ਸਿੱਧੂ ਮੂਸੇਵਾਲਾ ਦੇ ਭੋਗ ’ਤੇ ਪਿਤਾ ਦੀ ਭਾਵੁਕ ਤਕਰੀਰ ਨੇ ਲੋਕ ਰੋਣ ਲਾਏ

ਕਿਹਾ : ‘ਮੇਰੇ ਪੰਜਾਬ ਨੂੰ ਅੱਗ ’ਚੋਂ ਕੱਢ ਲਓ, ਅੱਜ ਮੇਰਾ ਉੱਜੜਿਆ, ਕੱਲ ਨੂੰ ਕਿਸੇ ਦਾ ਹੋਰ ਨਾ ਉੱਜੜੇ’

ਮਾਨਸਾ, (ਸੁਖਜੀਤ ਮਾਨ)। ਪੰਜਾਬੀ ਗਾਇਕ ਸਵ. ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨਮਿਤ ਅੱਜ ਮਾਨਸਾ ਦੀ ਬਾਹਰਲੀ ਅਨਾਜ ਮੰਡੀ ’ਚ ਹੋਈ ਅੰਤਿਮ ਅਰਦਾਸ ’ਚ ਸ਼ਾਮਿਲ ਹੋਣ ਲਈ ਪੁੱਜੇ ਉਸਦੇ ਪ੍ਰਸੰਸਕਾਂ ਦਾ ਹੜ ਆ ਗਿਆ। ਹਰ ਉਮਰ ਵਰਗ ਦੇ ਲੋਕ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਹੋਰ ਕਈ ਸੂਬਿਆਂ ਅਤੇ ਵਿਦੇਸ਼ਾਂ ’ਚੋਂ ਵੀ ਅੰਤਿਮ ਅਰਦਾਸ ’ਚ ਸ਼ਾਮਿਲ ਹੋਣ ਲਈ ਪੁੱਜੇ। ਵੱਡੀ ਗਿਣਤੀ ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀਆਂ ਟੀ ਸ਼ਰਟਾਂ ਪਾਈਆਂ ਹੋਈਆਂ ਸੀ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਜੋ ਭਾਵੁਕ ਬੋਲ ਬੋਲੇ ਉਸਨੇ ਉੱਥੇ ਮੌਜੂਦ ਹਰ ਸਖਸ਼ ਦੀਆਂ ਅੱਖਾਂ ਨਮ ਕਰ ਦਿੱਤੀਆਂ ।

ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ‘29 ਮਈ ਨੂੰ ਮਨਹੂਸ ਦਿਨ ਚੜਿਆ ਜਿਸ ਦਿਨ ਇਹ ਭਾਣਾ ਵਰਤ ਗਿਆ। ਤੁਹਾਡੇ ਵੱਲੋਂ ਵਹਾਏ ਹੰਝੂਆਂ ਨੇ ਸਾਡਾ ਦੁੱਖ ਕਾਫੀ ਹੱਦ ਤੱਕ ਘੱਟ ਕੀਤਾ ਹੈ। ਇਹ ਘਾਟਾ ਅਸੀਂ ਸਹਿਣ ਕਰ ਲਵਾਂਗੇ ਕਿਹਾ ਤਾਂ ਜਾ ਸਕਦਾ ਹੈ ਪਰ ਕੀਤਾ ਨਹੀਂ ਜਾ ਸਕੇਗਾ’। ਉਨਾਂ ਹੱਥ ਬੰਨਕੇ ਅਪੀਲ ਕਰਦਿਆਂ ਕਿਹਾ ਕਿ ‘ਮੇਰੇ ਪੰਜਾਬ ਨੂੰ ਇਸ ਅੱਗ ’ਚੋਂ ਕੱਢ ਲਓ। ਅੱਜ ਮੇਰਾ ਉੱਜੜਿਆ ਹੈ, ਕੱਲ ਨੂੰ ਕਿਸੇ ਦਾ ਹੋਰ ਨਾ ਉੱਜੜੇ’। ਉਨਾਂ ਅੱਗੇ ਕਿਹਾ ਕਿ ਉਹ ਪਰਮ ਪਿਤਾ ਪ੍ਰਮਾਤਮਾ ਦੇ ਨਾਂਅ ਤੋਂ ਸੇਧ ਲੈ ਕੇ ਅਗਲੀ ਜਿੰਦਗੀ ਤੋਰਨਗੇ। ਸਿੱਧੂ ਦੇ ਸੁਭਾਅ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਸਿੱਧਾ-ਸਾਦਾ ਮੁੰਡਾ ਸੀ ਜਿਹੋ ਜਿਹੇ ਪਿੰਡਾਂ ’ਚ ਮੁੰਡੇ ਹੁੰਦੇ ਹਨ।

ਜੇ ਸਿੱਧੂ ਗਲਤ ਹੁੰਦਾ ਤਾਂ ਅਸੀਂ ਪ੍ਰਾਈਵੇਟ ਸੁਰੱਖਿਆ ਦਾ ਇੰਤਜਾਮ ਕਰ ਲੈਂਦੇ ਪਰ ਉਸਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਸੀ ਪਰ ਉਸਦਾ ਮਾੜਾ ਹੋ ਗਿਆ। ਦੁਖੀ ਮਨ ਨਾਲ ਬਲਕੌਰ ਸਿੰਘ ਨੇ ਦੱਸਿਆ ਕਿ ਜਦੋਂ ਕਦੇ ਵੀ ਕੋਈ ਗੱਲ ਹੁੰਦੀ ਤਾਂ ਉਹ ਉਸਦੇ ਗਲ ਨਾਲ ਲੱਗਕੇ ਰੋਣ ਲੱਗ ਪੈਂਦਾ ਕਿ ‘ਪਾਪਾ ਹਰ ਗੱਲ ਨੂੰ ਮੇਰੇ ਨਾਲ ਕਿਉਂ ਜੋੜ ਦਿੱਤਾ ਜਾਂਦੈ’। ਉਨਾਂ ਕਿਹਾ ਕਿ ਜਦੋਂ ਉਸ ਨੂੰ ਪੁੱਛਿਆ ਕਿ ਤੂੰ ਦੱਸ ਕਿਸੇ ਗੱਲ ਜਾਂ ਘਟਨਾ ’ਚ ਸ਼ਾਮਿਲ ਤਾਂ ਨਹੀਂ ਤਾਂ ਉਹ ਕਹਿੰਦਾ ਨਹੀਂ ਫਿਰ ਉਸ ਨੂੰ ਹੌਂਸਲਾ ਦਿੰਦੇ ਕਿ ਜੇਕਰ ਤੂੰ ਕਿਸੇ ਗਲਤ ਕੰਮ ਦਾ ਹਿੱਸਾ ਨਹੀਂ ਤਾਂ ਫਿਰ ਡਰਨ ਦੀ ਲੋੜ ਨਹੀਂ।

ਸਿੱਧੂ ਮੂਸੇਵਾਲਾ ਦੀ ਮਾਂ ਵੱਲੋਂ ਪੌਦੇ ਲਾਉਣ ਦੀ ਅਪੀਲ

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਬੋਲਦਿਆਂ ਕਿਹਾ ਕਿ ‘29 ਮਈ ਨੂੰ ਉਸਨੂੰ ਇਹ ਲੱਗਦਾ ਸੀ ਕਿ ਸਭ ਕੁੱਝ ਖਤਮ ਹੋ ਗਿਆ ਪਰ ਤੁਹਾਡੇ ਵੱਲੋਂ ਦੁੱਖ ’ਚ ਦਿੱਤੇ ਸਾਥ ਨੇ ਅਜਿਹਾ ਲੱਗਣ ਲਗਾ ਦਿੱਤਾ ਕਿ ਸ਼ੁੱਭ ਕਿਤੇ ਗਿਆ ਨਹੀਂ ਮੇਰੇ ਨੇੜੇ-ਤੇੜੇ ਹੀ ਹੈ’। ਉਨਾਂ ਅਪੀਲ ਕੀਤੀ ਕਿ ਸਿੱਧੂ ਦੇ ਬੋਲਾਂ ਮੁਤਾਬਿਕ ਪੱਗ ਅਤੇ ਮਾਪਿਆਂ ਦੇ ਸਤਿਕਾਰ ਨੂੰ ਕਾਇਮ ਰੱਖਿਓ। ਅੱਜ ਪ੍ਰਦੂਸ਼ਣ ਬਹੁਤ ਵਧ ਗਿਆ ਹੈ, ਇਸ ਲਈ ਉਸਦੇ ਨਾਂਅ ਦਾ ਇੱਕ-ਇੱਕ ਪੌਦਾ ਲਗਾ ਕੇ ਉਸ ਨੂੰ ਪਾਲਣਾ ਹੈ ਤਾਂ ਜੋ ਸਾਨੂੰ ਵੀ ਸ਼ਾਂਤੀ ਮਿਲੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ