ਕਿਸਾਨਾਂ ਨੇ ਕੇਂਦਰ ਦੇ ਪ੍ਰਸਤਾਵ ’ਤੇ ਕੀਤੀਆਂ ਮੀਟਿੰਗਾਂ, ਜਾਣੋ ਕਿਸਾਨਾਂ ਨੇ ਕੀ ਲਿਆ ਅਗਲਾ ਫੈਸਲਾ

Farmer Protest

ਸ਼ੰਭੂ ਬਾਰਡਰ ’ਤੇ ਸ਼ਾਂਤੀ, ਕਿਸਾਨਾਂ ਨੇ ਕੇਂਦਰ ਦੇ ਪ੍ਰਸਤਾਵ ’ਤੇ ਕੀਤੀਆਂ ਮੀਟਿੰਗਾਂ

  • ਅਜੇ ਕਈ ਮੰਗਾਂ ’ਤੇ ਨਹੀਂ ਹੋਈ ਚਰਚਾ, ਹੱਲ ਨਾ ਹੋਇਆ ਤਾਂ 21 ਫਰਵਰੀ ਨੂੰ ਦਿੱਲੀ ਕੂਚ ਪੱਕਾ

(ਖੁਸ਼ਵੀਰ ਸਿੰਘ ਤੂਰ) ਸ਼ੰਭੂ ਬਾਰਡਰ, ਪਟਿਆਲਾ। ਦਿੱਲੀ ਕੂਚ ਲਈ ਸ਼ੰਭੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਲਾਏ ਗਏ ਮੋਰਚੇ ਦੇ ਸੱਤਵੇਂ ਦਿਨ ਅਮਨ-ਅਮਾਨ ਵਾਲਾ ਮਹੌਲ ਰਿਹਾ। ਇੱਧਰ ਕਿਸਾਨ ਆਗੂਆਂ ਨੇ ਬੀਤੇ ਦਿਨੀ ਮੀਟਿੰਗ ਦੌਰਾਨ ਕੇਂਦਰੀ ਮੰਤਰੀਆਂ ਵੱਲੋਂ ਦਿੱਤੇ ਗਏ ਪ੍ਰਸਤਾਵ ਦੀ ਅੱਜ ਆਪਣੇ ਵੱਖ-ਵੱਖ ਆਗੂਆਂ ਨਾਲ ਵਿਚਾਰ ਚਰਚਾ ਕੀਤੀ ਗਈ। ਅੱਜ ਅਤੇ ਕੱਲ੍ਹ ਵਿੱਚ ਜੇਕਰ ਕਿਸਾਨਾਂ ਦੀਆਂ ਮੰਗਾਂ ਸਬੰਧੀ ਕੋਈ ਗੱਲ ਨਾ ਬਣੀ ਤਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਲਈ 21 ਫਰਵਰੀ ਦਾ ਐਲਾਨ ਕੀਤਾ ਹੋਇਆ ਹੈ।

ਜਾਣਕਾਰੀ ਅਨੁਸਾਰ ਸ਼ੰਭੂ ਬਾਰਡਰ ’ਤੇ ਟਰੈਕਟ ਟਰਾਲੀਆਂ ਦਾ ਕਾਫ਼ਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਕਿਸਾਨ ਆਗੂਆਂ ਵੱਲੋਂ ਨੌਜਵਾਨਾਂ ਨੂੰ ਬੇਰੀਕੇਟਾਂ ਤੋਂ ਪਿੱਛੇ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਅੱਗੇ ਨਾ ਵੱਧਣ ਦੀ ਇੱਕ ਸੀਮਾ ਰੇਖਾ ਵੀ ਤਹਿ ਕੀਤੀ ਹੋਈ ਹੈ। ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਸਮੇਤ ਹੋਰ ਕਿਸਾਨ ਆਗੂਆਂ ਵੱਲੋਂ ਅੱਜ ਮੀਟਿੰਗਾਂ ਦਾ ਦੌਰ ਕੀਤਾ ਗਿਆ। Farmer Protest

ਸ਼ੰਭੂ ਬਾਰਡਰ ’ਤੇ ਲਗਾਤਾਰ ਵੱਧ ਰਿਹੈ ਲੋਕਾਂ ਦਾ ਕਾਫ਼ਲਾ

ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀਆਂ ਨਾਲ ਦੇਰ ਰਾਤ ਕਿਸਾਨਾਂ ਦੀਆਂ ਮੰਗਾਂ ਸਬੰਧੀ ਚੱਲੀ ਗੱਲਬਾਤ ਅਤੇ ਕੇਂਦਰ ਵੱਲੋਂ ਕਿਸਾਨਾਂ ਨੂੰ ਪੰਜ ਫਸਲਾਂ ਤੇ ਐਮਐਸਪੀ ਦੇਣ ਸਬੰਧੀ ਦਿੱਤੇ ਪ੍ਰਸਤਾਵ ਤੇ ਵਿਚਾਰ ਚਰਚਾ ਲਈ ਕੀਤੀਆਂ ਗਈਆਂ। ਮੁੱਖ ਕਿਸਾਨ ਆਗੂਆਂ ਵੱਲੋਂ ਪਹਿਲਾ ਆਪਣੀ ਆਪਣੀ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਅਤੇ ਇਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਿਰ ਜੋੜ ਕੇ ਇਸ ਪ੍ਰਸਤਾਵ ’ਤੇ ਅੱਗੇ ਵੱਧਣ ਜਾਂ ਇਸ ਨੂੰ ਨਕਾਰਨ ਆਦਿ ’ਤੇ ਵੀ ਗੱਲਬਾਤ ਕੀਤੀ ਗਈ। Farmer Protest

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਸੀ ਕਿ ਅਸੀਂ ਨਹੀਂ ਚਾਹੁਦੇ ਕਿ ਗੱਲਬਾਤ ਟੁੱਟੇ ਕਿਉਂਕਿ ਕੁਝ ਗਤੀਰੋਧ ਤੋਂ ਬਾਅਦ ਗੱਲ ਅੱਗੇ ਵੱਧੀ ਹੈ। ਉਨ੍ਹਾਂ ਕਿਹਾ ਕਿ ਸੀ ਟੂ+50 ਫੀਸਦੀ, ਕਰਜ਼ ਮੁਕਤੀ, ਡਬਲਯੂਐਚਓ ਤੋਂ ਖੇਤੀ ਬਾਹਰ ਰੱਖਣਾ, ਕਿਸਾਨਾਂ ਦੀ ਪੈਨਸ਼ਨ, ਨਰੇਗਾ ਸਕੀਮ ਬਾਰੇ ਅਜੇ ਚਰਚਾ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਅੱਜ ਤੇ ਕੱਲ ਦਾ ਸਮਾਂ ਬਾਕੀ ਹੈ ਅਤੇ ਕੇਂਦਰ ਦੇ ਮੰਤਰੀਆਂ ਵੱਲੋਂ ਵੀ ਅਤੇ ਸਾਡੇ ਵੱਲੋਂ ਵੀ ਅਜੇ ਹੋਰ ਚਰਚਾ ਕੀਤੀ ਜਾ ਰਹੀ ਹੈ।

Farmer Protest

ਇਹ ਵੀ ਪੜ੍ਹੋ: ਪਿੰਡ ਸੁਰੱਖਿਆ ਕਮੇਟੀ ਨਾਲ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਮੀਟਿੰਗ

ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਸਬੰਧੀ ਕੋਈ ਰਸਤਾ ਨਾ ਨਿਕਿਲਆ ਤਾ ਉਨ੍ਹਾਂ ਦਾ 21 ਫਰਵਰੀ ਨੂੰ 11 ਵਜੇ ਦਿੱਲੀ ਕੂਚ ਦਾ ਫੈਸਲਾ ਅਟੱਲ ਹੈ। ਇੱਕ ਕਿਸਾਨ ਆਗੂ ਨੇ ਪੁਸਟੀ ਕਰਦਿਆ ਦੱਸਿਆ ਕਿ ਅੱਜ ਦੋਵੇਂ ਫੋਰਮਾਂ ਵੱਲੋਂ ਆਪਣੀਆਂ ਆਪਣੀਆਂ ਮੀਟਿੰਗਾਂ ਕੀਤੀਆਂ ਗਈਆਂ ਅਤੇ ਉਸ ਤੋਂ ਬਾਅਦ ਦੋਵੇਂ ਫੋਰਮਾਂ ਦੀ ਸਾਂਝੀ ਮੀਟਿੰਗ ਵੀ ਹੋਈ।

ਉਨ੍ਹਾਂ ਕਿਹਾ ਕਿ ਕਿਸਾਨ ਐਮਐਸਪੀ ਸਮੇਤ ਆਪਣੀਆਂ ਮੰਗਾਂ ਤੇ ਪੂਰੀ ਤਰ੍ਹਾਂ ਕਾਇਮ ਹਨ ਅਤੇ ਕੇਂਦਰੀ ਮੰਤਰੀਆਂ ਵੱਲੋਂ ਜੋਂ ਪੰਜ ਫਸਲਾਂ ਤੇ ਪ੍ਰਸਤਾਵ ਦਿੱਤਾ ਗਿਆ ਹੈ, ਉਹ ਇੱਕ ਵੱਖਰਾ ਪੈਟਰਨ ਹੈ। ਉਨ੍ਹਾਂ ਦੱਸਿਆ ਕਿ ਸ਼ੰਭੂ ਬਾਰਡਰ ਤੇ ਕਿਸਾਨ ਅਤੇ ਨੌਜਵਾਨ ਪੂਰੀ ਤਰ੍ਹਾਂ ਜਾਬਤੇ ਵਿੱਚ ਹਨ। ਉਨ੍ਹਾਂ ਦੱਸਿਆ ਕਿ ਸ਼ੰਭੂ ਬਾਰਡਰ ਵੀ ਦਿੱਲੀ ਮੋਰਚੇ ਵਰਗੇ ਮਹੌਲ ਵਿੱਚ ਬਦਲ ਰਿਹਾ ਹੈ। ਦੱਸਣਯੋਗ ਹੈ ਕਿਸਾਨ ਬੀਬੀਆਂ ਵੱਲੋਂ ਵੀ ਸ਼ੰਭੂ ਬਾਰਡਰ ਤੇ ਧਰਨੇ ਵਿੱਚ ਪੁੱਜਿਆ ਜਾ ਰਿਹਾ ਹੈ।

ਸਾਬਕਾ ਫੌਜੀ ਵੀ ਸ਼ੰਭੂ ਬਾਰਡਰ ਉੱਪਰ ਕਿਸਾਨਾਂ ਦੀ ਹਮਾਇਤ ਲਈ ਪੁੱਜੇ

ਇੱਧਰ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੀ ਹਮਾਇਤ ਵਿੱਚ ਵੱਖ ਵੱਖ ਵਰਗਾਂ ਵੱਲੋਂ ਆਪਣੀ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਕਈ ਸਾਬਕਾ ਫੌਜੀਆਂ ਵੱਲੋਂ ਸ਼ਿਰਕਤ ਕਰਦਿਆ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕੀਤੀ ਗਈ। ਇਸ ਮੌਕੇ ਸਾਬਕਾ ਫੌਜੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ’ਤੇ ਤੁਰੰਤ ਗੌਰ ਕਰੇ ਕਿਉਂਕਿ ਕਿਸਾਨਾਂ ਦੇ ਭਰਾ, ਪੁੱਤ ਫੌਜ ਵਿੱਚ ਆਪਣੀ ਡਿਊਟੀ ਕਰ ਰਹੇ ਹਨ। ਸਾਬਕਾ ਫੌਜੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਏਅਰਫੋਰਸ ਵਿੱਚ ਹੈ ਜਦਕਿ ਭਤੀਜਾ ਫੌਜ ਵਿੱਚ ਹੈ ਅਤੇ ਉਹ ਦੇਸ਼ ਦੀ ਸੁਰੱਖਿਆ ਲਈ ਅੜ੍ਹੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਲਈ ਅੱਗੇ ਆਕੇ ਫੈਸਲਾ ਲੈਣ ਤਾ ਜੋਂ ਇੱਕ ਹਫ਼ਤੇ ਤੋਂ ਇੱਥੇ ਬੈਠੇ ਕਿਸਾਨ ਆਪਣੇ ਪਰਿਵਾਰ ਵਿੱਚ ਜਾ ਸਕਣ। Farmer Protest