ਹੜ੍ਹ ਦਾ ਡਰ ਸਤਾ ਰਿਹੈ ਸਰਕਾਰ ਨੂੰ, ਡਾਕਟਰਾਂ ਦੀਆਂ ਛੁੱਟੀਆਂ ਰੱਦ, ਫੌਜ ਨੂੰ ਤਿਆਰ ਰਹਿਣ ਦੇ ਆਦੇਸ਼

Fear Flood, Government, Doctors Leave Vacations, Orders Army Ready

ਬਠਿੰਡਾ ਵਿਖੇ ਸਥਿਤੀ ਜ਼ਿਆਦਾ ਖ਼ਰਾਬ ਤਾਂ 24 ਘੰਟੇ ਡਾਕਟਰ ਰਹਿਣਗੇ ਡਿਊਟੀ ‘ਤੇ

ਪੰਜਾਬ ਦੀ ਕਿਸੇ ਵੀ ਥਾਂ ਆਈ ਦਿੱਕਤ ਤਾਂ ਸਥਾਨਕ ਪ੍ਰਸ਼ਾਸਨ ਸਣੇ ਫੌਜ ਰਹੇਗੀ ਮਦਦ ਲਈ ਤਿਆਰ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ  ਸਰਕਾਰ ਨੂੰ ਹੁਣ ਪੰਜਾਬ ਵਿੱਚ ਹੜ੍ਹ ਆਉਣ ਦਾ ਡਰ ਸਤਾ ਰਿਹਾ ਹੈ। ਇਸ ਕਾਰਨ ਇਸ ਮਾਨਸੂਨ ਦੇ ਦੌਰਾਨ ਸਾਰੇ ਡਾਕਟਰਾਂ ਦੀਆਂ ਛੁੱਟੀਆਂ ਨੂੰ ਰੱਦ ਕਰਦੇ ਹੋਏ ਉਨ੍ਹਾਂ ਨੂੰ 24 ਘੰਟੇ ਡਿਊਟੀ ‘ਤੇ ਹਾਜ਼ਰ ਰਹਿਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇੱਥੇ ਹੀ ਪੰਜਾਬ ਸਰਕਾਰ ਵੱਲੋਂ ਫੌਜ ਨੂੰ ਤਿਆਰ ਰਹਿਣ ਲਈ ਕਿਹਾ ਹੈ, ਕਿਉਂਕਿ ਸੰਗਰੂਰ ਤੇ ਬਠਿੰਡਾ ਵਿਖੇ ਨਜ਼ਰ ਆਈ ਗੰਭੀਰ ਸਥਿਤੀ ਦੇ ਕਾਰਨ ਸਰਕਾਰ ਅਗਲੇ ਦਿਨਾਂ ਵਿੱਚ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ ਹੈ ਹਾਲਾਂਕਿ ਪਿਛਲੇ 48 ਘੰਟੇ ਤੋਂ ਬਰਸਾਤ ਰੁਕੀ ਹੋਈ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ ਹੈ, ਜਿਸ ਕਾਰਨ ਹੜ੍ਹ ਦੀ ਸਥਿਤੀ ਨੂੰ ਲੈ ਕੇ ਸਰਕਾਰ ਤਿਆਰ ਹੈ।

ਕੁਦਰਤੀ ਆਫ਼ਤਾ ਤੇ ਪ੍ਰਬੰਧਨ ਤੇ ਮਾਲ ਵਿਭਾਗ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਸਮੇਂ-ਸਮੇਂ ਸਿਰ ਉਨ੍ਹਾਂ ਤੋਂ ਰਿਪੋਰਟ ਲਈ ਜਾ ਰਹੀ ਹੈ ਹਾਲਾਂਕਿ ਪੰਜਾਬ ਦੇ ਬਠਿੰਡਾ ਤੇ ਸੰਗਰੂਰ ਵਿਖੇ ਹੀ ਇਸ ਸਮੇਂ ਤੱਕ ਜ਼ਿਆਦਾ ਮਾੜੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਗੁਰਪ੍ਰੀਤ ਕਾਂਗੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੇ ਖਾਤੇ ਵਿੱਚ ਪੈਸੇ ਭੇਜ ਦਿੱਤੇ ਗਏ ਹਨ ਤਾਂ ਕਿ ਸਥਿਤੀ ਖਰਾਬ ਹੋਣ ਦੀ ਸੂਰਤ ‘ਚ ਤੁਰੰਤ ਪ੍ਰਭਾਵ ਨਾਲ ਹੀ ਉਹ ਕੰਮ ਕਰਦੇ ਹੋਏ ਪੈਸਾ ਖ਼ਰਚ ਕੀਤਾ ਜਾ ਸਕੇ।

ਸ੍ਰ. ਕਾਂਗੜ ਨੇ ਕਿਹਾ ਕਿ ਫਿਲਹਾਲ ਪੰਜਾਬ ‘ਚ ਹੜ੍ਹ ਦੀ ਸਥਿਤੀ ਬਾਰੇ ਕੋਈ ਜ਼ਿਆਦਾ ਚਿੰਤਾ ਵਾਲੀ ਗੱਲ ਨਹੀਂ ਹੈ ਪਰ ਫਿਰ ਵੀ ਜੇਕਰ ਇਹੋ ਜਿਹੀ ਸਥਿਤੀ ਬਣੀ ਵੀ ਤਾਂ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਤੇ ਹਰ ਡਿਪਟੀ ਕਮਿਸ਼ਨਰ ਨੂੰ ਆਪਣੇ ਜ਼ਿਲ੍ਹੇ ਨੂੰ ਸੰਭਾਲਣ ਲਈ ਜਿੰਨੇ ਵੀ ਪੈਸੇ ਦੀ ਜਰੂਰਤ ਪਏਗਾ, ਉਨ੍ਹਾਂ ਪੈਸਾ ਤੁਰੰਤ ਭੇਜ ਦਿੱਤਾ ਜਾਏਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ ਹੜ੍ਹ ਨਾਲੋਂ ਡਰ ਦਾ ਮਾਹੌਲ ਜ਼ਿਆਦਾ ਪੈਦਾ ਹੋਇਆ ਪਿਆ ਹੈ, ਜਿਸ ਕਾਰਨ ਹਰ ਕੋਈ ਡਰ ਰਿਹਾ ਹੈ ਕਿ ਉਨ੍ਹਾਂ ਦੇ ਇਲਾਕੇ ‘ਚ ਹੜ੍ਹ ਨਾ ਆ ਜਾਵੇ।

ਫਸਲ ਦੀ ਸਪੈਸ਼ਲ ਗਿਰਦਾਵਰੀ ਦੇ ਆਦੇਸ਼, ਮਿਲੇਗਾ ਮੁਆਵਜ਼ਾ

ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਤੇਜ਼ ਬਰਸਾਤ ਕਾਰਨ ਖ਼ਰਾਬ ਹੋਈ ਫਸਲ ਦੀ ਸਪੈਸ਼ਲ ਗਿਰਦਾਵਰੀ ਕਰਨ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤੁਰੰਤ ਹੀ ਰਿਪੋਰਟ ਮੰਗੀ ਗਈ ਹੈ, ਜਿਸ ਹਿਸਾਬ ਨਾਲ ਰਿਪੋਰਟ ਆਏਗੀ, ਉਸੇ ਹਿਸਾਬ ਨਾਲ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਕਿਸਾਨ ਵੀ ਖ਼ੁਦ ਅਧਿਕਾਰੀਆਂ ਦੀ ਮਦਦ ਕਰਦੇ ਹੋਏ ਆਪਣੀ ਫਸਲ ਦੀ ਗਿਰਦਾਵਰੀ ਕਰਵਾਉਣ ਤਾਂ ਕਿ ਜਲਦ ਹੀ ਉਨ੍ਹਾਂ ਨੂੰ ਮੁਆਵਜ਼ਾ ਦੇਣ ਦੀ ਕਾਰਵਾਈ ਉਲੀਕ ਦਿੱਤੀ ਜਾਵੇ।

ਕੈਲੀਫੋਰਨੀਆਂ ਦੱਸਣ ਵਾਲੇ ਅਕਾਲੀ ਬਠਿੰਡਾ ਨੂੰ ਵੀ ਨਹੀਂ ਬਚਾ ਸਕੇ

ਗੁਰਪ੍ਰੀਤ ਕਾਂਗੜ ਨੇ ਸੁਖਬੀਰ ਬਾਦਲ ਤੇ ਹਰਸਿਮਰਤ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਇਹ ਕਹਿੰਦੇ ਸਨ ਕਿ ਉਨ੍ਹਾਂ ਨੇ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿੱਤਾ ਹੈ ਤੇ ਪੰਜਾਬ ਬਹੁਤ ਹੀ ਜ਼ਿਆਦਾ ਤਰੱਕੀ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਦਾਅਵਾ ਕਰਨ ਵਾਲੇ ਅਕਾਲੀ ਬਠਿੰਡਾ ਨੂੰ ਇਸ ਮਾਨਸੂਨ ਵਿੱਚ ਵੀ ਬਚਾ ਨਹੀਂ ਸਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੈਲੀਫੋਰਨੀਆ ਦੀ ਥਾਂ ਪੰਜਾਬ ਵਿੱਚ ਥੋੜ੍ਹਾ ਜਿਹਾ ਵੀ ਆਪਣੀ ਸਰਕਾਰ ਦੌਰਾਨ ਕੰਮ ਕੀਤਾ ਹੁੰਦਾ ਤਾਂ ਬਠਿੰਡਾ ਦੀ ਇਹ ਹਾਲਤ ਨਹੀਂ ਹੁੰਦੀ, ਜਿਹੜੀ ਕਿ ਹੁਣ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।