ਸੂਬੇ ‘ਚ ਬਿਜਲੀ ਮਹਿੰਗੀ ਕਰਕੇ ਆਮ ਲੋਕਾਂ ਦਾ ਕੱਢਿਆ ਦਿਵਾਲਾ : ਪ੍ਰੋ. ਰੂਬੀ

Prima, Dismissal,Common, Electricity, Ruby

ਸੰਗਤ ਮੰਡੀ (ਮਨਜੀਤ ਨਰੂਆਣਾ) | ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ ਵੱਲੋਂ ਪਿੰਡ ਘੁੱਦਾ, ਨੰਦਗੜ੍ਹ ਤੇ ਕਾਲਝਰਾਣੀ ‘ਚ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸ਼ੁਰੂ ਕੀਤੇ ਬਿਜਲੀ ਅੰਦੋਲਨ ਸਬੰਧ ਮੀਟਿੰਗਾਂ ਕੀਤੀਆਂ ਗਈਆਂ ਇਸ ਮੌਕੇ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਬਿਜਲੀ ਦੇ ਵੱਡੇ-ਵੱਡੇ ਬਿੱਲ ਭੇਜ ਕੇ ਲੁੱਟ ਕੀਤੀ ਜਾ ਰਹੀ ਹੈ। ਪੰਜਾਬ ‘ਚ ਭਾਰਤ ਦੇ ਸਾਰੇ ਰਾਜਾਂ ਨਾਲੋਂ ਬਿਜਲੀ ਪ੍ਰਤੀ ਯੂਨਿਟ ਮਹਿੰਗੀ ਹੈ ਉੱਤੋਂ ਬਿਜਲੀ ਦੇ ਬਿੱਲ ‘ਚ ਗਊ ਸੈੱਸ ਹੋਰ ਲਗਾਇਆ ਜਾਂਦਾ ਹੈ ਪ੍ਰੰਤੂ ਫੇਰ ਵੀ ਸੜਕਾਂ ‘ਤੇ ਬੇਸਹਾਰਾ ਗਊਆਂ ਆਮ ਦੇਖੀਆਂ ਜਾ ਸਕਦੀਆਂ ਹਨ। ਇਹ ਗਊਆਂ ਆਏ ਦਿਨ ਜਿੱਥੇ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੀਆਂ ਹਨ, ਉੱਥੇ ਹੀ ਕਿਸਾਨਾਂ ਦੀਆਂ ਫਸਲਾਂ ਖ਼ਰਾਬ ਕਰਦੀਆਂ ਹਨ।

ਉਨ੍ਹਾਂ ਅੱਗੇ ਕਿਹਾ ਕਿ ਬਿਜਲੀ ਦੇ ਇਨ੍ਹਾਂ ਵੱਡੇ-ਵੱਡੇ ਬਿੱਲਾਂ ਨੂੰ ਭਰਨ ਤੋਂ ਆਮ ਲੋਕ ਅਸਮਰੱਥ ਹਨ, ਜਿੱਥੇ ਬਿਜਲੀ ਵਿਭਾਗ ਵੱਲੋਂ ਇਨ੍ਹਾਂ ਲੋਕਾਂ ਦੇ ਮੀਟਰ ਪੁੱਟੇ ਜਾ ਰਹੇ ਹਨ। ਸੂਬੇ ਦੀ ਕਾਂਗਰਸ ਸਰਕਾਰ ਸੁੱਤੀ ਹੋਈ ਹੈ ਤੇ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ ਕਿ ਕਿਸ ਤਰ੍ਹਾਂ ਸੂਬੇ ਦੇ ਲੋਕ ਆਪਣੀਆਂ ਮੁੱਢਲੀਆਂ ਲੋੜਾਂ ਜਿਵੇਂ ਕਿ ਬਿਜਲੀ, ਪਾਣੀ ਤੇ ਸਿਹਤ ਸਹੂਲਤਾਂ ਲਈ ਤਰਸ ਰਹੇ ਹਨ, ਜਦੋਂ ਕਿ ਇੱਕ ਦਿੱਲੀ ਦੀ ਕੇਜਰੀਵਾਲ ਸਰਕਾਰ ਦਿੱਲੀ ਦੇ ਲੋਕਾਂ ਨੂੰ ਬਿਜਲੀ ਪ੍ਰਾਈਵੇਟ ਕੰਪਨੀਆਂ ਤੋਂ ਖ਼ਰੀਦ ਕੇ ਵੀ ਇੱਕ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦੇ ਰਹੀ। ਪੰਜਾਬ ‘ਚ ਲਗਭਗ 10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਲੋਕਾਂ ਨੂੰ ਬਿਜਲੀ ਦਿੱਤੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਪੰਜਾਬ ‘ਚ ਪ੍ਰਾਈਵੇਟ ਲੱਗੇ ਥਰਮਲ ਪਲਾਂਟਾਂ ਦੇ ਮਾਲਕਾਂ ਤੋਂ ਮੋਟੀ ਰਿਸ਼ਵਤ ਲੈ ਕੇ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਵੇਚਣ ਦੀ ਇਜਾਜ਼ਤ ਦੇ ਰਹੇ ਹਨ।

ਉਨ੍ਹਾਂ ਦੱਸਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੀ ਲੋਕਾਂ ਨਾਲ ਇਸੇ ਤਰ੍ਹਾਂ ਹੀ ਕਰਦੀ ਰਹੀ ਹੈ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਵੱਲੋਂ ਚਲਾਏ ਜਾ ਰਹੇ ਬਿਜਲੀ ਅੰਦੋਲਨ ‘ਚ ਸਾਥ ਦੇਣ ਲਈ ਕਿਹਾ। ਇਸ ਮੌਕੇ ਅੰਮ੍ਰਿਤ ਲਾਲ ਅਗਰਵਾਲ ਹਲਕਾ ਇੰਚਾਰਜ ਬਠਿੰਡਾ ਸ਼ਹਿਰੀ, ਅਮਰਦੀਪ ਸਿੰਘ ਰਾਜਨ ਯੂਥ ਪ੍ਰਧਾਨ ਬਠਿੰਡਾ, ਬਲਾਕ ਪ੍ਰਧਾਨ ਹਰਜੀਤ ਸਿੰਘ ਸੇਠੀ, ਨਿੱਜੀ ਸਕੱਤਰ ਸੰਦੀਪ ਧਾਲੀਵਾਲ, ਜਨਕ ਰਾਜ ਅਤੇ ਕੁਲਵੀਰ ਸਿੰਘ ਨੰਦਗੜ੍ਹ ਮੌਜ਼ੂਦ ਸਨ।