ਪੱਕੇ ਰੁਜਗਾਰਾਂ ਦੇ ਮੋਰਚੇ ਤੇ ਸਾਲ ਬਾਅਦ ਵੀ ਹਜਾਰਾਂ ਹੱਥ ਖਾਲੀ 

Hands, Empty, Regular, Employment

ਬਠਿੰਡਾ (ਅਸ਼ੋਕ ਵਰਮਾ)। ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਘਰ-ਘਰ ਨੌਕਰੀ ਪ੍ਰੋਗਰਾਮ ਤਹਿਤ ਲੱਖਾਂ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ ਪਰ (permanent employment) ਅਜੇ ਵੀ ਹਜਾਰਾਂ ਹੱਥ ਅਜਿਹੇ ਖਾਲੀ ਹਨ। ਜਿੰਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਆਸ ਦੀ ਕਿਰਨ ਦਿਖਾਈ ਸੀ। ਇੰਨ੍ਹਾਂ ‘ਚ ਮੁੱਖ ਤੌਰ ਤੇ ਈਜੀਐਸ-ਐਸਟੀਆਰ ਤੇ ਏਆਈਈ ਅਧਿਆਪਕਾਂ ਨੂੰ ਕੈਪਟਨ ਸਰਕਾਰ ਪਹਿਲੇ ਸਾਲ ਦੌਰਾਨ ਰਾਹਤ ਦੇਣ ‘ਚ ਅਸਫਲ ਰਹੀ ਹੈ। ਪਿਛਲੇ 15 ਵਰ੍ਹਿਆਂ ਤੋਂ ਸੰਘਰਸ਼ ਦੇ ਰਾਹ ਪਏ 8 ਹਜਾਰ ਦੇ ਕਰੀਬ ਇੰਨ੍ਹਾਂ ਵਲੰਟੀਅਰ ਅਧਿਆਪਕਾਂ ਨੂੰ ਮਹਿਜ਼ 160 ਰੁਪਏ ਦਿਹਾੜੀ ਤੇ ਕੰਮ ਕਰਨਾ ਪੈ ਰਿਹਾ ਹੈ। ਇਨ੍ਹਾਂ ਅਧਿਆਪਕਾਂ ਦਾ ਪ੍ਰਤੀਕਰਮ ਹੈ ਕਿ ਸਰਕਾਰ ਨੇ ਉਨ੍ਹਾਂ ਦੀ ਸੁਣਵਾਈ ਤਾਂ ਕੀ ਕਰਨੀ ਸੀ।

ਉਲਟਾ ਰੈਗੂਲਰ ਸਕੇਲ ਲੈ ਰਹੇ। ਅਧਿਆਪਕਾਂ ਦੀਆਂ ਤਨਖਾਹਾਂ ਘਟਾਉਣ ਦੇ ਰਾਹ ਪੈ ਗਈ ਹੈ। ਸ਼ਹੀਦ ਕਿਰਨਜੀਤ ਕੌਰ ਈਜੀਐਸ, ਏਆਈਈ, ਐਸਟੀਆਰ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਮੈਂਬਰ ਗੋਗਾਂ ਰਾਣੀ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਸੰਘਰਸ਼ ਦੌਰਾਨ ਤਿੰਨ ਮੌਤਾਂ ਵੀ ਹੋ ਗਈਆਂ ਹਨ ਜਦੋਂ ਕਿ ਇੱਕ ਵਲੰਟੀਅਰ ਅੱਗ ‘ਚ ਕੁੱਦ ਗਿਆ ਸੀ, ਪਰ ਸਰਕਾਰ ਦੇ ਮਨ ਮਿਹਰ ਨਹੀਂ ਪਈ ਹੈ। ਉਨ੍ਹਾਂ ਦੱਸਿਆ ਕਿ 160 ਰੁਪਏ ਦਿਹਾੜੀ ‘ਤੇ ਕੱਚੀ ਨੌਕਰੀ ਕਰਦਿਆਂ ਹੁਣ ਓਵਰਏਜ ਹੋਣ ਕਾਰਨ ਨਵੀਂ ਨੌਕਰੀ ਮਿਲਣ ਤੋਂ ਵੀ ਉਹ ਅਸਮਰੱਥ ਹੋ ਗਏ ਹਨ।

ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਘਿਰੇ ਭਰਤਇੰਦਰ ਚਾਹਲ ਵਿਜੀਲੈਂਸ ਦੇ ਦਫਤਰ ‘ਚ ਹੋਏ ਪੇਸ਼

ਵਿਆਹੇ ਹੋਏ ਅਧਿਆਪਕਾਂ ਨੂੰ ਵਿੱਤੀ ਤੇ ਹੋਰ ਘਰੇਲੂ ਸੰਕਟਾਂ ਨੇ  ਉਲਝਾ ਰੱਖਿਆ ਹੈ ਜਦੋਂ ਕਿ ਕਈ ਅਧਿਆਪਕ ਛੁੱਟੀ ਮਗਰੋਂ ਮਜ਼ਦੂਰੀਆਂ ਕਰਕੇ ਆਪਣੀ ਜ਼ਿੰਦਗੀ ਦੀ ਗੱਡੀ ਰੋੜ੍ਹ ਰਹੇ ਹਨ। ਇੰਨ੍ਹਾਂ ਅਧਿਆਪਕਾਂ ਨਾਲ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਦੇ ਉਮੀਦਵਾਰ ਵਜੋਂ ਵਿੱਤ ਮੰਤਰੀ ਮਨਪੀ੍ਰਤ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਆਉਣ ਤੇ ਪੱਕੇ ਕਰਨ ਦਾ ਵਾਅਦਾ ਕੀਤਾ ਸੀ। ਬਾਦਲ ਨੇ ਤਾਂ ਨੰਨ੍ਹੀ ਬੱਚੀ ਰੂਥ ਦੀ ਮੌਤ ਹੋਣ ਮੌਕੇ ਚੱਲੇ ਸੰਘਰਸ਼ ਦੌਰਾਨ ਵੀ ਬੱਸ ਅੱਡਾ ਚੌਂਕ ‘ਚ ਪੀੜਤ ਮਾਪਿਆਂ ਕੋਲ ਮੌਕਾ ਮਿਲਣ ਤੇ ਦੁੱਖ ਕੱਟਣ ਦੀ ਗੱਲ ਵੀ ਆਖੀ ਸੀ ਦੂਜੇ ਪਾਸੇ ਦੇਖਣ ‘ਚ ਆਇਆ ਹੈ ਕਿ ਸਰਕਾਰੀ ਰੁਜਗਾਰ ਮੇਲੇ ਵੀ ਕੋਈ ਉਤਸ਼ਾਹ ਵਾਲੇ ਨਹੀਂ ਰਹੇ ਹਨ।

ਸਰਕਾਰ ਨੇ ਸਰਕਾਰੀ ਮਹਿਕਮਿਆਂ ‘ਚ ਅਸਾਮੀਆਂ ਭਰਨ ਤੋਂ ਪੱਲਾ ਝਾੜ ਲਿਆ ਹੈ। ਨੌਕਰੀਆਂ ਲਈ ਨੇਤਾ ਤੇ ਅਫ਼ਸਰ ਪ੍ਰਾਈਵੇਟ ਕੰਪਨੀਆਂ ਦੇ ਬੂਹੇ ਖੜਕਾ ਰਹੇ ਹਨ। ਉਪਰੋਂ ਬਠਿੰਡਾ ਥਰਮਲ ਬੰਦ ਕਰਕੇ ਸਰਕਾਰ ਨੇ 6 ਹਜ਼ਾਰ ਤੋਂ ਵੱਧ ਠੇਕਾ ਮੁਲਾਜਮਾਂ ਨੂੰ ਬੇਰੁਜਗਾਰ ਕਰ ਦਿੱਤਾ ਹੈ। ਹੈਰਾਨਕੁੰਨ ਪਹਿਲੂ ਇਹ ਹੈ ਕਿ ਸਰਕਾਰ ਨੇ ਇੱਕ ਵੱਡੇ ਸਿਆਸੀ ਪਰਿਵਾਰ ਦੇ ਪੁੱਤਰ ਨੂੰ ਤਾਂ ਨੇਮਾਂ ਦੀ ਕਥਿਤ ਅਣਦੇਖੀ ਕਰਕੇ ਡੀਐਸਪੀ ਭਰਤੀ ਕਰ ਲਿਆ, ਪਰ ਬਾਕੀ ਬੇਰੁਜਗਾਰਾਂ ਲਈ ਭੱਤਾ ਦੇਣ ਤੋਂ ਪਾਸਾ ਵੱਟਿਆ ਹੋਇਆ ਹੈ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਨਾਲ ਜੁੜੀ ਵੱਡੀ ਖ਼ਬਰ

ਇੱਕ ਅਨੁਮਾਨ ਅਨੁਸਾਰ ਪੰਜਾਬ ‘ਚ ਬੇਰਜਗਾਰਾਂ ਦੀ ਗਿਣਤੀ ਲਗਪਗ 17 ਲੱਖ ਹੈ ਹਾਲਾਂਕਿ ਇਸ ਗਿਣਤੀ ਦਾ ਸਹੀ ਅਨੁਮਾਨ ਲਾਉਣ ਲਈ ਬਾਦਲ ਸਰਕਾਰ ਨੇ ਸਰਵੇਖਣ ਕਰਵਾਇਆ ਸੀ। ਪਰ ਰਿਪੋਰਟ ਨੂੰ ਹਾਲੇ ਤੱਕ ਜਨਤਕ ਨਹੀਂ ਕੀਤਾ ਹੈ। ਰੁਜ਼ਗਾਰ ਦਫ਼ਤਰਾਂ ਬੇਸ਼ੱਕ ਦੀ ਕੋਈ ਅਹਿਮੀਅਤ ਨਹੀਂ ਰਹੀ ਫਿਰ ਵੀ ਇਨ੍ਹਾਂ ‘ਚ ਰਜਿਸਟਰਡ ਕਰੀਬ ਸਾਢੇ 3 ਲੱਖ ਬੇਰੁਜ਼ਗਾਰ ਸਥਿਤੀ ਦੀ ਗੰਭੀਰਤਾ ਨੂੰ ਦਰਸਾਉਣ ਲਈ ਕਾਫ਼ੀ ਹਨ। ਸਭ ਤੋਂ ਮਾੜਾ ਹਾਲ ਟੈਟ ਪਾਸ ਅਧਿਆਪਕਾਂ ਦਾ ਹੈ। ਜਿੰਨ੍ਹਾਂ ਲਈ ਸਰਕਾਰ ਨੇ ਸਕੂਲਾਂ ਦਾ ਬੂਹਾ ਤਾਂ ਕੀ ਖੋਲ੍ਹਣਾ ਸੀ ਬਲਕਿ ਰੈਸ਼ਨਲਾਈਜੇਸ਼ਨ ਦੀ ਆੜ ‘ਚ ਅਸਾਮੀਆਂ ਖਤਮ ਕਰਨ ਦੇ ਮਨਸੂਬੇ ਬਣ ਰਹੇ ਹਨ।

ਇਵੇਂ ਹੀ ਸਭ ਤੋਂ ਪਹਿਲਾ ‘ਟੈਟ’ ਪਾਸ ਕਰਨ ਵਾਲਿਆਂ ਦਾ ਨਤੀਜਾ ਲੇਟ ਹੋਣ ਕਾਰਨ ਵੀ ਕਾਫੀ ਬੇਰੁਜਗਾਰਾਂ ਦਾ ਭਵਿੱਖ ਹਨੇਰੇ ‘ਚ ਡੁੱਬਿਆ ਪਿਆ ਹੈ। ਪੰਜਾਬ ‘ਚ ਬੇਰੁਜਗਾਰ ਲਾਈਨਮੈਨਾਂ ਦੀ ਫੌਜ ਹੈ ਤਾਂ ਮਨਰੇਗਾ ਮੁਲਾਜਮ ਅੱਧੇ ਅਧੂਰੇ ਰੁਜਗਾਰਾਂ ਦਾ ਸੰਤਾਪ ਹੰਢਾ ਰਹੇ ਹਨ। ਗ਼ੈਰ-ਸੰਗਠਿਤ ਖੇਤਰ ਦੇ ਗ਼ਰੀਬਾਂ ਨੂੰ ਨਰੇਗਾ ਤਹਿਤ ਘੱਟੋ-ਘੱਟ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਬਾਰੇ ਵੀ ਪੰਜਾਬ ਦੀ ਕਾਰਗੁਜ਼ਾਰੀ ਕੋਈ ਵਧੀਆ ਨਹੀਂ ਰਹੀ ਹੈ। ਦੱਸਣਯੌਗ ਹੈ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੁਣ ਤੱਕ 1ਲੱਖ 60 ਹਜਾਰ ਤੋਂ ਵੱਧ ਲੋਕਾਂ ਨੂੰ ਰੁਜਗਾਰ ਦੇਣ ਦਾ ਦਾਅਵਾ ਕੀਤਾ ਹੈ।

ਆਈ ਨਹੀਂ ਨੌਕਰੀਆਂ ਦੀ ਬਹਾਰ: ਸੋਮਾਂ ਸਿੰਘ

ਬੇਰੁਜਗਾਰ ਲਾਈਨਮੈਨ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਸੋਮਾਂ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਵਾਅਦੇ ਦੇ ਬਾਵਜੂਦ ਬੇਰੁਜਗਾਰਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਲੜ ਲਾਕੇ ਜਲੀਲ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਪਹਿਲੇ ਸਾਲ ਹੀ ਨੌਕਰੀਆਂ ਤੇ ਰੁਜਗਾਰਾਂ ਦੀ ਬਹਾਰ ਲਿਆਂਦੀ ਜਾਏਗੀ ਪਰ ਸੱਤਾ ‘ਚ ਆਇਆਂ ਇੱਕ ਸਾਲ ਹੋ ਗਿਆ ਹੈ। ਹਾਲੇ ਤੱਕ ਪਤਝੜ ਹੀ ਨਹੀਂ ਮੁੱਕੀ ਹੈ।

ਸਰਕਾਰ ਦੀ ਕਥਨੀ ਤੇ ਕਰਨੀ ਕਟਹਿਰੇ ‘ਚ

ਐਸਐਸਏ, ਰਮਸਾ ਅਧਿਆਪਕ ਯੂਨੀਅਨ ਦੇ ਆਗੂ ਹਰਜੀਤ ਸਿੰਘ ਜੀਦਾ ਦਾ ਕਹਿਣਾ ਸੀ, ਹਜਾਰਾਂ ਅਧਿਆਪਕਾਂ ਦੀਆਂ ਤਨਖਾਹਾਂ ‘ਚ ਵੱਡੇ ਕੱਟ ਲਾਉਣ ਦੇ ਐਲਾਨ ਨੇ ਕੈਪਟਨ ਸਰਕਾਰ ਦੀ ਕਥਨੀ ਤੇ ਕਰਨੀ ਨੂੰ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਿਆਸੀ ਨੇਤਾ ਅਧਿਆਪਕ ਨੂੰ ਕੌਮ ਦਾ ਨਿਰਮਾਤਾ ਦੱਸਦੇ ਹਨ ਜਦੋਂ ਕਿ ਉਨ੍ਹਾਂ ਦੀ ਸਰਕਾਰ ਅਧਿਆਪਕਾਂ ਨਾਲ ਧੱਕਾ ਵੀ ਕਰ ਰਹੀ ਹੈ।