ਵਿਸ਼ਵਾਸ ਜ਼ਿੰਦਗੀ ਨੂੰ ਬਣਾਉਂਦੈ ਖੂਬਸੂਰਤ

Beautiful Life

ਜ਼ਿੰਦਗੀ ਖੂਬਸੂਰਤ ਹੈ। ਜ਼ਿੰਦਗੀ ਦੇ ਹਰ ਪਲ ਦਾ ਲੁਤਫ ਉਠਾਉਣਾ ਚਾਹੀਦਾ ਹੈ। ਮਨੁੱਖੀ ਜੀਵਨ ਦੁਰਲੱਭ ਹੈ। ਜ਼ਿੰਦਗੀ ਜਿਉਣ ਲਈ ਸਾਨੂੰ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਹਨ। ਮੁਸ਼ਕਿਲਾਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ ਜਿਵੇਂ ਘਰੇਲੂ ਕਲੇਸ਼, ਸਰੀਰਕ ਢਿੱਲ-ਮੱਠ, ਕੰਮਕਾਰ ਵਿੱਚ ਰੁਕਾਵਟ ਆਦਿ। (Beautiful Life)

ਜਦੋਂ ਦੁੱਖ ਜਾਂ ਮੁਸੀਬਤ ਆਉਂਦੀ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਨੇੜੇ ਕੌਣ ਲੱਗਾ ਸੀ। ਕਿਸ ਨੇ ਮੁਸੀਬਤ ਵੇਲੇ ਸਾਡੀ ਮੱਦਦ ਕੀਤੀ ਸੀ। ਅੱਜ ਜ਼ਮਾਨਾ ਬਦਲ ਗਿਆ ਹੈ। ਜੇ ਤੁਹਾਡੀ ਜੇਬ੍ਹ ਵਿੱਚ ਚਾਰ ਪੈਸੇ ਹਨ ਤਾਂ ਹੀ ਤੁਹਾਡੇ ਨੇੜੇ ਕੋਈ ਖੜ੍ਹਦਾ ਹੈ। ਇਨਸਾਨ ਤੁਹਾਡੇ ਦੁੱਖ ਵਿੱਚ ਸਰੀਕ ਹੁੰਦਾ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਮੁਸੀਬਤ ਆਉਂਦੀ ਸੀ ਤਾਂ ਸਾਰਾ ਪਿੰਡ ਹੀ ਮੱਦਦ ਕਰਦਾ ਸੀ ਹਾਲਾਂਕਿ ਆਰਥਿਕ ਪੱਖੋਂ ਵੀ ਮੱਦਦ ਹੋ ਜਾਂਦੀ ਸੀ ਤੇ ਕਦੇ ਮਿਹਣੇ ਵੀ ਨਹੀਂ ਮਾਰੇ ਜਾਂਦੇ ਸਨ।

ਉਸ ਸਮੇਂ ਲੋਕਾਂ ਨੂੰ ਇੱਕ-ਦੂਜੇ ’ਤੇ ਯਕੀਨ ਸੀ ਵਿਸ਼ਵਾਸ ਨਾਂਅ ਦੇ ਸ਼ਬਦ ਨਾਲ ਉਨ੍ਹਾਂ ਲੋਕਾਂ ਨੇ ਜਿੰਦਗੀ ਬਤੀਤ ਕੀਤੀ ਹੋਈ ਸੀ। ਦੋਸਤੀ ਤੋਂ ਲੈ ਕੇ ਸਾਰੇ ਰਿਸ਼ਤੇ ਵਿਸ਼ਵਾਸ ਦੀ ਨੀਂਹ ’ਤੇ ਟਿਕੇ ਹੋਏ ਹੁੰਦੇ ਸਨ। ਅੱਜ ਇਨਸਾਨ ਮਤਲਬ ਰੱਖ ਕੇ ਦੋਸਤੀ ਕਰਦਾ ਹੈ। ਜਦੋਂ ਮਤਲਬ ਨਿੱਕਲ ਜਾਂਦਾ ਹੈ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ ਹੋ ਜਾਂਦਾ ਹੈ। ਅੱਜ ਲੋਕਾਂ ਅੰਦਰ ਵਿਸ਼ਵਾਸ ਨਾਂਅ ਦੀ ਕੋਈ ਚੀਜ ਨਹੀਂ ਹੈ। ਛਲ -ਕਪਟ, ਝੂਠ, ਪੈਸੇ ਦੇ ਬਲਬੂਤੇ ਸ਼ੋਹਰਤ, ਅਹੁਦਾ ਹਾਸਲ ਤਾਂ ਕਰ ਲਓਗੇ ਪਰ ਤੁਹਾਡੀ ਆਤਮਾ ਨੂੰ ਜੋ ਸ਼ਾਂਤੀ ਤੇ ਸੰਤੁਸ਼ਟੀ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲਦੀ। ਝੂਠ-ਫਰੇਬ ਨਾਲ ਮਾਇਆ ਇੱਕਠੀ ਕਰ ਲਓਗੇ ਪਰ ਵਿਸ਼ਵਾਸ/ਯਕੀਨ ਕਿਸ ਤਰ੍ਹਾਂ ਲਿਆ ਸਕੋਗੇ।

ਬਿਰਧ ਮਾਪਿਆਂ ਦਾ ਖਿਆਲ ਰੱਖਿਆ ਜਾਵੇ | Beautiful Life

ਰਿਸ਼ਤਿਆਂ ਦਾ ਘਾਣ ਹੋ ਚੁੱਕਾ ਹੈ। ਬੱਚਿਆਂ ਦੇ ਜਿਉਂਦੇ-ਜੀ ਮਾਪੇ ਬਿਰਧ ਆਸ਼ਰਮ ਵਿੱਚ ਜ਼ਿੰਦਗੀ ਕੱਟ ਰਹੇ ਹਨ ਮਾਂ ਦੀ ਮਮਤਾ ਵੀ ਸ਼ਰਮਸਾਰ ਹੋ ਗਈ ਹੈ। ਨਿਮਰਤਾ, ਪਿਆਰ, ਸਤਿਕਾਰ ਤੇ ਵਿਸ਼ਵਾਸ ਸਭ ਖ਼ਤਮ ਹੋ ਰਹੇ ਨੇ। ਵੱਟਾਂ ਪਿੱਛੇ ਰੌਲਾ ਪੈ ਜਾਣ ਕਾਰਨ ਭਰਾ ਹੱਥੋਂ ਭਰਾ ਦੇ ਕਤਲ ਦੀ ਗੱਲ ਆਮ ਹੋ ਗਈ ਹੈ। ਬਜ਼ੁਰਗਾਂ ਦੀ ਬੇਕਦਰੀ ਹੋ ਰਹੀ ਹੈ। ਘਰ ਵਿੱਚ ਰਹਿਣ ਨੂੰ ਥਾਂ ਨਹੀਂ। ਇਨਸਾਨ ਆਪਣੀ ਝੂਠੀ ਸ਼ਾਨੋ-ਸ਼ੌਕਤ, ਐਸ਼ੋ-ਆਰਾਮ ਲਈ ਭੱਜਿਆ ਫਿਰਦਾ। ਹਜਾਰਾਂ ਲੋਕਾਂ ਨੂੰ ਲਤਾੜ ਕੇ ਬੇ-ਵਿਸ਼ਵਾਸੀ ਨਾਲ ਅੱਗੇ ਵਧਣਾ ਚਾਹੁੰਦਾ ਹੈ। ਲੋਕ ਦਿਖਾਵੇ ਭਰੀ ਜ਼ਿੰਦਗੀ ਜੀ ਰਹੇ ਹਨ। ਸੋਸ਼ਲ ਮੀਡੀਆ ’ਤੇ ਜੋ ਸਟੇਟਸ ਜਾਂ ਫੋਟੋਆਂ ਪੋਸਟ ਕੀਤੀਆਂ ਜਾਂਦੀਆਂ ਹਨ ਉਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਮੇਲ ਨਹੀਂ ਖਾਂਦੀਆਂ। ਦਿਖਾਵੇ ਦੇ ਚੱਕਰ ਵਿੱਚ ਹਜ਼ਾਰਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ। ਲੋਕਾਂ ਦੀ ਉਧਾਰ ਲਏ ਪੈਸਿਆਂ ’ਤੇ ਜ਼ਿੰਦਗੀ ਚੱਲ ਰਹੀ ਹੈ ਇਸ ਤੋਂ ਮਾੜਾ ਕੀ ਹੋ ਸਕਦਾ।

ਇਹ ਵੀ ਪੜ੍ਹੋ : ਜਲੰਧਰ ਤੋਂ ਹੋਈ ‘ਸੀਐੱਮ ਦੀ ਯੋਗਸ਼ਾਲਾ’ ਦੀ ਸ਼ੁਰੂਆਤ, ਮੁੱਖ ਮੰਤਰੀ ਮਾਨ ਨੇ ਕੀ ਕਿਹਾ?

ਸਾਨੂੰ ਇਸ ਤਰ੍ਹਾਂ ਦੀ ਬੇ-ਵਿਸ਼ਵਾਸੀ, ਝੂਠ, ਫਰੇਬ, ਦਿਖਾਵੇ ਵਾਲੀ ਜ਼ਿੰਦਗੀ ਤੋਂ ਬਚਣਾ ਚਾਹੀਦਾ ਹੈ। ਸਾਨੂੰ ਆਪਣੇ ਰਿਸ਼ਤੇ/ਦੋਸਤੀ ਵਿੱਚ ਵਿਸ਼ਵਾਸ ਪੈਦਾ ਕਰਨਾ ਪੈਣਾ। ਸਾਡੇ ਕੋਲ ਅਜਿਹਾ ਦੋਸਤ ਹੋਣਾ ਚਾਹੀਦਾ ਜਿਸ ’ਤੇ ਸਾਨੂੰ ਆਪਣੇ ਤੋਂ ਵੱਧ ਯਕੀਨ ਹੋਵੇ, ਜੋ ਤੁਹਾਡੇ ਮਾੜੇ ਸਮੇਂ ਵਿੱਚ ਨਾਲ ਹੋਵੇ, ਜੋ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਨੂੰ ਸਮਝ ਸਕੇ। ਦੋਸਤੀ ਦੀ ਨੀਂਹ ਪੈਸੇ ਦੀ ਥਾਂ ਵਿਸ਼ਵਾਸ ’ਤੇ ਟਿਕੀ ਹੋਣੀ ਚਾਹੀਦੀ ਹੈ। ਰਿਸ਼ਤਿਆਂ ਵਿੱਚ ਵੀ ਭਰੋਸਾ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਮੈਨੂੰ ਵੀ ਬਹੁਤ ਲੋਕਾਂ ਨੇ ਆਪਣਾ ਦੋਸਤ ਬਣਾਇਆ ਤੇ ਕਈਆਂ ਦੀਆਂ ਗੱਲਾਂ ’ਤੇ ਸ਼ਾਇਦ ਮੈਂ ਖਰਾ ਨਹੀਂ ਉੱਤਰ ਸਕਿਆ ਇਸ ਕਰਕੇ ਹੋ ਸਕਦਾ ਉਹ ਮੈਨੂੰ ਛੱਡ ਗਏ ਹੋਣ। ਪਰ ਜਿਨ੍ਹਾਂ ਨਾਲ ਮੈਂ ਦੋਸਤੀ ਬਣਾਈ ਉਹ ਮੂੰਹੋਂ ਕਹੀਆਂ ਗੱਲਾਂ ’ਤੇ ਖੜ੍ਹੀ ਹੈ। ਮੈਂ ਹਮੇਸ਼ਾ ਉਹਨਾਂ ਦਾ ਸਾਥ ਦੇਣ ਲਈ ਤਿਆਰ ਹਾਂ ਪਰ ਉਹ ਦੋਸਤ ਹੀ ਦੱਸ ਸਕਦੇ ਨੇ ਕਿ ਉਹ ਮੇਰੇ ’ਤੇ ਯਕੀਨ ਕਰਦੇ ਹਨ ਜਾਂ ਨਾ।

ਸਿਆਣੇ ਆਖਦੇ ਨੇ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਵਾਰ ਅਜਿਹਾ ਚੰਗਾ ਦੋਸਤ/ਮਿੱਤਰ ਜਰੂਰ ਆਉਂਦਾ ਹੈ ਪਰ ਅਸੀਂ ਉਹਨਾਂ ਨੂੰ ਪਛਾਣ ਨਹੀਂ ਸਕਦੇ।

ਜਿਸ ਕਰਕੇ ਅਜਿਹੇ ਦੋਸਤ ਅਸੀਂ ਗਵਾ ਲੈਂਦੇ ਹਾਂ। ਸਾਨੂੰ ਅਜੋਕੇ ਸਮੇਂ ਵਿੱਚ ਆਪਣੇ ਨਾਲ ਚੱਲ ਰਹੇ ਦੋਸਤਾਂ-ਮਿੱਤਰਾਂ ਦੀ ਪਛਾਣ ਕਰਨੀ ਚਾਹੀਦੀ ਹੈ ਜਿਸ ’ਤੇ ਤੁਸੀਂ ਵੀ ਵਿਸ਼ਵਾਸ ਕਰ ਸਕੋ। ਜਿੰਨ੍ਹਾਂ ਨੂੰ ਆਪਣੇ-ਆਪ ’ਤੇ ਵਿਸ਼ਵਾਸ ਨਹੀਂ ਹੁੰਦਾ ਉਨ੍ਹਾਂ ਅੰਦਰ ਨਕਾਰਾਤਮਕ ਵਿਚਾਰ ਪੈਦਾ ਹੁੰਦੇ ਰਹਿੰਦੇ ਹਨ। ਰੋਜ਼ਾਨਾ ਜ਼ਿੰਦਗੀ ਵਿੱਚ ਤੁਸੀਂ ਕਿਤੇ ਵੀ ਨਜ਼ਰ ਘੁਮਾ ਲਓ ਟੀ. ਵੀ. ਚੈਨਲਾਂ, ਸੋਸ਼ਲ ਮੀਡੀਆ ਤੇ ਨਕਾਰਾਤਮਕ ਗੱਲਾਂ ਹੀ ਸੁਰਖੀਆਂ ਬਣੀਆਂ ਪਈਆਂ ਮਿਲਦੀਆਂ ਹਨ। ਜੋ ਸਾਡੇ ਦਿਮਾਗ ’ਤੇ ਨਕਾਰਾਤਮਕ ਅਸਰ ਪਾਉਂਦੀਆਂ ਹਨ। ਸਾਨੂੰ ਹਮੇਸ਼ਾ ਨਕਾਰਾਤਮਕ ਵਿਚਾਰ ਤੋਂ ਦੂਰ ਹੁੰਦੇ ਹੋਏ ਭਰੋਸੇਮੰਦ ਦੋਸਤ/ਮਿੱਤਰ, ਰਿਸ਼ਤੇਦਾਰ ਦੀ ਚੋਣ ਕਰਨ ਚਾਹੀਦੀ ਹੈ।

ਇਹ ਵੀ ਪੜ੍ਹੋ : ਵਿਕਾਸ ਤੇ ਵਾਤਾਵਰਨ ਦਾ ਸੰਤੁਲਨ

ਪਰ ਇਹ ਚੋਣ ਬਗੈਰ ਕਿਸੇ ਡਰ ਭੈਅ ਲਾਲਚ ਦੇ ਹੋਵੇ। ਜੇਕਰ ਅਸੀਂ ਕਿਸੇ ਦੇ ਭਰੋਸੇ ਲਾਇਕ ਨਹੀਂ ਤਾਂ ਸਾਨੂੰ ਕਿਸੇ ਨਾਲ ਵਿਸ਼ਵਾਸਘਾਤ ਵੀ ਨਹੀਂ ਕਰਨਾ ਚਾਹੀਦਾ। ਵਿਸ਼ਵਾਸ ਜਿੱਤਣਾ ਕੋਈ ਵੱਡੀ ਗੱਲ ਨਹੀਂ ਪਰ ਵਿਸ਼ਵਾਸ ਬਣਾਈ ਰੱਖਣਾ ਬਹੁਤ ਵੱਡੀ ਗੱਲ ਹੈ। ਵਿਸ਼ਵਾਸ ਇੱਕ ਅਜਿਹੀ ਸ਼ਕਤੀ ਹੈ ਜਿਸ ਨਾਲ ਅਸੀਂ ਸਾਰੀ ਜ਼ਿੰਦਗੀ ਸਕਾਰਾਤਮਕ ਤਰੀਕੇ ਨਾਲ ਕੱਟ ਸਕਦੇ ਹਾਂ। ਇਸ ਦੀ ਉਦਾਹਰਨ ਮੈਂ ਤੁਹਾਨੂੰ ਇੱਕ ਕਹਾਣੀ ਰਾਹੀਂ ਦਿੰਦਾ ਹਾਂ।

ਇੱਕ ਵਾਰ ਦਿੱਲੀ ਤੋਂ ਮੈਲਬੌਰਨ ਜਾ ਰਹੇ ਜਹਾਜ਼ ਵਿੱਚ ਬਹੁਤ ਭੀੜ ਸੀ। ਜਹਾਜ਼ ਨੂੰ ਉੱਡਿਆਂ ਇੱਕ ਘੰਟਾ ਨਹੀਂ ਸੀ ਹੋਇਆ ਕਿ ਜਹਾਜ਼ ਝਟਕੇ ਖਾਣ ਲੱਗਾ। ਏਅਰਹੋਸਟਸ ਨੇ ਯਾਤਰੀਆਂ ਨੂੰ ਕਿਹਾ ਕਿ ਮੌਸਮ ਖਰਾਬ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਸੀਟ ਬੈਲਟ ਲਾਉਣੀ ਚਾਹੀਦੀ ਹੈ। ਯਾਤਰੀਆਂ ਵਿੱਚ ਥੋੜ੍ਹੀ ਘਬਰਾਹਟ ਪੈਦਾ ਹੋਈ। ਥੋੜ੍ਹੀ ਦੇਰ ਬਾਅਦ ਏਅਰਹੋਸਟਸ ਨੇ ਕਿਹਾ ਕਿ ਖਰਾਬ ਮੌਸਮ ਕਰਕੇ ਅਸੀਂ ਹੁਣ ਜਹਾਜ਼ ਵਿੱਚ ਨਾਸ਼ਤਾ ਨਹੀਂ ਕਰ ਸਕਦੇ। ਯਾਤਰੀਆਂ ਵਿੱਚ ਪ੍ਰੇਸ਼ਾਨੀ ਹੋਰ ਵਧ ਗਈ। ਇਸ ਸਮੇਂ ਇੱਕ 12 ਸਾਲ ਦੀ ਛੋਟੀ ਜਿਹੀ ਬੱਚੀ ਵੀਡੀਓ ਗੇਮ ਖੇਡ ਰਹੀ ਸੀ। ਕੁਝ ਹੀ ਦੇਰ ਬਾਅਦ ਬਿਜਲੀ ਦੀ ਜ਼ੋਰਦਾਰ ਅਵਾਜ ਆਈ। ਇਹ ਅਵਾਜ ਏਨੀ ਭਿਆਨਕ ਸੀ ਕਿ ਜਹਾਜ਼ ਦੇ ਇੰਜਣ ਦੀ ਅਵਾਜ ਵਿੱਚ ਹੀ ਗੁਆਚ ਗਈ। ਯਾਤਰੀਆਂ ਨੂੰ ਲੱਗਾ ਕਿ ਬੱਸ ਹੁਣ ਜਹਾਜ਼ ਕਰੈਸ਼ ਹੋਣ ਵਾਲਾ ਹੈ। ਸਾਡੇ ਵਿੱਚੋਂ ਹੁਣ ਕੋਈ ਜਿੰਦਾ ਨਹੀਂ ਰਹੇਗਾ। ਸਾਰੇ ਜਹਾਜ਼ ਵਿੱਚ ਸੁੰਨ ਪਸਰ ਗਈ। ਉਹ ਛੋਟੀ ਜਿਹੀ ਬੱਚੀ, ਜੋ ਗੇਮ ਖੇਡ ਰਹੀ ਸੀ, ਉਸਦੇ ਚਿਹਰੇ ’ਤੇ ਕੋਈ ਡਰ-ਸਹਿਮ ਨਹੀਂ ਸੀ।

ਖੈਰ! ਕੁਝ ਸਮੇਂ ਬਾਅਦ ਸਭ ਆਮ ਹੋ ਗਿਆ। ਜਹਾਜ਼ ਮੈਲਬੌਰਨ ਏਅਰਪੋਰਟ ’ਤੇ ਉੱਤਰਿਆ ਤਾਂ ਇੱਕ ਯਾਤਰੀ ਨੇ ਉਸ ਬੱਚੀ ਨੂੰ ਪੁੱਛਿਆ ਕਿ ਅਸੀਂ ਸਾਰੇ ਡਰੇ ਹੋਏ ਸੀ। ਸਾਡੇ ਸਾਰਿਆਂ ਵਿੱਚ ਪੂਰੀ ਘਬਰਾਹਟ ਸੀ। ਪਰ ਤੁਸੀਂ ਬਹਾਦਰ ਨਿੱਕਲੇ, ਤੁਹਾਡੇ ’ਤੇ ਕੋਈ ਡਰ-ਭੈਅ ਨਹੀਂ ਸੀ, ਤੁਸੀਂ ਜਹਾਜ਼ ਵਿੱਚ ਬਿਲਕੁਲ ਨਹੀਂ ਡਰੇ। ਬੱਚੀ ਨੇ ਮੁਸਕਰਾਉਂਦੇ ਹੋਏ ਕਿਹਾ, ‘‘ਨਹੀਂ ਅੰਕਲ ਜੀ, ਮੈਂ ਬਿਲਕੁਲ ਨਹੀਂ ਡਰੀ। ਕਿਉਂਕਿ ਇਸ ਜਹਾਜ਼ ਦੇ ਪਾਇਲਟ ਮੇਰੇ ਪਿਤਾ ਜੀ ਹਨ। ਮੈਨੂੰ ਪਤਾ ਉਹ ਕਿਸੇ ਵੀ ਹਾਲਾਤ ਵਿੱਚ ਮੈਨੂੰ ਕੁਝ ਨਹੀਂ ਹੋਣ ਦੇਣਗੇ।’’ ਇਹ ਹੈ ਵਿਸ਼ਵਾਸ।

ਚੰਗੀ ਜ਼ਿੰਦਗੀ ਜਿਉਣ ਲਈ ਸਾਨੂੰ ਉਨ੍ਹਾਂ ਦੋਸਤਾਂ-ਮਿੱਤਰਾਂ, ਰਿਸ਼ਤਿਆਂ ਦੀ ਪਛਾਣ ਕਰਕੇ ਚੋਣ ਕਰਨੀ ਚਾਹੀਦੀ ਹੈ ਜੋ ਬਗੈਰ ਕਿਸੇ ਲਾਲਚ ਦੇ ਤੁਹਾਡੇ ਵਿਸ਼ਵਾਸ ’ਤੇ ਖਰੇ ਉੱਤਰ ਸਕਣ।

ਹਰਪ੍ਰੀਤ ਸਿੰਘ ਉੱਪਲ
ਪਟਿਆਲਾ
ਮੋ. 80540-20692