ਲੋਕਾਂ ਦੀ ਜਾਨ ਦਾ ਖੌਅ ਬਣੇ ਨਿੱਤ ਦੇ ਧਰਨੇ-ਪ੍ਰਦਰਸ਼ਨ

 ਅੱਜ ਪੰਜਾਬ ਦੀ ਹਾਲਤ ਇਹ ਹੋ ਗਈ ਹੈ ਕਿ ਜੇ ਕਿਸੇ ਨੇ ਵਿਦੇਸ਼ ਜਾਣ ਲਈ ਫਲਾਈਟ ਫੜਨੀ ਹੋਵੇ, ਇੰਟਰਵਿਊ ‘ਤੇ ਪਹੁੰਚਣਾ ਹੋਵੇ, ਬਿਮਾਰ ਨੂੰ ਹਸਪਤਾਲ ਲਿਜਾਣਾ ਹੋਵੇ ਤਾਂ ਉਹ ਮਿੱਥੇ ਸਮੇਂ ਤੋਂ 3 ਘੰਟੇ ਪਹਿਲਾਂ ਹੀ ਚੱਲਦਾ ਹੈ ਕਿ ਕਿਤੇ ਰਸਤੇ ਵਿੱਚ ਕਿਸੇ ਜਥੇਬੰਦੀ ਨੇ ਜਾਮ ਨਾ ਲਾ ਰੱਖਿਆ ਹੋਵੇ। ਖਾਸ ਤੌਰ ‘ਤੇ ਮੰਡੀਆਂ ਦੇ ਸੀਜ਼ਨ ਵਿੱਚ ਤਾਂ ਕੋਈ ਨਾ ਕੋਈ ਸੜਕ ਜਾਮ ਹੀ ਰਹਿੰਦੀ ਹੈ। ਕੋਈ ਮਰੇ ਚਾਹੇ ਜੀਵੇ, ਜਾਮ ਲਾਉਣ ਵਾਲਿਆਂ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ ਹੁੰਦੀ। ਜਾਮ ਲਾਉਣ ਲੱਗਿਆਂ ਵੱਡੀ ਉਮਰ ਦੇ ਚੌਧਰੀ ਮੋਹਰੀ ਹੁੰਦੇ ਹਨ ਪਰ ਬਾਦ ਵਿੱਚ ਕਮਾਂਡ ਛੋਕਰ ਵਾਧੇ ਦੇ ਹੱਥ ਆ ਜਾਂਦੀ ਹੈ। ਉਹ ਜਾਮ ਤੋਂ ਲੰਘਣ ਦੀ ਕੋਸ਼ਿਸ਼ ਕਰਨ ਵਾਲੀਆਂ ਗੱਡੀਆਂ-ਮੋਟਰਸਾਇਕਲ ਭੰਨਣ ਲੱਗਿਆਂ ਮਿੰਟ ਲਾਉਂਦੇ ਹਨ। ਮੋਹਤਬਰ ਇੱਕ ਪਾਸੇ ਪੁਲਿਸ ਨੂੰ ਕਹੀ ਜਾਣਗੇ ਧਰਨਾ ਗਲਤ ਲੱਗਾ ਹੈ, ਪਰ ਦੋ ਕੁ ਮਿੰਟਾਂ ਬਾਦ ਆਪ ਵੀ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹੁੰਦੇ ਹਨ। ਪੁੱਛਣ ‘ਤੇ ਕਹਿਣਗੇ ਕਿ ਲੋਕਾਂ ਨਾਲ ਤਾਂ ਫਿਰ ਬੈਠਣਾ ਹੀ ਪੈਂਦਾ ਹੈ।

ਬੇਮੁਹਾਰੇ ਧਰਨਿਆਂ ਅਤੇ ਸੜਕ ਜਾਮਾਂ ਨੇ ਲੋਕਾਂ ਦਾ ਜਿਉਣਾ ਹਰਾਮ ਕਰ ਕੇ ਰੱਖ ਦਿੱਤਾ ਹੈ। ਹਸਪਤਾਲ ਵਿੱਚ ਦਾਖ਼ਲ ਮਰੀਜ਼ ਦਾ ਬਚਣਾ ਮਰਨਾ ਰੱਬ ਦੇ ਹੱਥ ਹੁੰਦਾ ਹੈ, ਡਾਕਟਰ ਆਪਣੇ ਵੱਲੋਂ ਪੂਰੀ ਵਾਹ ਲਾਉਂਦੇ ਹਨ। ਪਰ ਜੇ ਕਿਤੇ ਮਰੀਜ਼ ਦੀ ਮੌਤ ਹੋ ਜਾਵੇ ਤਾਂ ਡਾਕਟਰਾਂ ਦੀ ਸ਼ਾਮਤ ਆ ਜਾਂਦੀ ਹੈ। ਹਸਪਤਾਲ ਦੀ ਭੰਨ ਤੋੜ ਅਤੇ ਡਾਕਟਰਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ। ਧੱਕੇ ਨਾਲ ਹੀ ਡਾਕਟਰ ‘ਤੇ ਪਰਚਾ ਦਰਜ਼ ਕਰਾਉਣ ਦੀ ਮੰਗ ਲੈ ਕੇ ਸੜਕ ਜਾਮ ਕਰ ਦਿੱਤੀ ਜਾਂਦੀ ਹੈ। ਅਸਲ ਵਿੱਚ ਬਹੁਤੀ ਵਾਰ ਮੁੱਦਾ ਹਸਪਤਾਲ ਦੀ ਫੀਸ ਬਚਾਉਣ ਦਾ ਹੁੰਦਾ ਹੈ। ਇਹੋ ਜਿਹੇ ਲੋਕਾਂ ਦੀਆਂ ਹਰਕਤਾਂ ਦਾ ਖਮਿਆਜ਼ਾ ਸ਼ਰੀਫ਼ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਸਰਕਾਰੀ ਹਸਪਤਾਲ ਡਰਦੇ ਮਾਰੇ ਗੰਭੀਰ ਬਿਮਾਰਾਂ ਦਾ ਇਲਾਜ਼ ਕਰਨ ਦੀ ਬਜਾਏ ਕੇਸ ਪੀ.ਜੀ.ਆਈ. ਆਦਿ ਨੂੰ ਰੈਫਰ ਕਰਨ ਵਿੱਚ ਹੀ ਭਲਾਈ ਸਮਝਦੇ ਹਨ। ਬਹੁਤੀ ਵਾਰ ਹੰਗਾਮਾ ਕਰਨ ਵਾਲਿਆਂ ਦਾ ਮਰੀਜ਼ ਬਹੁਤ ਬ੍ਰਿਧ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਗ੍ਰਸਤ ਹੁੰਦਾ ਹੈ। ਪਤਾ ਉਨ੍ਹਾਂ ਨੂੰ ਵੀ ਹੁੰਦਾ ਹੈ ਕਿ ਇਸ ਨੇ ਮਰਨਾ ਹੀ ਸੀ।

ਹਾਲਾਤ ਇਹ ਹੋ ਗਏ ਹਨ ਕਿ ਲੋਕ ਕਤਲ-ਜਬਰ ਜਨਾਹ ਵਰਗੇ ਗੰਭੀਰ ਕੇਸਾਂ ਦੀ ਤਫ਼ਤੀਸ਼ ਵੀ ਖੁਦ ਹੀ ਕਰਨਾ ਚਾਹੁੰਦੇ ਹਨ। ਕਿਸੇ ਨਵ ਵਿਆਹੁਤਾ ਦੀ ਮੌਤ ਹੋਣੀ ਦੁੱਖਦਾਈ ਘਟਨਾ ਹੈ। ਪਰ ਉਸ ਮੌਤ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਘਾਗ ਵਿਅਕਤੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਸਾਰੇ ਸਹੁਰਾ ਪਰਿਵਾਰ ਦੇ ਨਾਂਅ ਲਿਖਾਏ ਜਾਂਦੇ ਹਨ। ਲੜਕੀ ਨੇ ਭਾਵੇਂ ਆਤਮ ਹੱਤਿਆ ਕੀਤੀ ਹੋਵੇ, ਮੁਕੱਦਮਾ ਕਤਲ ਦਾ ਹੀ ਦਰਜ਼ ਕਰਵਾਇਆ ਜਾਂਦਾ ਹੈ। ਚਲੋ ਮੰਨਿਆ ਪਤੀ ਜਾਂ ਸੱਸ-ਸਹੁਰੇ ਨੇ ਦਾਜ ਦੀ ਮੰਗ ਕੀਤੀ ਹੋਵੇ ਪਰ ਦਿਉਰ, ਜੇਠ, ਜੇਠਾਣੀ, ਦਰਾਣੀ ਨੇ ਦਾਜ ਕੀ ਕਰਨਾ ਹੈ? ਆਪਣੇ ਘਰ ਸੁੱਖੀ ਸਾਂਦੀ ਵੱਸ ਰਹੇ ਨਨਾਣ-ਜਵਾਈ ਵੀ ਵਿੱਚੇ ਟੰਗ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਕਤਲ, ਸੱਟ ਫੇਟ ਅਤੇ ਜਬਰ ਜਨਾਹ ਆਦਿ ਦੇ ਕੇਸਾਂ ‘ਚ ਵੀ ਝੂਠੇ ਨਾਂਅ ਲਿਖਵਾਏ ਜਾਂਦੇ ਹਨ।

ਗੱਲ ਇੱਥੇ ਹੀ ਨਹੀਂ ਖਤਮ ਹੋ ਜਾਂਦੀ। ਜਦ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੁੰਦੇ, ਲੋਕ ਪੁਲਿਸ ਨੂੰ ਨਾ ਤਾਂ ਮਰਨ ਵਾਲੇ ਦਾ ਪੋਸਟਮਾਰਟਮ ਕਰਨ ਦੇਂਦੇ ਹਨ ਤੇ ਨਾ ਹੀ ਅੰਤਿਮ ਸਸਕਾਰ ਕਰਦੇ ਹਨ। ਫਿਰ ਜੇ ਬੰਦੇ ਗ੍ਰਿਫ਼ਤਾਰ ਕਰ ਲਉ ਤਾਂ ਕਹਿਣਗੇ ਇਥੇ ‘ਕੱਠ ਵਿੱਚ ਲੈ ਕੇ ਆਓ।ਇਸ ਤੋਂ ਇਲਾਵਾ ਬੇਰੁਜ਼ਗਾਰ ਯੂਨੀਅਨਾਂ, ਕਿਸਾਨ-ਮਜ਼ਦੂਰ ਯੂਨੀਅਨਾਂ, ਸਿਆਸੀ ਪਾਰਟੀਆਂ,  ਮੁਲਾਜ਼ਮ ਜਥੇਬੰਦੀਆਂ, ਗੱਲ ਕੀ ਕਿਸੇ ਨਾ ਕਿਸੇ ਵੱਲੋਂ ਬੰਦ ਜਾਂ ਸੜਕ ਜਾਮ ਦੀ ਕਾਲ ਆਈ ਹੀ ਰਹਿੰਦੀ ਹੈ। ਅੱਜ ਕਲ ਟਰੈਫਿਕ ਐਨੀ ਹੈ ਕਿ 10 ਮਿੰਟ ਦੇ ਜਾਮ ਨਾਲ ਹੀ ਮੀਲਾਂ ਤੱਕ ਗੱਡੀਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ। ਸਰਕਾਰ ਤੋਂ ਮੰਗਾਂ ਮਨਾਉਣ ਦਾ ਇਹੋ ਤਰੀਕਾ ਸਮਝਿਆ ਜਾਂਦਾ ਹੈ ਕਿ ਆਮ ਪਬਲਿਕ ਨੂੰ ਪਰੇਸ਼ਾਨ ਕੀਤਾ ਜਾਵੇ। ਪਰ ਇਸ ਸਭ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਬਜ਼ਾਰ ਬੰਦ ਹੋਣ ‘ਤੇ ਗਰੀਬ ਦਿਹਾੜੀਦਾਰਾਂ ਦੇ ਘਰ ਚੁੱਲ੍ਹਾ ਨਹੀਂ ਬਲ਼ਦਾ।

ਧਰਨਾਕਾਰੀ ਅਜਿਹੀ ਜਗ੍ਹਾ ਜਾਮ ਲਾਉਂਦੇ ਹਨ ਜਿੱਥੇ ਆਮ ਲੋਕ ਵੱਧ ਤੋਂ ਵੱਧ ਪਰੇਸ਼ਾਨ ਹੋਣ। ਜਾਣ ਬੁੱਝ ਕੇ ਚੌਕਾਂ ਅਤੇ ਫਲਾਈ ਉਵਰਾਂ ਨੂੰ ਜਾਮ ਕੀਤਾ ਜਾਂਦਾ ਹੈ। ਜੇ ਲੋਕ ਵਿਚਾਰੇ ਲੰਘਣ ਲਈ ਚੋਰ ਮੋਰੀ ਲੱਭ ਲੈਣ ਤਾਂ ਉਥੇ ਵੀ ਜਾਮ ਲਾ ਦਿੱਤਾ ਜਾਂਦਾ ਹੈ। ਛੋਟੀ ਉਮਰ ਦੇ ਛੋਕਰਿਆਂ ਨੂੰ ਨਾ ਲੋਕਾਂ ਨਾਲ ਬੋਲਣ ਦੀ ਅਕਲ ਹੁੰਦੀ ਹੈ ਨਾ ਤਮੀਜ਼।

ਬਠਿੰਡਾ ਸ਼ਹਿਰ ਵਿੱਚ ਪਿਛਲੇ ਸਮੇਂ ਵਿੱਚ ਬਹੁਤ ਧਰਨੇ ਲੱਗਦੇ ਰਹੇ ਹਨ। ਧਰਨਾਕਾਰੀਆਂ ਦੀ ਮਨ ਭਾਉਂਦੀ ਜਗ੍ਹਾ ਬੱਸ ਸਟੈਂਡ ਦੇ ਸਾਹਮਣੇ ਸੀ। ਛੁੱਟੀ ਵੇਲੇ ਸਕੂਲਾਂ ਦੀਆਂ ਵੈਨਾਂ ਜਾਮ ਵਿੱਚ ਫਸ ਜਾਂਦੀਆਂ ਸਨ। ਛੋਟੇ-ਛੋਟੇ ਕੇ.ਜੀ, ਨਰਸਰੀ ਦੇ ਬੱਚੇ ਭੁੱਖ ਨਾਲ ਵਿਲਕਦੇ ਵੇਖੇ ਨਹੀਂ ਸਨ ਜਾਂਦੇ। ਪਰ ਧਰਨਾਕਾਰੀਆਂ ‘ਤੇ ਇਸ ਗੱਲ ਦਾ ਕੋਈ ਅਸਰ ਨਹੀਂ ਸੀ ਹੁੰਦਾ।ਅਜਿਹੇ ਘਟਨਾ ਕ੍ਰਮ ਵਿੱਚ ਪੁਲਿਸ ਦੋਵੇਂ ਪਾਸੇ ਫ਼ਸ ਜਾਂਦੀ ਹੈ। ਜਦੋਂ ਫਸਾਦੀ ਰੋਡ ਜਾਮ ਕਰਦੇ ਹਨ ਤਾਂ ਲੋਕ ਕੁਦਰਤੀ ਤੌਰ ‘ਤੇ ਪੁਲਿਸ ਦੇ ਗਲ਼ ਹੀ ਪੈਂਦੇ ਹਨ ਕਿ ਸਾਨੂੰ ਰਸਤਾ ਲੈ ਕੇ ਦਿਓ। ਧਰਨਾਕਾਰੀ ਆਕੜਦੇ ਹਨ ਕਿ ਹੱਥ ਲਾ ਕੇ ਵਿਖਾਓ। ਕਈ ਯੂਨੀਅਨਾਂ ਜਿਨ੍ਹਾਂ ਦਾ ਧੰਦਾ ਹੀ ਧਰਨਾ ਪ੍ਰਦਰਸ਼ਨ ਕਰਨਾ ਹੈ, ਜਾਣ ਬੁੱਝ ਕੇ 80-80 ਸਾਲ ਦੇ ਮਰੀਅਲ ਬੁੱਢੇ ਲੈ ਕੇ ਆਉਂਦੇ ਹਨ ਕਿ ਪੁਲਿਸ ਲਾਠੀਚਾਰਜ ਕਰੇ ਤੇ ਇਹ ਮਰਨ ਤਾਂ ਜੋ ਫਿਰ ਪ੍ਰਸ਼ਾਸਨ ਦੇ ਗਲ ਰੱਸਾ ਪਾਈਏ।

ਇਹ ਸੰਗਠਨ ਵਿਰੋਧ ਪ੍ਰਗਟਾਉਣ ਲਈ ਨਵੇਂ ਤੋਂ ਨਵਾਂ ਅਜੀਬ ਤਰੀਕਾ ਅਪਣਾਉਂਦੇ ਹਨ। ਕੋਈ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਜਾਂਦਾ ਹੈ, ਕੋਈ ਨਹਿਰ ‘ਚ ਛਾਲ ਮਾਰ ਦੇਂਦਾ ਹੈ ਤੇ ਕੋਈ ਤੇਲ ਛਿੜਕ ਕੇ ਅੱਗ ਲਾਉਣ ਦੀ ਧਮਕੀ ਦੇਂਦਾ ਹੈ। ਇਸ ਤਰ੍ਹਾਂ ਦੀ ਹਰਕਤ ਕਰਦਾ ਹੋਇਆ ਜੇ ਕੋਈ ਮਰ ਜਾਵੇ ਤਾਂ ਮੀਡੀਆ ਪਿੱਛੇ ਪੈ ਜਾਂਦਾ ਹੈ ਕਿ ਪੁਲਿਸ ਨੇ ਬਚਾਇਆ ਕਿਉਂ ਨਹੀਂ। ਹੁਣ ਸੈਂਕੜੇ ਟੈਂਕੀਆਂ ਦੀ ਰਾਖੀ ਕੌਣ ਕਰ ਸਕਦਾ ਹੈ? ਜੇ ਪੁਲਿਸ ਟੈਂਕੀ ‘ਤੇ ਚੜ੍ਹੇ ਬੰਦੇ ਨੂੰ ਉੱਪਰ ਜਾ ਕੇ ਉਤਾਰਨ ਦੀ ਕੋਸ਼ਿਸ਼ ਕਰੇ ਤੇ ਉਹ ਥੱਲੇ ਡਿੱਗ ਪਵੇ ਜਾਂ ਛਾਲ ਮਾਰ ਦੇਵੇ ਤਾਂ ਨਵਾਂ ਸਕੈਂਡਲ ਬਣ ਜਾਂਦਾ ਹੈ। ਪੰਜਾਬ ਵਿੱਚ ਕਿਸੇ ਮਹਿਕਮੇ ਕੋਲ ਅਜਿਹੇ ਮਜ਼ਬੂਤ ਜਾਲ ਨਹੀਂ ਹਨ ਜੋ ਐਨੀ ਉਚਾਈ ਤੋਂ ਡਿੱਗਣ ਵਾਲੇ ਸ਼ਖਸ ਨੂੰ ਬਚਾ ਸਕਣ। ਕੁਝ ਸਾਲ ਪਹਿਲਾਂ ਇੱਕ ਔਰਤ ਟੈਂਕੀ ‘ਤੇ ਚੜ੍ਹ ਕੇ ਪ੍ਰਸ਼ਾਸਨ ਨੂੰ ਪੈਟਰੌਲ ਪਾ ਕੇ ਡਰਾਉਂਦੀ ਹੋਈ ਸੱਚੀਂ ਸੜ ਕੇ ਮਰ ਗਈ ਸੀ।

ਸੜਕ ਜਾਮ ਕਿਸੇ ਵੀ ਬੇਗੁਨਾਹ ‘ਤੇ ਝੂਠਾ ਮੁਕੱਦਮਾ ਦਰਜ਼ ਕਰਾਉਣ ਦਾ ਵਧੀਆ ਹਥਿਆਰ ਬਣ ਗਿਆ ਹੈ। ਮੌਤ ਦੇ ਕਾਰਨ ਹੋਰ ਹੁੰਦੇ ਹਨ ਪਰ ਪਰਚਾ ਕੁਝ ਹੋਰ ਹੀ ਕਹਾਣੀ ਬਣਾ ਕੇ ਦਰਜ਼ ਕਰਵਾਇਆ ਜਾਂਦਾ ਹੈ। ਪਿੱਛੇ ਜਿਹੇ ਹੋਏ ਇੱਕ ਕੇਸ ਵਿੱਚ ਵਿਅਹੁਤਾ ਔਰਤ ਦੇ ਪਿੰਡ ਦੇ ਦੇਸੀ ਡਾਕਟਰ ਨਾਲ ਸਬੰਧ ਸਨ। ਇੱਕ ਦਿਨ ਪਤੀ ਨੇ ਦੋਵਾਂ ਨੂੰ ਰੰਗੇ ਹੱਥੀਂ ਫੜ ਲਿਆ ਤੇ ਉਸ ਦੇ ਮਾਪੇ ਬੁਲਾ ਲਏ। ਮਾਪਿਆਂ ਨੇ ਭਰੀ ਪੰਚਾਇਤ ਵਿੱਚ ਕਹਿ ਦਿੱਤਾ ਕਿ ਇਸ ਨੇ ਸਾਡੀ ਇੱਜ਼ਤ ਰੋਲ ਦਿੱਤੀ ਹੈ, ਇਹ ਸਾਡੇ ਲਈ ਮਰ ਗਈ ਤੇ ਅਸੀਂ ਇਸ ਲਈ ਮਰ ਗਏ। ਉਸ ਨੂੰ ਨਾ ਉਸ ਦਾ ਪਤੀ ਘਰ ਵੜਨ ਦੇਵੇ ਤੇ ਨਾ ਮਾਪੇ। ਸ਼ਰਮ ਦੀ ਮਾਰੀ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ। ਮਾਪਿਆਂ ਨੇ ਸਾਰੀ ਗੱਲ ਪਤਾ ਹੋਣ ਦੇ ਬਾਵਜ਼ੂਦ ਠੋਕ ਕੇ ਸਹੁਰਾ ਪਰਿਵਾਰ ‘ਤੇ ਪਰਚਾ ਦਰਜ਼ ਕਰਵਾਇਆ ਤੇ ਕਈ ਦਿਨ ਰੋਡ ਜਾਮ ਰੱਖ ਕੇ ਸਾਰੇ ਗ੍ਰਿਫ਼ਤਾਰ ਕਰਵਾਏ। ਜਿਸ ਡਾਕਟਰ ਕਾਰਨ ਉਹ ਲੜਕੀ ਮਰੀ, ਉਹ ਪੂਰੀ ਬੇਸ਼ਰਮੀ ਨਾਲ ਸਭ ਤੋਂ ਅੱਗੇ ਵਧ ਕੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇ ਮਾਰ ਰਿਹਾ ਸੀ।
ਧਰਨੇ ਪ੍ਰਦਰਸ਼ਨ ਅਤੇ ਸੜਕਾਂ ‘ਤੇ ਜਾਮ ਲਾਉਣ ਵਾਲੀਆਂ ਘਟਨਾਵਾਂ ਪੰਜਾਬ ਵਿੱਚ ਦਿਨੋਂ -ਦਿਨ ਵਧਦੀਆਂ ਜਾ ਰਹੀਆਂ ਹਨ। ਨਿੱਕੀ-ਨਿੱਕੀ ਗੱਲ ‘ਤੇ ਜਾਮ ਲਾ ਦਿੱਤੇ ਜਾਂਦੇ ਹਨ। ਕੁਝ ਸਾਲ ਪਹਿਲਾਂ ਤਪਾ ਮੰਡੀ ਇੱਕ ਯੂਨੀਅਨ ਨੇ 15 ਕੁ ਬੰਦੇ ਲਿਆ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਬਠਿੰਡਾ-ਦਿੱਲੀ ਟਰੇਨ ਰੋਕ ਲਈ ਸੀ। ਪਰ ਗਨੀਮਤ ਹੈ ਕਿ ਪੁਲਿਸ ਦੇ ਜਾਣ ਤੋਂ ਪਹਿਲਾਂ ਹੀ ਦੁਖੀ ਹੋਏ ਮੁਸਾਫ਼ਰਾਂ ਨੇ ਉਨ੍ਹਾਂ ਦੀ ਚੰਗੀ ਥੱਪੜਾਈ ਕਰ ਕੇ ਟਰੈਕ ਤੋਂ ਖਦੇੜ ਦਿੱਤਾ। ਇਹੋ ਜਿਹੀਆਂ ਘਟੀਆ ਹਰਕਤਾਂ ਕਰ ਕੇ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਠੀਕ ਨਹੀਂ ਹੈ। ਜਿਹੜਾ ਬੰਦਾ ਆਪਣੇ ਪਰਿਵਾਰ ਸਮੇਤ ਲੰਮੇ ਸਫ਼ਰ ‘ਤੇ ਜਾ ਰਿਹਾ ਹੈ, ਉਹ ਅਜਿਹੇ ਜਾਮ ਵਿੱਚ ਫਸ ਕੇ ਕਿਸੇ ਪਾਸੇ ਜੋਗਾ ਨਹੀਂ ਰਹਿੰਦਾ। ਕਈ ਮੰਗਾਂ ਜਾਇਜ਼ ਵੀ ਹੁੰਦੀਆਂ ਹਨ, ਪਰ ਸੜਕਾਂ ‘ਤੇ ਜਾਮ ਲਾ ਕੇ ਬਿਮਾਰਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਪਰੇਸ਼ਾਨ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਲੇਖਕ ਸੀਨੀਅਰ ਪੁਲਿਸ ਅਧਿਕਾਰੀ ਹੈ
ਬਲਰਾਜ ਸਿੰਘ ਸਿੱਧੂ, ਪੰਡੋਰੀ ਸਿੱਧਵਾਂ , ਮੋ.9815124449

LEAVE A REPLY

Please enter your comment!
Please enter your name here