ਦਰਜਾ ਚਾਰ, ਠੇਕਾ ਭਰਤੀ ਅਤੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਸ਼ਹਿਰ ਬਠਿੰਡਾ ਵਿਖੇ ਰੋਸ ਰੈਲੀ ਕੱਲ੍ਹ

ਰੈਲੀ ਤੋਂ ਬਾਅਦ ਬਠਿੰਡਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮੁਜ਼ਾਹਰਾ ਵੀ ਕੀਤਾ ਜਾਵੇਗਾ

ਬਠਿੰਡਾ, (ਸ਼ੁਭਾਸ ਸ਼ਰਮਾ)। ਦਿ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਦੀ ਅਗਵਾਈ ਹੇਠ 17 ਨਵੰਬਰ ਨੂੰ ਸਵੇਰੇ 11 ਵਜੇ ਸਥਾਨਕ ਅਮਰੀਕ ਸਿੰਘ ਰੋਡ ਵਿਖੇ ਰੋਸ ਰੈਲੀ ਕੀਤੀ ਜਾ ਰਹੀ ਹੈ । ਰੈਲੀ ਤੋਂ ਬਾਅਦ ਬਠਿੰਡਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮੁਜ਼ਾਹਰਾ ਵੀ ਕੀਤਾ ਜਾਵੇਗਾ ।

ਆਗੂਆਂ ਨੇ ਕਿਹਾ ਕਿ ਪੰਜਾਬ ਦੀ ਹੁਕਮਰਾਨ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਆਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਆਖਰੀ ਮੌਕੇ ਤੇ ਬਦਨੀਤੀ ਨਾਲ ਦਸੰਬਰ 2016 ਨੂੰ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ “ਦਾ ਪੰਜਾਬ ਐਡਹਾਕ,ਕੰਨਟ੍ਰੈਕਚੂਅਲ,ਡੇਲੀਵੇਜਿਜ਼,ਟੈਂਪਰੇਰੀ,ਵਰਕਚਾਰਜ਼ਡ ਅਤੇ ਆਊਟ ਸੋਰਸਿਡ ਇੰਪਲਾਈਜ਼ ਵੈਲਫੇਅਰ ਐਕਟ-2016″ ਰੱਦ ਕਰਕੇ ਅਕਾਲੀ ਸਰਕਾਰ ਵਾਂਗ ਹੀ ਆਖਰੀ ਸਮੇਂ ਨੱਕ ਥੱਲੇ ਦੀਵਾ ਬਾਲਣ ਵਾਂਗ ਨਵਾਂ ਕਾਨੂੰਨ” ਦਾ ਪੰਜਾਬ ਪ੍ਰੋਟੈਕਸ਼ਨ ਐਂਡ ਰੈਗਲਰਾਈਜੇਸ਼ਨ ਕੰਨਟ੍ਰੈਕਚੂਅਲ ਇੰਪਲਾਈਜ਼ ਬਿਲ -2020, ਪੰਜਾਬ ਵਿਧਾਨ ਸਭਾ ਵਿੱਚ ਪਿਛਲੇ ਦਿਨੀਂ ਪਾਸ ਕਰਵਾਇਆ ਹੈ। ਮੁੱਖ ਮੰਤਰੀ ਚੰਨੀ ਵੱਲੋਂ 10 ਸਾਲ ਦੀ ਸਰਵਿਸ ਵਾਲੇ 36000 ਕੱਚੇ,ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਦ ਕਿ ਅਸਲ ਵਿੱਚ ਸਥਿਤੀ ਹੋਰ ਹੈ ।

ਪੰਜਾਬ ਸਰਕਾਰ ਨੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਸਿਧਾਂਤ ਲਾਗੂ ਨਾ ਕਰਕੇ ਘੱਟੋ-ਘੱਟ ਉਜਰਤ ‘ਚ ਸਿਰਫ 415 ਰੁਪਏ 89 ਪੈਸੇ ਦਾ ਵਾਧਾ ਕਰਕੇ ਮਖੌਲ ਕੀਤਾ ਹੈ ,ਕੋਰਨਾ ਯੋਧਿਆਂ ਨੂੰ ਨੌਕਰੀ ਤੇ ਬਹਾਲ ਨਹੀਂ ਕੀਤਾ ਜਾ ਰਿਹਾ, ਤਨਖਾਹ ਸਕੇਲਾਂ ਵਿੱਚ ਇਨਸਾਫ ਨਾ ਕਰਨਾ, ਲੱਖਾਂ ਕੱਚੇ, ਠੇਕਾ ਅਤੇ ਆਊਟ ਸੋਰਸ ਮੁਲਾਜ਼ਮਾਂ, ਸਕੀਮ ਵਰਕਰਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ, ਚੰਨੀ ਸਰਕਾਰ ਦੇ ਰੈਗੂਲਰਾਈਜੇਸ਼ਨ ਐਕਟ-2020 ਮੁਤਾਬਕ ਵੱਖੋ ਵਿਭਾਗਾਂ ਸਿੱਖਿਆ, ਸਿਹਤ,ਮਿਊਸਪਲ ਕਮੇਟੀਆਂ, ਸਿਵਲ ਹਸਪਤਾਲਾਂ, ਮੈਡੀਕਲ ਕਾਲਜਾਂ, ਫੂਡ ਗ੍ਰੇਨ ਇਜੰਸੀਆਂ, ਸਰਕਾਰੀ ਕਾਲਜਾਂ, ਪੇਂਡੂ ਵਿਕਾਸ, ਮੰਡੀ ਬੋਰਡ, ਜਲ ਸਪਲਾਈ, ਨਰੇਗਾ ਆਦਿ ਵਿੱਚ ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਠੇਕਾ, ਆਊਟ ਸੋਰਸ, ਸਕੀਮ ਵਰਕਰਾਂ ਦਾ ਆਰਥਿਕ ਸੋਸ਼ਣ ਜਾਰੀ ਰਹੇਗਾ,ਇਹਨਾਂ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਬਣਾਏ ਨਵੇਂ ਐਕਟ -2020 ਅਧੀਨ ਕਵਰ ਨਹੀਂ ਕੀਤਾ ਗਿਆ, ਇਹ ਕਰਮਚਾਰੀ ਪੰਜਾਬ ਸਰਕਾਰ ਵੱਲੋਂ ਵੱਖੋ-ਵੱਖ ਵਿਭਾਗਾਂ ਵਿੱਚੋਂ ਵੱਡੀ ਗਿਣਤੀ ਗਰੁੱਪ-ਡੀ ਕੈਟਾਗਿਰੀ ਦੀਆਂ ਰੈਗੂਲਰ ਅਸਾਮੀਆਂ ਖਤਮ ਕਰਕੇ ਆਊਟ ਸੋਰਸ ਪ੍ਰਣਾਲੀ ਰਾਹੀਂ ਰੱਖੇ ਗਏ ਸਨ।

ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ,ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਉੱਘੀ,ਮੀਤ ਪ੍ਰਧਾਨ,ਵੇਦ ਪ੍ਰਕਾਸ਼ ਜਲੰਧਰ ਜਿਲਾ ਬਠਿੰਡਾ ਦੇ ਪ੍ਰਧਾਨ ਮਨਜੀਤ ਸਿੰਘ ਪੰਜੂ,ਚੇਅਰਮੈਨ ਗੁਰਬੰਸ ਸਿੰਘ, ਸੌਦਾਨ ਸਿੰਘ ਯਾਦਵ ਰਾਜ ਕੁਮਾਰ ਮਾਨਸਾ, ਹਰਭਗਵਾਨ ਸ੍ਰੀ ਮੁਕਤਸਰ ਸਾਹਿਬ, ਰਾਮ ਪ੍ਰਸਾਦਿ ਫਿਰੋਜ਼ਪੁਰ, ਨਛੱਤਰ ਸਿੰਘ ਭਾਣਾ ਫਰੀਦਕੋਟ, ਸੁਖਦੇਵ ਸਿੰਘ ਫਾਜਿਲਕਾ,ਰਮੇਸ ਕੁਮਾਰ ਬਰਨਾਲਾ, ਸੀਤਾ ਰਾਮ ਸ਼ਰਮਾ ਅਤੇ ਮੇਲਾ ਸਿੰਘ ਸੰਗਰੂਰ,ਚਮਨ ਲਾਲ ਸੰਗੋਲੀਆ ਮੋਗਾ, ਭਵਾਨੀਫੇਰ ਅਮ੍ਰਿਤਸਰ,ਜੋਰਾ ਸਿੰਘ ਲੁਧਿਆਣਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਦੇ ਸੂਬਾਈ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ ਦੇ ਕਿਹਾ ਕਿ ਚੰਨੀ ਸਰਕਾਰ ਦਾ ਗਰੀਬ ਪੱਖੀ ਮਖੌਟਾ ਉੱਤਰ ਗਿਆ ਹੈ, ਸਾਰੇ ਫੈਸਲੇ ਕਾਰਪੋਰੇਟ ਘਰਾਣਿਆਂ ਹੱਥ ਠੋਕ ਵਿੱਤ ਮੰਤਰੀ ਦੇ ਦਬਾਅ ਹੇਠ ਮਜਦੂਰ-ਮੁਲਾਜਮ ਵਰਗ ਵਿਰੋਧੀ ਕੀਤੇ ਜਾ ਰਹੇ ਹਨ, ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆਂ ਕਰ ਦਿੱਤਾ ਹੈ, ਪੰਜਾਬ ਸਰਕਾਰ ਨੇ ਗਿਣੀ ਮਿੱਥੀ ਸਾਜ਼ਿਸ਼ ਤਹਿਤ ਸੋਧੇ ਤਨਖਾਹ ਸਕੇਲਾਂ ਦਾ ਬਕਾਇਆ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਣਦਾ ਬਕਾਇਆ ਵੀ ਅਸਿੱਧੇ ਢੰਗ ਨਾਲ ਹੜੱਪ ਕਰ ਲਿਆ ਗਿਆ ਹੈ ।

ਦਰਜਾ ਚਾਰ ਮੁਲਾਜ਼ਮਾਂ ਦੀਆਂ ਖਤਮ ਕੀਤੀਆਂ ਹਜਾਰਾਂ ਅਸਾਮੀਆਂ ਵਾਅਦੇ ਮੁਤਾਬਿਕ ਮੁੜ ਸੁਰਜੀਤ ਨਹੀਂ ਕੀਤੀਆਂ ਜਾ ਰਹੀਆਂ ਅਤੇ ,ਇਸ ਲਈ 17 ਨਵੰਬਰ ਨੂੰ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਬਠਿੰਡਾ ਸਹਿਰ ਵਿਖੇ ਅਮਰੀਕ ਸਿੰਘ ਰੋੜ ਤੇ ਉੜਾਂਗ ਸਿਨਮੇ ਦੇ ਨੇੜੇ ਰੋਸ ਰੈਲੀ ਕਰਨ ਉਪਰੰਤ ਬਜਾਰਾਂ ਵਿੱਚ ਜਬਰਦਸਤ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ