ਕਸ਼ਮੀਰ: 24 ਘੰਟਿਆਂ ‘ਚ ਫੌਜ ਦਾ ਚੌਥਾ ਆਪ੍ਰੇਸ਼ਨ

ਸ੍ਰੀ ਨਗਰ: ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਫੌਜ ਨੇ ਲਸ਼ਕਰ-ਏ-ਤੈਅਬਾ ਦੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ। ਕਾਕਪੋਰਾ ਇਲਾਕੇ ਵਿੱਚ ਰਾਤ ਭਰ ਚੱਲੇ ਮੁਕਾਬਲੇ ਵਿੱਚ ਅੱਤਵਾਦੀਆਂ ਤੋਂ ਤਿੰਨ ਏਕੇ 47 ਰਾਈਫ਼ਲਜ਼ ਸਮੇਤ ਗੋਲਾ ਬਾਰੂਦ ਵੀ ਬਰਾਮਦ ਕੀਤੇ। ਇਸ ਤੋਂ ਪਹਿਲਾਂ ਫੌਜ ਨੇ ਪੱਲਨਵਾਲਾ ਸੇਕਟਰ ਵਿੱਚ ਐਲਓਸੀ ‘ਤੇ ਅੱਤਵਾਦੀਆਂ ਦੀ ਘੁਸਪੈਠ ਨੂੰ ਵੀ ਨਾਕਾਮ ਕਰ ਦਿੱਤਾ ਸੀ। ਇਸ ਦਰਮਿਆਨ ਅਨੰਤਨਾਗ ਦੇ ਬਾਗਪੋਰਾ, ਮਗਰਾਯਪੋਰਾ ਅਤੇ ਮਰਹਾਮਾ ਵਿੱਚ ਫੌਜ ਦਾ ਸਰਚ ਆਪ੍ਰੇਸ਼ਨ ਜਾਰੀ ਹੈ।

ਹੁਣ ਤੱਕ 5 ਅੱਤਵਾਦੀ ਢੇਰ

ਪੁਲਵਾਮਾ ਜ਼ਿਲ੍ਹੇ ਵਿੱਚ 6 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਮੁਕਾਬਲੇ ਵਿੱਚ ਫੌਜ ਨੇ ਲਸ਼ਕਰ-ਏ-ਤੈਅਬਾ ਦੇ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਇਸ ਤੋਂ ਪਹਿਲਾਂ ਫੌਜ ਨੇ ਉੱਤਰ ਕਸ਼ਮੀਰ ਦੇ ਇੱਕ ਇਲਾਕੇ ਵਿੱਚ ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਪਿਛਲੇ 24 ਘੰਟਿਆਂ ਵਿੱਚ ਫੌਜ ਨੇ ਪੰਜ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ।

ਪੁਲਵਾਮਾ ਦੇ ਕਾਕਾਪੋਰਾ ਇਲਾਕੇ ਵਿੱਚ ਬੁੱਧਵਾਰ ਦੀ ਸ਼ਾਮ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਸ਼ੁਰੂ ਹੋਇਆ। ਇੱਕ ਪੁਲਿਸ ਅਧਿਕਾਰੀ ਮੁਤਾਬਕ ਸੁਰੱਖਿਆ ਬਲਾਂ ਕੋਲ ਇਨਪੁਟ ਸੀ ਕਿ ਲਸ਼ਕਰ ਦੇ ਤਿੰਨ ਅੱਤਵਾਦੀ ਸੰਘਣੀ ਅਬਾਦੀ ਵਾਲੇ ਇਲਾਕੇ ਵਿੱਚ ਇੱਕ ਘਰ ਵਿੱਚ ਲੁਕੇ ਹੋਏ ਹਨ।

ਤਿੰਨੇ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ

ਆਪ੍ਰੇਸ਼ਨ ਤੋਂ ਬਾਅਦ ਘਰ ਨੂੰ ਅੱਗ ਹਵਾਲੇ ਕਰਕੇ ਜ਼ਮੀਨਦੋਜ ਕਰ ਦਿੱਤਾ ਗਿਆ। ਤਿੰਨੇ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭੀੜ ਨੇ ਸੁਰੱਖਿਆ ਬਲਾਂ ਦਾ ਮੁਹਿੰਮ ਤੋਂ ਧਿਆਨ ਭਟਕਾਉਣ ਲਈ ਉਨ੍ਹਾਂ ‘ਤੇ ਪਥਰਾਅ ਕੀਤਾ।