ਕੇਂਦਰ ਸਰਕਾਰ ਦੇ ਸੱਦੇ ਨੂੰ ਕਿਸਾਨਾਂ ਨੇ ਕੀਤਾ ਰੱਦ, ਸੱਦੇ ਨੂੰ ਕਰਾਰ ਦਿੱਤਾ ਸਿਰਫ਼ ਇੱਕ ‘ਕਲਾਸ’

ਕੇਂਦਰ ਸਰਕਾਰ ਖ਼ੁਦ ਸੱਦਾ ਦੇਵੇ ਅਤੇ ‘ਕਲਾਸ’ ਦੀ ਥਾਂ ਗੱਲਬਾਤ ਕਰੇ ਤਾਂ ਦਿੱਲੀ ਜਾਣ ਨੂੰ ਤਿਆਰ : ਕਿਸਾਨ ਆਗੂ

ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰ ਸਰਕਾਰ ਦੇ ਇੱਕ ਅਧਿਕਾਰੀ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਭੇਜੇ ਗਏ ਸੱਦੇ ਨੂੰ ਪੰਜਾਬ ਦੇ ਕਿਸਾਨਾਂ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਇਸ ਅਧਿਕਾਰੀ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਸ਼ ਨਾ ਕਰਨ ਅਤੇ ਆਪਣੀ ਸਮਝਦਾਰੀ ਆਪਣੇ ਕੋਲ ਹੀ ਰੱਖਣ। ਪੰਜਾਬ ਦੇ ਕਿਸਾਨਾਂ ਨੇ ਇਸ ਸੱਦੇ ਨੂੰ ਰੱਦ ਕਰਨ ਦੇ ਨਾਲ ਹੀ ਇਹ ਕਹਿ ਦਿੱਤਾ ਹੈ ਕਿ ਜੇਕਰ ਕੇਂਦਰ ਸਰਕਾਰ ਦੇ ਮੰਤਰੀ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਣ ਦੀ ਥਾਂ ‘ਤੇ ਗੱਲਬਾਤ ਕਰਨ ਲਈ ਸੱਦਣਗੇ ਤਾਂ ਉਹ ਜਰੂਰ ਜਾਣਗੇ ਪਰ ਇਸ ਤਰਾਂ ਅਧਿਕਾਰੀਆਂ ਵਲੋਂ ਕਲਾਸ ਲੈਣ ਲਈ ਸੱਦਾ ਭੇਜਣਾ ਉਨਾਂ ਦੀ ਬੇਇੱਜ਼ਤੀ ਹੈ,

ਜਿਹੜੀ ਕਿ ਅੱਗੇ ਤੋਂ ਨਹੀਂ ਹੋਣੀ ਚਾਹੀਦੀ ਹੈ। ਪੰਜਾਬ ਦੇ ਕਿਸਾਨਾਂ ਜਥੇਬੰਦੀਆਂ ਦੇ ਆਗੂਆਂ ਨੇ ਚੰਡੀਗੜ ਵਿਖੇ ਮੀਟਿੰਗ ਕਰਦੇ ਹੋਏ ਇਹ ਫੈਸਲਾ ਲਿਆ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੀਟਿੰਗ ਬਾਰੇ ਦੱਸਿਆ ਕਿ ਕੇਂਦਰੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੱਲੋਂ ਕੁਝ ਕਿਸਾਨ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਇੱਕ ਪੱਤਰ ਭੇਜਦੇ ਹੋਏ ਦਿੱਲੀ ਸੱਦਿਆ ਸੀ, ਜਿਥੇ ਉਨਾਂ ਨੇ ਕਿਸਾਨਾਂ ਦੀ ਹੀ ਕਲਾਸ ਲੈਣ ਦੀ ਗੱਲ ਆਖੀ ਹੋਈ ਹੈ। ਇਸ ਅਧਿਕਾਰੀ ਨੇ ਚਿੱਠੀ ਵਿੱਚ ਲਿਖਿਆਂ ਹੈ ਕਿ ਉਹ ਐਕਟ ਬਾਰੇ ਸਮਝਾਉਣਗੇ।

ਬਲਬੀਰ ਰਾਜੇਵਾਲ ਨੇ ਕਿਹਾ ਕਿ ਇਸ ਅਧਿਕਾਰੀ ਨੇ ਪਹਿਲੀ ਗਲਤੀ ਕੀਤੀ ਹੈ, ਇਸ ਲਈ ਛੱਡਿਆ ਜਾ ਰਿਹਾ ਹੈ, ਕਿਉਂਕਿ ਕਿਸਾਨਾਂ ਨਾਲ ਇਸ ਤਰਾਂ ਦੇ ਬੇਇੱਜ਼ਤੀ ਲਹਿਜ਼ੇ ਨਾਲ ਗੱਲਬਾਤ ਨਹੀਂ ਕੀਤੀ ਜਾ ਸਕਦੀ ਹੈ। ਕਿਸਾਨਾਂ ਨੂੰ ਇਸ ਐਕਟ ਬਾਰੇ ਪੂਰੀ ਸਮਝ ਹੈ ਤਾਂ ਹੀ ਉਹ ਪ੍ਰਦਰਸ਼ਨ ਵਿਰੋਧ ਕਰ ਰਹੇ ਹਨ ।

ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਰਾਕੇਸ਼ ਕੁਮਾਰ ਅਗਰਵਾਲ ਦੇ ਪੱਤਰ ਤੋਂ ਇੰਜ ਲਗਦਾ ਸੀ ਕਿ ਉਹ ਗੱਲਬਾਤ ਲਈ ਨਹੀਂ ਸਗੋਂ ਕਿਸਾਨਾਂ ਨੂੰ ਇਸ ਐਕਟ ਦੇ ਫਾਇਦੇ ਸਮਝਾਉਣਾ ਚਾਹੁੰਦੇ ਹਨ ਪਰ ਇਹ ਕਿਸੇ ਵੀ ਕਿਸਾਨ ਨੂੰ ਮਨਜ਼ੂਰ ਨਹੀਂ ਹੈ, ਜਿਸ ਕਾਰਨ ਖੇਤੀਬਾੜੀ ਸਕੱਤਰ ਦੇ ਇਸ ਸੱਦੇ ਨੂੰ ਰੱਦ ਕੀਤਾ ਜਾਂਦਾ ਹੈ।ਕੋਈ ਜਥੇਬੰਦੀ ਦਿੱਲੀ ਨਹੀਂ ਜਾਵੇਗੀ

15 ਅਕਤੂਬਰ ਤੱਕ ਸਰਕਾਰ ਸੱਦੇ ਸੈਸ਼ਨ ਨਹੀਂ ਤਾਂ ਕਾਂਗਰਸ ਦਾ ਵੀ ਹੋਏਗਾ ਬਾਈਕਾਟ

ਕਿਸਾਨ ਜਥੇਬੰਦੀਆਂ ਨੇ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪ੍ਰਤੀ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਬੀਤੇ ਹਫ਼ਤੇ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਵਿੱਚ ਸਾਨੂੰ ਜਲਦ ਹੀ ਵਿਧਾਨ ਸਭਾ ਦਾ ਸੈਸ਼ਨ ਸੱਦਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਆਪਣੇ ਵਾਅਦੇ ‘ਤੇ ਖਰੇ ਨਹੀਂ ਉੱਤਰੇ , ਇਸ ਲਈ ਜੇਕਰ 15 ਅਕਤੂਬਰ ਤੱਕ ਵਿਧਾਨ ਸਭਾ ਦਾ ਸੈਸ਼ਨ ਨਹੀਂ ਸੱਦਿਆ ਗਿਆ ਤਾਂ ਭਾਜਪਾ ਵਾਂਗ ਕਾਂਗਰਸ ਪਾਰਟੀ ਦਾ ਵੀ ਬਾਈਕਾਟ ਕਰਦੇ ਹੋਏ ਉਨਾਂ ਦੇ ਆਗੂਆਂ ਨੂੰ ਘੇਰਿਆ ਜਾਏਗਾ।

ਭਲਕੇ 2 ਘੰਟੇ ਲਈ ਰਹੇਗਾ ਪੰਜਾਬ ਬੰਦ

ਹਰਿਆਣਾ ਜ਼ਿਲ੍ਹਾ ਸਰਸਾ ਵਿੱਚ ਪੁਲਿਸ ਵਲੋਂ ਕਿਸਾਨਾਂ ‘ਤੇ ਕੀਤੇ ਗਏ ਲਾਠੀ-ਚਾਰਜ ਅਤੇ ਪਾਣੀ ਮਾਰਨ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦਾ ਬੰਦ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਸਰਕਾਰ ਦੇ ਖ਼ਿਲਾਫ਼ 9 ਅਕਤੂਬਰ ਨੂੰ 2 ਘੰਟਿਆਂ ਲਈ ਪੰਜਾਬ ਬੰਦ ਕੀਤਾ ਜਾਏਗਾ, ਇਸ ਦੌਰਾਨ ਕਿਸਾਨ ਸੜਕਾਂ ‘ਤੇ ਬੈਠ ਕੇ ਧਰਨਾ ਵੀ ਦੇਣਗੇ ਤਾਂ ਕਿ ਸੜਕੀਂ ਆਵਾਜਾਈ ਵੀ 2 ਘੰਟਿਆਂ ਲਈ ਰੋਕੀ ਜਾ ਸਕੇ। ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਭਰ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਇਸ 2 ਘੰਟੇ ਦੇ ਪੰਜਾਬ ਬੰਦ ਵਿੱਚ ਸ਼ਾਮਲ ਹੋਣ ਦੀ ਬੇਨਤੀ ਵੀ ਕੀਤੀ ਜਾਏਗੀ ਤਾਂ ਪੰਜਾਬ ਬੰਦ ਦੌਰਾਨ ਕੋਈ ਪਰੇਸ਼ਾਨੀ ਨਾ ਆਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.