ਕਦੇ ਹਰ ਘਰ ਦੀ ਸ਼ਾਨ ਹੁੰਦੀਆਂ ਸੀ ਇਹ ਸਵਿੱਚਾਂ

Every, Home, Swells, Switches

ਕਦੇ ਹਰ ਘਰ ਦੀ ਸ਼ਾਨ ਹੁੰਦੀਆਂ ਸੀ ਇਹ ਸਵਿੱਚਾਂ

ਸਾਡਾ ਮਾਣਮੱਤਾ ਵਿਰਸਾ ਬਹੁਤ ਅਮੀਰ ਹੋਣ ਦੇ ਨਾਲ-ਨਾਲ ਮਨ ਨੂੰ ਵੀ ਸਕੂਨ ਦਿੰਦਾ ਹੈ, ਚਾਹੇ ਕਿਸੇ ਵੀ ਖੇਤਰ ਦੀ ਗੱਲ ਕਰੀਏ। ਜਦੋਂ ਕਿਤੇ ਮਨ ਉਚਾਟ ਹੁੰਦੈ ਤਾਂ ਇੱਕ ਵਾਰ ਅਤੀਤ ਵਿੱਚ ਜਾ ਕੇ ਜੋ ਮਨ ਨੂੰ ਤਸੱਲੀ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਉਹ ਕਹਿਣ-ਸੁਣਨ ਤੋਂ ਬਹੁਤ ਪਰੇ ਦੀਆਂ ਗੱਲਾਂ ਨੇ, ਹਾਂ ਜਿਨ੍ਹਾਂ ਨੇ ਉਹ ਸਮੇਂ ਜਾਂ ਉਨ੍ਹਾਂ ਪੁਰਾਣੀਆਂ ਚੀਜ਼ਾਂ ਦੇ ਦਰਸ਼ਨ ਹੀ ਨਹੀਂ ਕੀਤੇ ਉਹ ਇਸ ਨਿਵੇਕਲੇ ਅਹਿਸਾਸ ਤੋਂ ਬਿਲਕੁਲ ਅਣਜਾਣ ਨੇ।

ਕੋਈ ਜ਼ਿਆਦਾ ਦੇਰ ਪਹਿਲਾਂ ਦੀ ਨਹੀਂ ਸਿਰਫ ਦੋ-ਢਾਈ ਦਹਾਕੇ ਪਹਿਲਾਂ ਭਾਵ ਵੀਹ-ਪੱਚੀ ਸਾਲ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਐਸੀਆਂ ਕਾਲੀਆਂ ਬਿਜਲੀ ਵਾਲੀਆਂ ਸਵਿੱਚਾਂ ਦੀ ਪੁਰਾਤਨ ਪੰਜਾਬ ਵਿੱਚ ਤੂਤੀ ਬੋਲਦੀ ਸੀ (ਫੋਟੋ ਦੀ ਤਰ੍ਹਾਂ) ਹਰ ਘਰ ਦੇ ਹਰ ਅਲੱਗ- ਅਲੱਗ ਕਮਰੇ ਵਿਚ ਲੱਕੜ ਦੇ ਬਕਸੇ ਉੱਤੇ ਇਹੋ-ਜਿਹੀਆਂ ਸਵਿੱਚਾਂ ਲਾਈਨਾਂ ਦੇ ਵਿੱਚ ਲਾ ਕੇ ਜੋ ਘਰਾਂ ਦੀ ਸ਼ਾਨ ਬਣਦੀ ਸੀ ਉਹ ਵੇਖਿਆਂ ਹੀ ਬਣਦੀ ਸੀ। ਸਮੇਂ ਦੇ ਵੇਗ ਵਿਚ ਇਹ ਸਭ ਵਹਿ ਗਿਆ ਹੈ। ਉਹ ਗੱਲ ਵੱਖਰੀ ਹੈ ਕਿ ਸਮੇਂ ਮੁਤਾਬਿਕ ਢਲਣਾ ਆਪਣੀ ਫਿਤਰਤ ਹੈ ਤੇ ਢਲਣ ਦੇ ਨਾਲ-ਨਾਲ ਤਰੱਕੀ ਦੀਆਂ ਮੰਜ਼ਿਲਾਂ ਵੀ ਸਰ ਕਰਨੀਆਂ ਬਣਦੀਆਂ ਨੇ ਜੋ ਆਪਾਂ ਕਰ ਵੀ ਰਹੇ ਹਾਂ। ਅਜੋਕੇ ਅਗਾਂਹਵਧੂ ਜ਼ਮਾਨੇ ਵਿੱਚ ਹੋਰ ਹੀ ਗੁੱਡੀਆਂ ਤੇ ਹੋਰ ਹੀ ਪਟੋਲੇ ਹੋ ਗਏ ਹਨ।

ਬਹੁਤ ਹੀ ਮਾਡਰਨ ਜ਼ਮਾਨਾ ਆ ਚੁੱਕਾ ਹੈ ਕਿਉਂਕਿ ਆਪਾਂ ਘਰਾਂ ਵਿਚੋਂ ਬਹੁਤ ਹੀ ਆਲੀਸ਼ਨ ਸੰਗਮਰਮਰ ਵਾਲੀਆਂ ਕੋਠੀਆਂ ਵਿਚ ਪ੍ਰਵੇਸ਼ ਕਰ ਲਿਆ ਹੈ ਜਿਸ ਦਾ ਗੇਟ ਕਿਸੇ ਖਾਸ ਸਮੇਂ ‘ਤੇ ਬਹੁਤ ਹੀ ਔਖਾ ਖੁੱਲ੍ਹਦਾ ਹੈ ਤੇ ਆਪਾਂ ਨੂੰ ਖੁੱਲ੍ਹੀ ਤੇ ਦਰੱਖਤਾਂ ਦੀ ਹਵਾ ਚੰਗੀ ਹੀ ਲੱਗਣੋਂ ਹਟ ਗਈ ਹੈ ਆਪਣਾ ਸੁਭਾਅ ਅੰਦਰ ਤੜੇ ਰਹਿਣ ਦਾ ਬਣ ਚੁੱਕਾ ਹੈ।

ਉਹ ਪੁਰਾਤਨ ਪੰਜਾਬ ਦੇ ਤੇ ਉਨ੍ਹਾਂ ਪੁਰਾਤਨ ਵਸਤਾਂ, ਜੋ ਸਾਡੇ ਪੁਰਖੇ ਜਾਂ ਵੱਡ-ਵਡੇਰੇ ਵਰਤਦੇ ਤੇ ਆਪਣੇ ਅਤੀਤ ਨਾਲ ਹੰਢਾਉਂਦੇ ਰਹੇ ਹਨ, ਉਨ੍ਹਾਂ ਦੇ ਦਰਸ਼ਨ ਤਾਂ ਸਿਰਫ ਤੇ ਸਿਰਫ ਅਤੀਤ ਵਿੱਚ ਆਪਣੀ ਸੋਚ ਨੂੰ ਲੈ ਜਾ ਕਰਕੇ ਹੀ ਦਰਸ਼ਨ ਹੋ ਸਕਦੇ ਹਨ। ਜਿਵੇਂ ਆਪਾਂ ਅੱਜ ਦੇ ਅਜੋਕੇ ਸਮੇਂ ਵਿੱਚ ਸੁਣਦੇ ਹਾਂ ਕਿ ਕਿਸੇ ਬਿਜਲੀ ਦੇ ਉਪਕਰਨ ਵਿਚ ਕਰੰਟ ਜਾਂ ਫਿਰ ਕੋਈ ਸਵਿੱਚ ਸ਼ਾਟ ਹੋ ਕੇ ਕਿਸੇ ਬੱਚੇ ਦੀ ਜਾਂ ਕਿਸੇ ਸਿਆਣੇ ਪੁਰਸ਼ ਨੂੰ ਕਰੰਟ ਲੱਗਣ ਨਾਲ ਨੁਕਸਾਨ ਜਾਂ ਮੌਤ ਹੋ ਗਈ ਹੈ, ਐਸਾ ਕਦੇ ਪਹਿਲੇ ਸਮਿਆਂ ਵਿੱਚ ਨਹੀਂ ਸੀ ਸੁਣੀਦਾ। ਇਸ ਦਾ ਇੱਕੋ-ਇੱਕ ਇਹੋ ਹੀ ਕਾਰਨ ਸੀ ਕਿ ਇਨ੍ਹਾਂ ਕਾਲੀਆ ਸਵਿੱਚਾਂ ਵਿਚ ਐਸਾ ਕੋਈ ਵੀ ਕਿਸੇ ਕਿਸਮ ਦਾ ਖਤਰਾ ਹੀ ਨਹੀਂ ਸੀ। ਜੇ ਕਿਤੇ ਇਹ ਵਾਰ-ਵਾਰ ਹੱਥ ਲਾਉਣ ਨਾਲ ਮੈਲੀਆਂ ਹੋ ਜਾਣੀਆਂ ਤਾਂ ਮੇਨ ਸਵਿੱਚ ਬੰਦ ਕਰਕੇ ਗਿੱਲਾ ਕੱਪੜਾ ਮਾਰ ਲੈਣਾ ਤੇ ਫਿਰ ਦੁਬਾਰਾ ਸ਼ੀਸ਼ੇ ਵਾਂਗ ਚਮਕਣ ਲੱਗ ਜਾਇਆ ਕਰਦੀਆਂ ਸਨ। ਅਜੋਕੇ ਸਮਿਆਂ ਵਿੱਚ ਅਲੱਗ-ਅਲੱਗ ਰੰਗਾਂ ਦੀਆਂ ਕੋਠੀਆਂ ਤੇ ਅਲੱਗ-ਅਲੱਗ ਰੰਗਾਂ ਦੇ ਕਮਰਿਆਂ ਵਿੱਚ ਉਸੇ ਹੀ ਰੰਗ ਦੀਆਂ ਸਵਿੱਚਾਂ ਪਲੱਗ ਲੱਗਣ ਲੱਗ ਪਏ ਹਨ। ਹੁਣ ਇਸ ਤਰ੍ਹਾਂ ਦੀਆਂ ਸਾਡੇ ਪੁਰਾਤਨ ਵਿਰਸੇ ਵਾਲੀਆਂ ਸਵਿੱਚਾਂ ਸਾਡੇ ਚੇਤਿਆਂ ਵਿਚੋਂ ਵਿੱਸਰ ਚੁੱਕੀਆਂ ਹਨ।

ਜਸਵੀਰ ਸ਼ਰਮਾਂ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।