਰਿਕ ਹਾਜ਼ਰੀ

ਬਾਇਓਮੈਟ੍ਰਿਕ ਨਾਲ ਵਾਇਰਸ ਫੈਲਣ ਦਾ ਖ਼ਤਰਾ, ਹੁਣ ਰਜਿਸ਼ਟਰ ਰਾਹੀਂ ਲੱਗੇਗੀ ਹਾਜ਼ਰੀ

ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਵਿਭਾਗ ਲਈ ਨਹੀਂ ਹੋਇਆ ਅਜੇ ਪੱਤਰ ਜਾਰੀ, ਖ਼ੁਦ ਲੈ ਸਕਦੇ ਹਨ ਡਿਪਟੀ ਕਮਿਸ਼ਨਰ ਫੈਸਲਾ

ਚੰਡੀਗੜ, (ਅਸ਼ਵਨੀ ਚਾਵਲਾ)। ਕਰੋਨਾ ਵਾਇਰਸ ਤੋਂ ਪੰਜਾਬ ਸਰਕਾਰ ਇਸ ਕਦਰ ਡਰ ਗਈ ਹੈ ਕਿ ਉਨਾਂ ਵਲੋਂ ਪੂਰੇ ਪੰਜਾਬ ਵਿੱਚ ਹੀ ਬਾਇਓਮੈਟ੍ਰਿਕ ਹਾਜ਼ਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨਾਂ ਆਦੇਸ਼ਾਂ ਤੋਂ ਬਾਅਦ ਪੰਜਾਬ ਭਰ ਦੇ ਲਗਭਗ ਸਾਰੇ ਵਿਭਾਗਾਂ ਵਲੋਂ ਆਪਣੇ ਪੱਧਰ ‘ਤੇ ਵੀ ਆਦੇਸ਼ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਪੰਜਾਬ ਭਰ ਦੇ ਵਿਭਾਗਾਂ ਵਿੱਚ ਹੁਣ ਤੋਂ ਬਾਅਦ ਰਜਿਸਟਰ ਰਾਹੀਂ ਪੁਰਾਣੇ ਤਰੀਕੇ ਨਾਲ ਹੀ ਹਾਜ਼ਰੀ ਲੱਗੇਗੀ। ਪੰਜਾਬ ਵਿੱਚ ਕੁਝ ਵਿਭਾਗਾਂ ਵਲੋਂ ਇਸੇ ਮਹੀਨੇ ਤੋਂ ਹੀ ਬਾਇਓਮੈਟ੍ਰਿਕ ਹਾਜ਼ਰੀ ਸ਼ੁਰੂ ਕੀਤਾ ਗਈ ਸੀ, ਜਿਸ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ ਚੀਨ ਤੋਂ ਬਾਅਦ ਦੇਸ ਵਿੱਚ ਆਪਣੇ ਪੈਰ ਪਸਾਰ ਰਹੇ ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਖ਼ਾਸੀ ਚਿੰਤਤ ਨਜ਼ਰ ਆ ਰਹੀਂ ਹੈ। ਜਿਸ ਕਰਕੇ ਜਿਥੇ ਪਿਛਲੇ ਦੋ ਦਿਨਾਂ ਤੋਂ ਸਰਕਾਰ ਵਲੋਂ ਲਗਾਤਾਰ ਸਿਹਤ ਵਿਭਾਗ ਨਾਲ ਮੀਟਿੰਗਾਂ ਕੀਤੀ ਜਾ ਰਹੀਆਂ ਹਨ ਉਥੇ ਕਰੋਨਾ ਵਾਇਰਸ ਦੇ ਪੰਜਾਬ ਆਉਣ ਤੋਂ ਪਹਿਲਾਂ ਹਰ ਤਰਾਂ ਦੀ ਤਿਆਰੀ ਕਰਨ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ।

ਇਸ ਕੜੀ ਦੇ ਤਹਿਤ ਵੀਰਵਾਰ ਨੂੰ ਪੰਜਾਬ ਸਰਕਾਰ ਦੇ ਆਮ ਅਤੇ ਰਾਜ ਪ੍ਰਬੰਧ ਵਿਭਾਗ ਵਲੋਂ ਇੱਕ ਪੱਤਰ ਜਾਰੀ ਕਰਦੇ ਹੋਏ ਤੁਰੰਤ ਪ੍ਰਭਾਵ ਨਾਲ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਬਾਇਓਮੈਟ੍ਰਿਕ ਹਾਜ਼ਰੀ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਜਿਸ ਵਿੱਚ ਉਨਾਂ ਵੱਲੋਂ ਸਾਰੇ ਵਿੱਤੀ ਕਮਿਸ਼ਨਰ, ਸਮੂਹ ਵਿਸ਼ੇਸ਼ ਸਕੱਤਰ, ਵਧੀਕ ਮੁੱਖ ਸਕੱਤਰ, ਪ੍ਰਮੁੱਖ ਸਕੱਤਰ ਅਤੇ ਪ੍ਰਬੰਧਕੀ ਸਕੱਤਰਾਂ ਨੂੰ ਇਸ ਪੱਤਰ ਵੱਲ ਖਾਸ ਧਿਆਨ ਦੇਣ ਲਈ ਕਿਹਾ ਹੈ ਤਾਂ ਕਿ ਉਹ ਆਪਣੇ ਵਿਭਾਗਾਂ ਵਿੱਚ ਵੀ ਇਸ ਪੱਤਰ ਅਨੁਸਾਰ ਬਾਇਓਮੈਟ੍ਰਿਕ ਹਾਜਰੀ ਨੂੰ ਬੰਦ ਕਰਵਾਉਣ ਦੀ ਪ੍ਰਕ੍ਰਿਆ ਸ਼ੁਰੂ ਕਰ ਦੇਣ।

ਹਾਲਾਂਕਿ ਇਸ ਵਿੱਚ ਪੱਤਰ ਵਿੱਚ ਡਿਵੀਜਨਲ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਪਰ ਇਹ ਉੱਚ ਅਧਿਕਾਰੀਆਂ ਆਪਣੇ ਆਪਣੇ ਇਲਾਕੇ ਵਿੱਚ ਆਪਣੇ ਪੱਧਰ ‘ਤੇ ਆਦੇਸ਼ ਜਾਰੀ ਕਰਦੇ ਹੋਏ ਬਾਇਓਮੈਟ੍ਰਿਕ ਹਾਜ਼ਰੀ ਨੂੰ ਬੰਦ ਕਰਨ ਦਾ ਫੈਸਲਾ ਕਰ ਸਕਦੇ ਹਨ।

ਪੰਜਾਬ ਸਰਕਾਰ ਵਲੋਂ ਇਹ ਫੈਸਲਾ ਇਸ ਕਰਕੇ ਲਿਆ ਹੈ ਤਾਂ ਕਿ ਬਾਇਓਮੈਟ੍ਰਿਕ ਹਾਜ਼ਰੀ ਦੇ ਕਾਰਨ ਕਿਸੇ ਵੀ ਤਰਾਂ ਦੀ ਬਿਮਾਰੀ ਜਾਂ ਫਿਰ ਵਾਇਰਸ ਇੱਕ ਕਰਮਚਾਰੀ ਜਾਂ ਫਿਰ ਅਧਿਕਾਰੀ ਦੇ ਰਾਹੀਂ ਦੂਜੇ ਕਰਮਚਾਰੀ ਜਾ ਅਧਿਕਾਰੀ ਦੇ ਅੰਦਰ ਨਾ ਚਲਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Corona Virus