ਪੁਲਿਸ ਵੱਲੋਂ ਖੁਦਕੁਸ਼ੀ ਨੋਟ ਦੇ ਅਧਾਰ ’ਤੇ ਦੋ ਜਣਿਆਂ ਵਿਰੁੱਧ ਮਾਮਲਾ ਦਰਜ਼
(ਜਸਵੀਰ ਸਿੰਘ ਗਹਿਲ) ਬਰਨਾਲਾ। ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਖੁਰਦ ਵਾਸੀ ਇੱਕ ਵਿਅਕਤੀ ਨੇ ਜੇਲ੍ਹ ਜਾਣ ਦੇ ਡਰ ਕਾਰਨ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ (Commit Suicide) ਸਮਾਪਤ ਕਰ ਲਈ। ਪੁਲਿਸ ਨੇ ਮ੍ਰਿਤਕ ਵੱਲੋਂ ਲਿਖੇ ਖੁਦਕੁਸ਼ੀ ਨੋਟ ਦੇ ਅਧਾਰ ’ਤੇ ਮ੍ਰਿਤਕਾ ਦੀ ਪਤਨੀ ਦੇ ਬਿਆਨਾਂ ’ਤੇ ਦੋ ਜਣਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮਾਮਲੇ ਦੇ ਤਫ਼ਤੀਸੀ ਅਫ਼ਸਰ ਹਰਬੰਸ ਸਿੰਘ ਮੁਤਾਬਿਕ ਮ੍ਰਿਤਕਾ ਦੀ ਪਤਨੀ ਚਰਨਜੀਤ ਕੌਰ ਵੱਲੋਂ ਲਿਖਾਏ ਬਿਆਨਾਂ ਮੁਤਾਬਿਕ ਉਸਦਾ ਪਤੀ ਕਰਮਜੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਦੀ ਹਾਲਤ ’ਚ ਹੋਣ ਕਾਰਨ ਸ਼ਰਾਬ ਪੀਂਦਾ ਰਹਿੰਦਾ ਸੀ। ਆਪਣੀ ਇਸ ਪ੍ਰੇਸ਼ਾਨੀ ਦਾ ਕਾਰਨ ਉਸਨੇ ਉਸ ਕੋਲ ਗੁਰਮੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬੱਲੋ ਅਤੇ ਹਰਮੀਕ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਮਾਨਸਾ ਦੁਆਰਾ ਉਨ੍ਹਾਂ ਦੇ ਪਿੰਡ ਦੀ ਹੱਦ ਉੱਪਰ ‘ਤਰਨਜੋਤ’ ਦੇ ਨਾਂਅ ’ਤੇ ਬਣਾਈ ਜਾ ਰਹੀ ਫੈਕਟਰੀ ਨੂੰ ਦੱਸਿਆ ਸੀ। ਜਿਸ ਦੇ ਬਣਨ ਦਾ ਕੁਝ ਹੋਰ ਲੋਕ ਵੀ ਵਿਰੋਧ ਕਰ ਰਹੇ ਸਨ। ਚਰਨਜੀਤ ਕੌਰ ਅਨੁਸਾਰ ਕਰਮਜੀਤ ਸਿੰਘ ਅਕਸਰ ਹੀ ਫੈਕਟਰੀ ਮਾਲਕਾਂ ਦੁਆਰਾ ਕਢਵਾਏ ਗਏ ਸੰਮਨ ਦਾ ਜਿਕਰ ਕਰਦਾ ਰਹਿੰਦਾ ਸੀ ਤੇ ਫਿਕਰ ਕਰਦਾ ਸੀ ਕਿ ਇਸ ਕਾਰਨ ਉਸਨੂੰ ਜੇਲ੍ਹ ਜਾਣਾ ਪੈ ਸਕਦਾ ਹੈ।
ਚਰਨਜੀਤ ਕੌਰ ਮੁਤਾਬਕ ਜੇਲ੍ਹ ਜਾਣ ਦੇ ਡਰ ਕਾਰਨ ਹੀ ਉਸਦੇ ਪਤੀ ਕਰਮਜੀਤ ਸਿੰਘ ਨੇ ਲੰਘੀ 11 ਫਰਵਰੀ 2022 ਨੂੰ ਰੂੜੇਕੇ ਖੁਰਦ ਵਾਲੇ ਖੇਤ ਜਾ ਕੇ ਸਵੇਰੇ ਸਮੇਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਪਰ ਜਦ ਉਸਦੇ ਦੇ ਜੇਠ ਵੱਲੋਂ ਆਪਣੇ ਖੇਤ ਵਿਚਲੀ ਮੋਟਰ ਦੇ ਕਮਰੇ ਨੂੰ ਖੋਲ੍ਹਿਆ ਤਾਂ ਉਥੋਂ ਉਸ ਨੂੰ ਮਿ੍ਰਤਕ ਕਰਮਜੀਤ ਸਿੰਘ ਵੱਲੋਂ ਲਿਖਿਆ ਖੁਦਕੁਸ਼ੀ ਨੋਟ, ਸੰਮਨ ਅਤੇ ਕੇਸ ਦੀ ਕਾਪੀ ਪ੍ਰਾਪਤ ਹੋਈ। ਤਫ਼ਤੀਸੀ ਅਫ਼ਸਰ ਹਰਬੰਸ ਸਿੰਘ ਨੇ ਦੱਸਿਆ ਕਿ ਮਿਲੇ ਖੁਦਕੁਸ਼ੀ ਨੋਟ ’ਚ ਕਰਮਜੀਤ ਸਿੰਘ ਨੇ ਆਪਣੀ ਮੌਤ ਦੇ ਜਿੰਮੇਵਾਰ ਫੈਕਟਰੀ ਬਣਾਉਣ ਵਾਲੇ ਗੁਰਮੀਤ ਸਿੰਘ ਵਾਸੀ ਬੱਲੋ ਅਤੇ ਹਰਮੀਕ ਸਿੰਘ ਵਾਸੀ ਮਾਨਸਾ ਨੂੰ ਠਹਿਰਾਇਆ ਹੋਇਆ ਹੈ। ਜਿਸ ਦੇ ਅਧਾਰ ’ਤੇ ਮ੍ਰਿਤਕਾ ਦੀ ਪਤਨੀ ਚਰਨਜੀਤ ਕੌਰ ਦੇ ਬਿਆਨਾਂ ਉੱਪਰ ਉਕਤ ਦੋਵਾਂ ਵਿਰੁੱਧ 306 ਆਈਪੀਸੀ ਤਹਿਤ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ਼ ਕੀਤਾ ਗਿਆ। ਉਨਾਂ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ