ਨਵਜੋਤ ਸਿੱਧੂ ਦੀ ਕਿਊਰੇਟਿਵ ਪਟੀਸ਼ਨ ’ਤੇ ਸੁਪਰੀਮ ਕੋਰਟ ਵੱਲੋਂ ਸੁਣਵਾਈ ਤੋਂ ਇਨਕਾਰ
- ਸ਼ਾਮ ਚਾਰ ਵਜੇ ਨਵਜੋਤ ਸਿੱਧੂ ਨੇ ਕੀਤਾ ਅਦਾਲਤ ’ਚ ਆਤਮ ਸਮਰਪਣ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਆਖਰ ਅੱਜ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਾ ਹੀ ਪਿਆ। ਉਂਜ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਵੱਲੋਂ ਆਪਣੇ ਵਕੀਲਾਂ ਰਾਹੀਂ ਸਜ਼ਾ ਤੋਂ ਕੁਝ ਦਿਨ ਬਚਣ ਦੀ ਪੂਰੀ ਕਾਨੂੰਨੀ ਚਾਰਜੋਈ ਕੀਤੀ ਗਈ। ਸਿੱਧੂ ਵੱਲੋਂ ਸੁਪਰੀਮ ਕੋਰਟ ਵਿੱਚ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਪਾਈ ਪਟੀਸਨ ’ਤੇ ਤੁਰੰਤ ਸੁਣਵਾਈ ਤੋਂ ਨਾਂਹ ਹੋਣ ਨਾਲ ਸਾਰੇ ਰਸਤੇ ਬੰਦ ਹੋਣ ਕਰਕੇ ਸਿੱਧੂ ਨੇ ਪਟਿਆਲਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਵੱਲੋਂ ਗਿ੍ਰਫਤਾਰ ਕਰਕੇ ਉਨ੍ਹਾਂ ਨੂੰ ਪਟਿਆਲਾ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ।
ਨਵਜੋਤ ਸਿੱਧੂ ਦੀ ਰਿਹਾਇਸ਼ ’ਤੇ ਅੱਠ ਦੇ ਕਰੀਬ ਸਾਬਕਾ ਵਿਧਾਇਕ ਵੀ ਪੁੱਜੇ ਹੋਏ ਸਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਰੋਡ ਰੇਜ਼ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਾਲ ਦੀ ਬਾਮੁਸ਼ੱਕਤ ਕੈਂਦ ਦੀ ਸਜ਼ਾ ਸੁਣਾਈ ਗਈ ਸੀ। ਨਵਜੋਤ ਸਿੱਧੂ ਵੱਲੋਂ ਬੀਤੇ ਕੱਲ੍ਹ ਤੋਂ ਹੀ ਆਪਣੇ ਕਾਨੂੰਨੀ ਮਾਹਰਾਂ ਨਾਲ ਇਸ ਸਜ਼ਾ ਦਾ ਤੋੜ ਲੱਭਣ ਲਈ ਪੂਰੀ ਤਾਕਤ ਝੋਕੀ ਗਈ। ਅੱਜ ਸਵੇਰ ਤੋਂ ਹੀ ਨਵਜੋਤ ਸਿੱਧੂ ਦੀ ਰਿਹਾਇਸ਼ ਦੇ ਅੱਗੇ ਮੀਡੀਆ ਦਾ ਮੇਲਾ ਲੱਗ ਗਿਆ ।
ਨਵਜੋਤ ਸਿੱਧੂ ਦੀ ਰਿਹਾਇਸ਼ ’ਤੇ ਸਵੇਰ ਵੇਲੇ ਹੀ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਅਸ਼ਵਨੀ ਸੇਖੜੀ, ਨਾਜਰ ਸਿੰਘ ਮਾਨਸਾਹੀਆ, ਨਿਰਮਲ ਸਿੰਘ ਸ਼ੁਤਰਾਣਾ, ਜਗਦੇਵ ਕਮਾਲੂ, ਪਿਰਮਲ ਸਿੰਘ, ਨਵਤੇਜ ਚੀਮਾ, ਸੁਰਜੀਤ ਸਿੰਘ ਧੀਮਾਨ , ਸ਼ਹਿਰੀ ਜ਼ਿਲ੍ਹਾ ਪ੍ਰਧਾਨ ਨਰਿੰਦਰ ਲਾਲੀ, ਸਾਬਕਾ ਐਮ.ਪੀ. ਡਾ. ਧਰਮਵੀਰ ਗਾਂਧੀ ਵੀ ਪੁੱਜੇ । ਇਸ ਦੌਰਾਨ ਸਿੱਧੂ ਦੇ ਸਵੇਰੇ 10 ਵਜੇ ਤੋਂ ਬਾਅਦ ਅਦਾਲਤ ਵਿੱਚ ਆਤਮ ਸਮੱਰਪਣ ਦੀ ਗੱਲ ਸਾਹਮਣੇ ਆਈ, ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਸਾਹਮਣੇ ਆਇਆ ਕਿ ਨਵਜੋਤ ਸਿੱਧੂ ਵੱਲੋਂ ਆਪਣੇ ਵਕੀਲਾਂ ਰਾਹੀਂ ਸੁਪਰੀਮ ਕੋਰਟ ਵਿੱਚ ਇੱਕ ਕਿਊਰੇਟਿਵ ਪਟੀਸ਼ਨ ਦਾਖਲ ਕੀਤੀ ਗਈ ਅਤੇ ਇਸ ਵਿੱਚ ਨਵਜੋਤ ਸਿੱਧੂ ਦੀ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਇੱਕ ਹਫ਼ਤੇ ਦਾ ਸਮਾਂ ਮੰਗਿਆ ਗਿਆ। ਮਾਣਯੋਗ ਸੁਪਰੀਮ ਕੋਰਟ ਵੱਲੋਂ ਇਸ ਪਟੀਸ਼ਨ ’ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਜੋ ਕਿ ਨਵਜੋਤ ਸਿੱਧੂ ਲਈ ਆਖਰੀ ਵੱਡਾ ਝਟਕਾ ਸੀ।
ਨਵਜੋਤ ਸਿੱਧੂ ਵੱਲੋਂ ਸ਼ਾਮ ਚਾਰ ਵਜੇ ਪਟਿਆਲਾ ਦੀ ਚੀਫ਼ ਜੁਡੀਸੀਅਲ ਮਜਿਸਟਰੇਟ ਅਮਿਤ ਮਲਾਹਣ ਦੀ ਅਦਾਲਤ ਵਿੱਚ ਆਤਮ ਸਮਰੱਪਣ ਕਰ ਦਿੱਤਾ। ਇਸ ਦੌਰਾਨ ਨਵਜੋਤ ਸਿੱਧੂ ਵੱਲੋਂ ਮੀਡੀਆ ਨਾਲ ਕੋਈ ਵੀ ਗੱਲ ਨਹੀਂ ਕੀਤੀ ਗਈ ਅਤੇ ਸਿਰਫ਼ ‘ਨੋ ਕਮੈਂਟ’ ਹੀ ਕਿਹਾ। ਇਸ ਮੌਕੇ ਉਨ੍ਹਾਂ ਨਾਲ ਪਰਿਵਾਰਕ ਮੈਂਬਰ, ਸਾਬਕਾ ਵਿਧਾਇਕ ਸਮੇਤ ਉਨ੍ਹਾਂ ਦੇ ਸਮੱਰਥਕ ਮੌਜੂਦ ਸਨ। ਅਦਾਲਤੀ ਕਾਰਵਾਈ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਦਾ ਮੈਡੀਕਲ ਸਰਕਾਰੀ ਮਾਤਾ ਕੁਸੱਲਿਆ ਹਸਪਤਾਲ ਵਿਖੇ ਕਰਵਾਇਆ ਗਿਆ। ਮੈਡੀਕਲ ਕਰਵਾਉਣ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਸ਼ਾਮ ਸਵਾ ਛੇ ਵਜੇ ਲਿਜਾਇਆ ਗਿਆ, ਜਿੱਥੇ ਕਿ ਉਹ ਆਪਣੀ ਸਜ਼ਾ ਭੋਗਣਗੇ। ਜੇਲ੍ਹ ਦੇ ਬਾਹਰ ਵੀ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ।
ਸਿੱਧੂ ਦਾ ਜੇਲ੍ਹ ਅੰਦਰ ਅੱਜ ਹੋਵੇਗਾ ਮੁਲਾਹਜਾ ਅਤੇ ਕੁਰਸੀਨਾਮਾ
ਨਵਜੋਤ ਸਿੱਧੂ ਨੂੰ ਕੇਂਦਰੀ ਜੇਲ੍ਹ ਅੰਦਰ 10 ਨੰਬਰ ਵਾਰਡ ਵਿੱਚ ਰੱਖਿਆ ਜਾਵੇਗਾ ਅਤੇ ਇਹ ਬੈਰਕ 15*20 ਦੀ ਹੋਵੇਗੀ। ਇਸ ਵਿੱਚ ਨਾ ਕੋਈ ਟੀਵੀ, ਨਾ ਹੀ ਏਸੀ ਅਤੇ ਨਾ ਹੀ ਬੈੱਡ ਦੀ ਵਿਵਸਥਾ ਹੈ। ਇਸ ਵਿੱਚ ਵੱਖਰੇ ਤੌਰ ’ਤੇ ਬਾਥਰੂਮ ਅਤੇ ਟੁਆਇਲ ਦੀ ਵਿਵਸਥਾ ਹੈ। ਨਵਜੋਤ ਸਿੱਧੂ ਦਾ ਕੱਲ੍ਹ ਨੂੰ ਜੇਲ੍ਹ ਅੰਦਰ ਮੁਲਾਹਜਾ ਅਤੇ ਕੁਰਸੀਨਾਮਾ ਹੋਵੇਗਾ। ਇਸੇ ਜੇਲ੍ਹ ਅੰਦਰ ਹੀ ਉਨ੍ਹਾਂ ਦੇ ਕੱਟੜ ਵਿਰੋਧੀ ਬਿਕਰਮ ਮਜੀਠੀਆ ਵੀ ਜੌੜਾ ਚੱਕੀਆਂ ਸੈੱਲ ਵਿੱਚ ਬੰਦ ਹਨ।
‘ਜਿੱਤੇਗਾ ਪੰਜਾਬ’ ਟੀਮ ਪਹਿਲਾਂ ਵਾਂਗ ਸਰਗਰਮ ਰਹੇਗੀ : ਸੁਰਿੰਦਰ ਡੱਲਾ
ਇਸ ਮੌਕੇ ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ ਕਿ ਨਵਜੋਤ ਸਿੱਧੂ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਚੋਣਾਂ ਲੜ ਸਕਣਗੇ ਕਿਉਂਕਿ ਜੇਕਰ ਦੋ ਸਾਲ ਤੱਕ ਸਜ਼ਾ ਹੋਵੇ ਤਾਂ ਚੋਣ ਨਹੀਂ ਲੜ ਸਕਦੇ। ਉਨ੍ਹਾਂ ਕਿਹਾ ਕਿ ਸਿੱਧੂ ਦੀ ਸਮਾਜਿਕ ਮੁਹਿੰਮ ‘ਜਿੱਤੇਗਾ ਪੰਜਾਬ’ ਟੀਮ ਰਾਹੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਪਹਿਲਾ ਵਾਂਗ ਹੀ ਜਾਰੀ ਰਹੇਗੀ। ਡੱਲਾ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਪਟਿਆਲਾ ਵਿਖੇ ਸਰਗਰਮ ਰਹਿਣਗੇ।
ਕੀ ਹੈ ਮਾਮਲਾ
ਸਿੱਧੂ ਖਿਲਾਫ ਰੋਡ ਰੇਜ ਦਾ ਮਾਮਲਾ ਸਾਲ 1988 ਦਾ ਹੈ। ਪਟਿਆਲਾ ‘ਚ ਪਾਰਕਿੰਗ ਨੂੰ ਲੈ ਕੇ ਸਿੱਧੂ ਦੀ ਗੁਰਨਾਮ ਸਿੰਘ ਨਾਂਅ ਦੇ 65 ਸਾਲਾ ਵਿਅਕਤੀ ਨਾਲ ਲੜਾਈ ਹੋ ਗਈ। ਇਲਜ਼ਾਮ ਹੈ ਕਿ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਜਿਸ ‘ਚ ਸਿੱਧੂ ਨੇ ਗੁਰਨਾਮ ਸਿੰਘ ‘ਤੇ ਕਥਿਤ ਤੌਰ ‘ਤੇ ਮੁੱਕਾ ਮਾਰਿਆ। ਬਾਅਦ ਵਿੱਚ ਗੁਰਨਾਮ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਨਵਜੋਤ ਸਿੰਘ ਸਿੱਧੂ ਅਤੇ ਉਸਦੇ ਦੋਸਤ ਰੁਪਿੰਦਰ ਸਿੰਘ ਸਿੱਧੂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ