ਸਾਡੇ ਨਾਲ ਸ਼ਾਮਲ

Follow us

17.4 C
Chandigarh
Sunday, February 15, 2026
More
    Home Breaking News Punjabi Unive...

    Punjabi University Patiala: ਸ਼ਾਨਦਾਰ ਖੋਜ, ਹੁਣ ਪੁਰਾਣੇ ਦਸਤਾਵੇਜ਼ਾਂ ਦੀ ਸਿਆਹੀ ਤੋਂ ਪਤਾ ਲੱਗੇਗਾ ਲਿਖਤ ਦਾ ਸਮਾਂ

    Punjabi University Patiala
    Punjabi University Patiala: ਸ਼ਾਨਦਾਰ ਖੋਜ, ਹੁਣ ਪੁਰਾਣੇ ਦਸਤਾਵੇਜ਼ਾਂ ਦੀ ਸਿਆਹੀ ਤੋਂ ਪਤਾ ਲੱਗੇਗਾ ਲਿਖਤ ਦਾ ਸਮਾਂ

    Punjabi University Patiala: ਪਟਿਆਲਾ (ਖੁਸਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਵੱਲੋਂ ਇੱਕ ਤਾਜ਼ਾ ਖੋਜ ਰਾਹੀਂ ਈਜਾਦ ਕੀਤੇ ਗਏ ਵਿਗਿਆਨਕ ਤਰੀਕਿਆਂ ਤੇ ਪ੍ਰਮਾਣਿਤ ਤਕਨੀਕ ਰਾਹੀਂ ਹੁਣ ਪੁਰਾਣੇ ਦਸਤਾਵੇਜ਼ਾਂ ਦੀਆਂ ਲਿਖ਼ਤਾਂ ’ਚ ਵਰਤੀ ਗਈ ਸਿਆਹੀ ਦੇ ਅਧਾਰ ’ਤੇ ਉਨ੍ਹਾਂ ਦੇ ਲਿਖੇ ਜਾਣ ਦੇ ਸਮੇਂ ਜਾਂ ਉਮਰ ਬਾਰੇ ਸਹੀ ਪਤਾ ਲਗਾਇਆ ਜਾਣਾ ਸੰਭਵ ਹੈ।

    ਯੂਨੀਵਰਸਿਟੀ ਦੇ ਫ਼ੋਰੈਂਸਿਕ ਵਿਗਿਆਨ ਵਿਭਾਗ ਵਿਖੇ ਪ੍ਰੋ. ਕੋਮਲ ਸੈਣੀ ਦੀ ਨਿਗਰਾਨੀ ਵਿੱਚ ਖੋਜਾਰਥੀ ਵਿਨਾਇਕ ਗੁਪਤਾ ਵੱਲੋਂ ਕੀਤੀ ਗਈ ਇਸ ਖੋਜ ਰਾਹੀਂ ਜੈੱਲ ਪੈੱਨ ਸਿਆਹੀ ਨੂੰ ਇਸ ਵਿੱਚ ਮੌਜੂਦ ਵਿਲੱਖਣ ਰਸਾਇਣਕ ਤੱਤਾਂ ਦੇ ਅਧਾਰ ’ਤੇ ਵੱਖ-ਵੱਖ ਤੌਰ ’ਤੇ ਪਛਾਣੇ ਜਾਣ ਤੇ ਵੱਖ-ਵੱਖ ਲਿਖ਼ਤਾਂ ’ਚ ਫ਼ਰਕ ਸਥਾਪਿਤ ਕਰਨ ਦੀ ਤਕਨੀਕ ਵਿਕਸਿਤ ਕੀਤੀ ਗਈ ਹੈ। ਪ੍ਰੋ. ਕੋਮਲ ਸੈਣੀ ਨੇ ਦੱਸਿਆ ਕਿ ਵਸੀਅਤ, ਇਕਰਾਰਨਾਮੇ, ਸਮਝੌਤੇ, ਪੱਤਰ ਆਦਿ ਦਸਤਾਵੇਜ਼, ਜੋ ਕਿ ਬਹੁਤ ਸਾਰੀਆਂ ਕਾਨੂੰਨੀ ਕਾਰਵਾਈਆਂ ਦੀ ਰੀੜ੍ਹ ਦੀ ਹੱਡੀ ਬਣਦੇ ਹਨ, ਅਕਸਰ ਆਪਣੀ ਪ੍ਰਮਾਣਿਕਤਾ, ਮੌਲਿਕਤਾ ਤੇ ਲਿਖ਼ਤ ਸ਼ੈਲੀ ਆਦਿ ਪੱਖਾਂ ਤੋਂ ਇਸ ਸਬੰਧੀ ਜਾਂਚ ਅਧੀਨ ਆਉਂਦੇ ਹਨ। Punjabi University Patiala

    Read Also : BBC Documentary Sidhu Moosewala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ’ਤੇ ਬੀਬੀਸੀ ਡਾਕਿਊਮੈਂਟਰੀ ’ਤੇ ਵਿਵਾਦ

    ਅਜਿਹੇ ਦਸਤਾਵੇਜ਼ਾਂ ਵਿੱਚ ਵਰਤੀ ਗਈ ਸਿਆਹੀ ਦੇ ਸਮੇਂ ਨੂੰ ਸਥਾਪਿਤ ਕਰਨ, ਉਨ੍ਹਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਤੇ ਧੋਖਾਧੜੀ ਨੂੰ ਰੋਕਣ ਦੇ ਪੱਖ ਤੋਂ ਇਹ ਵਿਧੀ ਅਹਿਮ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਏਜੰਸੀਆਂ ਅਤੇ ਨਿਆਂਇਕ ਅਧਿਕਾਰੀਆਂ ਨੂੰ ਫ਼ੈਸਲੇ ਲੈਣ ਵਿੱਚ ਸਹਾਇਤਾ ਕਰ ਸਕਣ ਦੀ ਸਮਰਥਾ ਵਾਲ਼ੀ ਇਸ ਖੋਜ ਦੀ ਫ਼ੋਰੈਂਸਿਕ ਵਿਗਿਆਨ ਅਤੇ ਕਾਨੂੰਨ ਖੇਤਰ ਦੇ ਮਾਹਿਰਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ।

    Punjabi University Patiala

    ਇਸ ਅਧਿਐਨ ਦੇ ਨਤੀਜੇ ਅੰਤਰਰਾਸ਼ਟਰੀ ਵਿਗਿਆਨਕ ਰਸਾਲਿਆਂ ’ਚ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਅਧਿਐਨ ਤਹਿਤ ਜੈੱਲ ਪੈੱਨ ਸਿਆਹੀ ਦੀ ਰਸਾਇਣਕ ਰਚਨਾ ਦੀ ਜਾਂਚ ਕਰਨ ਲਈ ਵੱਖ-ਵੱਖ ਵਿਸ਼ਲੇਸ਼ਣਾਤਮਕ ਤਕਨੀਕਾਂ ਵਰਤੀਆਂ ਗਈਆਂ ਜਿਨ੍ਹਾਂ ਵਿੱਚ ਖਾਸ ਤੌਰ ’ਤੇ ਗੈਸ ਕ੍ਰੋਮੈਟੋਗ੍ਰਾਫੀ-ਮਾਸ ਸਪੈਕਟ੍ਰੋਮੈਟਰੀ (ਜੀ. ਸੀ.- ਐੱਮ. ਐੱਸ.) ਦੀ ਵਰਤੋਂ ਕੀਤੀ ਗਈ।

    ਖੋਜਾਰਥੀ ਡਾ. ਵਿਨਾਇਕ ਗੁਪਤਾ ਨੇ ਦੱਸਿਆ ਕਿ ਨਤੀਜਿਆਂ ਦੀ ਪ੍ਰਮਾਣਿਕਤਾ ਅਤੇ ਭਰੋਸੇਯੋਗਤਾ ਨੂੰ ਵੱਡੇ ਪੱਧਰ ’ਤੇ ਅੰਕੜਿਆਂ ਦੇ ਵਿਸ਼ਲੇਸ਼ਣਾਂ ਨਾਲ਼ ਪਰਖਿਆ ਗਿਆ ਜਿਸ ਵਿੱਚੋਂ ਅਹਿਮ ਨਤੀਜੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਫ਼ੋਰੈਂਸਿਕ ਦਸਤਾਵੇਜ਼ ਜਾਂਚਕਰਤਾ ਅਕਸਰ ਅਜਿਹੇ ਮੁੱਦਿਆਂ ਨਾਲ਼ ਨਜਿੱਠਦੇ ਹਨ ਜਿੱਥੇ ਕਾਨੂੰਨੀ ਪ੍ਰਣਾਲੀ ਲਈ ਗੰਭੀਰ ਚੁਣੌਤੀਆਂ ਦਰਪੇਸ਼ ਹੁੰਦੀਆਂ ਹਨ। ਫ਼ੋਰੈਂਸਿਕ ਜਾਂਚਾਂ ਦੇ ਸੰਦਰਭ ਵਿੱਚ ਇਸ ਖੋਜ ਦੀ ਅਹਿਮ ਮਹੱਤਤਾ ਹੈ।

    ਅਜਿਹੀਆਂ ਖੋਜਾਂ ਕਿਸੇ ਵੀ ਅਦਾਰੇ ਦੇ ਵੱਕਾਰ ’ਚ ਵਾਧਾ ਕਰ ਦਿੰਦੀਆਂ : ਵੀਸੀ

    ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਪ੍ਰਾਪਤੀ ਨੂੰ ਪੰਜਾਬੀ ਯੂਨੀਵਰਸਿਟੀ ਤੇ ਵਿਸ਼ੇਸ਼ ਤੌਰ ’ਤੇ ਫ਼ੋਰੈਂਸਿਕ ਵਿਗਿਆਨ ਵਿਭਾਗ ਲਈ ਮਾਣ ਵਾਲੀ ਗੱਲ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖੋਜ ਦੇ ਸੰਭਾਵੀ ਉਪਯੋਗ ਅਪਰਾਧਿਕ ਜਾਂਚ, ਸਿਵਲ ਮੁਕੱਦਮੇਬਾਜ਼ੀ ਤੇ ਦਸਤਾਵੇਜ਼ ਪ੍ਰਮਾਣਿਕਤਾ ਦੇ ਵਿਸ਼ਾਲ ਖੇਤਰ ’ਤੇ ਅਸਰਅੰਦਾਜ਼ ਹੋ ਸਕਦੇ ਹਨ, ਜਿਸ ਨਾਲ ਨਿਆਂ ਪ੍ਰਾਪਤੀ ਦਾ ਰਾਹ ਹੋਰ ਪੱਧਰਾ ਹੋ ਸਕਦਾ ਹੈ। ਅਜਿਹੀਆਂ ਖੋਜਾਂ ਕਿਸੇ ਵੀ ਅਦਾਰੇ ਦੇ ਵੱਕਾਰ ’ਚ ਵਾਧਾ ਕਰ ਦਿੰਦੀਆਂ ਹਨ।