ਭਾਰਤ ਪਾਕਿ ‘ਚ ਤਣਾਅ ‘ਚ ਦੋ ਪਰਿਵਾਰਾਂ ਨੇ ਦਿੱਤਾ ਸਾਂਝ ਦਾ ਸੁਨੇਹਾ

Family, Members, Tension, Pakistan

ਪਟਿਆਲਾ ‘ਚ ਹੋਇਆ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਜੋੜਨ ਵਾਲਾ ਵਿਆਹ

ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ‘ਚ ਆਪਸੀ ਤਣਾਅ ਵਾਲਾ ਮਹੌਲ ਬਣਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਪਟਿਆਲਾ ਵਿਖੇ ਅੱਜ ਇੱਕ ਅਜਿਹਾ ਵਿਆਹ ਨੇਪਰੇ ਚੜ੍ਹਿਆ ਹੈ, ਜਿਸ ਨੇ ਦੋਵਾਂ ਮੁਲਕਾਂ ਦੇ ਤਿੜਕ ਰਹੇ ਰਿਸ਼ਤਿਆਂ ‘ਚ ਭਾਈਚਾਰਕ ਸਾਂਝ ਦੀ ਨਵੀਂ ਮਿਸਾਲ ਪੈਦਾ ਕੀਤੀ ਹੈ। ਇਹ ਵਿਆਹ ਹਰਿਆਣਾ ਦੇ ਪਿੰਡ ਤੇਪਲਾ ਦੇ ਰਹਿਣ ਵਾਲੇ ਪਰਵਿੰਦਰ ਸਿੰਘ (33) ਦਾ ਪਾਕਿਸਤਾਨ ਦੇ ਸਿਆਲਕੋਟ ਦੀ ਰਹਿਣ ਵਾਲੀ ਕਿਰਨ ਸੁਰਜੀਤ (27) ਨਾਲ ਧਾਰਮਿਕ ਰਹੁ ਰਸਮਾਂ ਨਾਲ ਸਿਰੇ ਚੜ੍ਹਿਆ ਹੈ। ਇਸ ਵਿਆਹ ਦੇ ਆਮ ਲੋਕਾਂ ‘ਚ ਵੀ ਚਰਚੇ ਬਣੇ ਹੋਏ ਹਨ। ਭਾਰਤ ਤੇ ਪਾਕਿਸਤਾਨ ਵਿਚਕਾਰ ਨਵੇਂ ਰਿਸ਼ਤੇ ਪੈਦਾ ਕਰਨ ਵਾਲਾ ਇਹ ਵਿਆਹ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਖੇਲ੍ਹ ਸਾਹਿਬ ਵਿਖੇ ਹੋਇਆ ਹੈ।

ਇਕੱਤਰ ਵੇਰਵਿਆਂ ਅਨੁਸਾਰ ਕਿਰਨ ਆਪਣੇ ਪਰਿਵਾਰ ਨਾਲ ਵੀਰਵਾਰ ਨੂੰ ਸਮਝੌਤਾ ਐਕਸਪ੍ਰੈਸ ਰਾਹੀਂ ਭਾਰਤ ਪਹੁੰਚੀ ਸੀ। ਪਰਵਿੰਦਰ ਸਿੰਘ ਦੇ ਪਰਿਵਾਰ ਦੀ ਕਿਰਨ ਸੁਰਜੀਤ ਦੇ ਪਾਕਿਸਤਾਨ ਰਹਿੰਦੇ ਪਰਿਵਾਰ ਨਾਲ ਦਹਾਕਿਆਂ ਪੁਰਾਣੀ ਦੂਰ ਦੀ ਰਿਸ਼ਤੇਦਾਰੀ ਤੇ ਸਾਂਝ ਹੈ। ਪਰਵਿੰਦਰ ਸਿੰਘ ਦਾ ਪਰਿਵਾਰ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਭਾਰਤ ਆ ਗਿਆ ਸੀ, ਪਰ ਕਿਰਨ ਸੁਰਜੀਤ ਦਾ ਪਰਿਵਾਰ ਵੰਡ ਵੇਲੇ ਵੀ ਪਾਕਿਸਤਾਨ ਵਿਚ ਹੀ ਰਿਹਾ। ਦੋ ਸਾਲ ਪਹਿਲਾਂ ਕਿਰਨ ਸੁਰਜੀਤ ਪਟਿਆਲਾ ਦੇ ਸਮਾਣਾ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰ ਦੇ ਘਰ ਆਈ ਸੀ ਜਿੱਥੇ ਕਿ ਪਰਵਿੰਦਰ ਸਿੰਘ ਤੇ ਕਿਰਨ ਸੁਰਜੀਤ ਦੀ ਮੁਲਾਕਾਤ ਹੋਈ ਅਤੇ ਪਰਵਿੰਦਰ ਸਿੰਘ ਨੇ ਉਸ ਨਾਲ ਵਿਆਹ ਕਰਨ ਦੀ ਇੱੱਛਾ ਪ੍ਰਗਟਾਈ। ਦੋਵਾਂ ਦੇ ਪਰਿਵਾਰਾਂ ਨੇ ਉਹਨਾਂ ਦਾ ਰਿਸ਼ਤਾ ਪੱਕਾ ਕਰ ਦਿੱਤਾ ਅਤੇ ਅੱਜ ਦੋਵਾਂ ਦਾ ਵਿਆਹ ਧਾਰਮਿਕ ਰਹੁ ਰੀਤਾਂ ਨਾਲ ਕੀਤਾ ਗਿਆ। ਪਾਕਿਸਤਾਨ ਤੋਂ ਪੁੱਜੀ ਕਿਰਨ ਦੇ ਪਰਿਵਾਰ ਨੂੰ 45 ਦਿਨਾਂ ਦਾ ਭਾਰਤ ਦਾ ਵੀਜ਼ਾ ਮਿਲਿਆ ਹੈ ਤੇ ਉਹ ਸਿਰਫ ਪਟਿਆਲਾ ਵਿਖੇ ਹੀ ਰਹਿ ਸਕਦੇ ਹਨ। ਇਸ ਲਈ ਪਰਵਿੰਦਰ ਸਿੰਘ ਵੱਲੋਂ ਪਟਿਆਲਾ ਵਿਖੇ ਹੀ ਇੱਕ ਘਰ ਲਿਆ ਗਿਆ ਜਿੱਥੇ ਅਗਲੇ ਕਰੀਬ 40 ਦਿਨ ਤੱਕ ਰਹਿਣਗੇ ਤੇ ਵੀਜ਼ਾ ਮੁਕਦੇ ਹੀ ਕਿਰਨ ਤੇ ਉਸਦਾ ਪਰਿਵਾਰ ਵਾਪਿਸ ਪਾਕਿਸਤਾਨ ਚਲਾ ਜਾਵੇਗਾ , ਜਿਸ ਤੋਂ ਬਾਦ ਪੂਰੀ ਕਾਗ਼ਜ਼ੀ ਕਾਰਵਾਈ ਤੋਂ ਬਾਅਦ ਕਿਰਨ ਪੱਕੇ ਤੌਰ ‘ਤੇ ਭਾਰਤ ਆ ਜਾਵੇਗੀ ਤੇ ਬਾਕੀ ਦੀ ਜ਼ਿੰਦਗੀ ਭਾਰਤ ‘ਚ ਆਪਣੇ ਪਤੀ ਪਰਵਿੰਦਰ ਨਾਲ ਇਕੱਠਿਆ ਹੀ ਗੁਜਾਰੇਗੀ।

ਕਿਰਨ ਦੇ ਪਿਤਾ ਸੁਰਜੀਤ ਸਿੰਘ ਚੀਮਾ ਤੇ ਮਾਮਾ ਸੁਮੇਰਾ ਚੀਮਾ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਦੀ ਸਾਂਝ ਉਸੇ ਤਰ੍ਹਾਂ ਪੁਰਾਣੀ ਹੈ, ਜਿਸ ਤਰ੍ਹਾਂ ਦੋਵਾਂ ਮੁਲਕਾਂ ਦੀ ਸਾਂਝ ਹੈ। ਉਨ੍ਹਾਂ ਕਿਹਾ ਕਿ ਲੜਾਈਆਂ ਨਾਲ ਕੁਝ ਨਹੀਂ ਸੰਵਰਨਾ, ਸਗੋਂ ਵਿਨਾਸ ਹੀ ਪੱਲੇ ਪੈਣਾ ਹੈ। ਇਸ ਲਈ ਉਹ ਦੋਹਾਂ ਮੁਲਕਾਂ ਵਿੱਚ ਅਮਨ ਸ਼ਾਂਤੀ ਦੀ ਅਰਦਾਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਹਰਿਆਣਾ ਅਤੇ ਪੰਜਾਬ ਵਿੱਚ ਰਹਿੰਦੇ ਹਨ। ਸਮਾਣਾ ਰਹਿੰਦੇ ਕਿਰਨ ਦੇ ਰਿਸ਼ਤੇਦਾਰ ਲਖਵਿੰਦਰ ਸਿੰਘ ਨੇ ਵੀ ਦੋਵਾਂ ਦੇ ਵਿਆਹ ਹੋਣ ‘ਤੇ ਖੁਸ਼ੀ ਪ੍ਰਗਟਾਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।