ਨੂੰਹ ਪੁੱਤ ਦੀ ਮਾਰਕੁੱਟ ਦਾ ਸ਼ਿਕਾਰ ਬਜ਼ੁਰਗ ਮਹਿਲਾ ਦੀ ਮੌਤ

ਧੀਆਂ ਦੀ ਸ਼ਿਕਾਇਤ ‘ਤੇ ਨੂੰਹ ਤੇ ਪੁੱਤਰ ਖ਼ਿਲਾਫ਼ ਮਾਮਲਾ ਦਰਜ਼

ਸਮਾਣਾ, (ਸੁਨੀਲ ਚਾਵਲਾ) ਸਮਾਣਾ ਦੇ ਪਿੰਡ ਧਨੇਠਾ ਵਿਖੇ ਨੂੰਹ ਤੇ ਪੁੱਤਰ ਦੀ ਕਥਿਤ ਮਾਰਕੁੱਟ ਦਾ ਸ਼ਿਕਾਰ ਹੋਈ ਬਜ਼ੁਰਗ ਮਹਿਲਾ ਦੀ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕਾਂ ਦੀਆਂ ਧੀਆਂ ਦੀ ਸ਼ਿਕਾਇਤ ‘ਤੇ ਸਮਾਣਾ ਪੁਲਿਸ ਨੇ ਮ੍ਰਿਤਕਾ ਦੇ ਪੁੱਤਰ ਸੁਖਦੀਪ ਸਿੰਘ ਅਤੇ ਨੂੰਹ ਗੁਰਪ੍ਰੀਤ ਕੌਰ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ਼ ਕਰ ਲਿਆ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕਾ ਜਸਵੰਤ ਕੌਰ (80) ਵਾਸੀ ਪਿੰਡ ਧਨੇਠਾ ਦਾ ਪੋਸਟਮਾਰਟਮ ਕਰਵਾਉਣ ਆਈ ਮ੍ਰਿਤਕਾ ਦੀਆਂ ਧੀਆਂ ਸੁਖਜਿੰਦਰ ਕੌਰ ਅਤੇ ਸੁਖਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਭਰਜਾਈ ਗੁਰਪ੍ਰੀਤ ਕੌਰ ਤੇ ਭਰਾ ਸੁਖਦੀਪ ਸਿੰਘ ਉਨ੍ਹਾਂ ਦੀ ਮਾਤਾ ਜਸਵੰਤ ਕੌਰ ਨਾਲ ਮਾਰਕੁੱਟ ਕਰਦੇ ਸਨ ਤੇ ਉਸਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਵੀ ਨਹੀਂ ਕਰਦੇ ਸਨ ਜਿਸ ਕਾਰਨ ਉਹ ਮਾਤਾ ਜਸਵੰਤ ਕੌਰ ਨੂੰ ਕਰੀਬ 1 ਸਾਲ ਪਹਿਲਾਂ ਆਪਣੇ ਨਾਲ ਆਪਣੇ ਸਹੁਰੇ ਫਤਿਹਗੜ ਸਾਹਿਬ ਵਿਖੇ ਲੈ ਗਈਆਂ ਸਨ,

ਪ੍ਰੰਤੂ ਕੁੱਝ ਦਿਨ ਪਹਿਲਾਂ ਉਨ੍ਹਾਂ ਦਾ ਭਰਾ ਸੁਖਦੀਪ ਸਿੰਘ ਪਿੰਡ ਦੇ ਕੁੱਝ ਬੰਦਿਆਂ ਨੂੰ ਨਾਲ ਲੈ ਕੇ ਆਇਆ ਤੇ ਮਾਤਾ ਨੂੰ ਆਪਣੇ ਨਾਲ ਵਾਪਿਸ ਲੈ ਆਇਆ।  ਉਨ੍ਹਾਂ ਦੱਸਿਆ ਕਿ ਮਾਤਾ ਨੂੰ ਆਪਣੇ ਕੋਲ ਲਿਆਉਣ ਤੋਂ ਬਾਅਦ ਵੀ ਸੁਖਦੀਪ ਸਿੰਘ ਅਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਦੇ ਰਵੱਈਏ ਵਿਚ ਕੋਈ ਅੰਤਰ ਨਹੀਂ ਆਇਆ ਤੇ ਉਹ ਮਾਤਾ ਨੂੰ ਤੰਗ ਪ੍ਰੇਸ਼ਾਨ ਕਰਦੇ ਰਹੇ। ਬੀਤੇ  22 ਸਤੰਬਰ ਨੂੰ ਗੁਰਪ੍ਰੀਤ ਕੌਰ ਨੇ ਸਾਡੀ ਮਾਤਾ ਦੇ ਡਾਗਾਂ ਮਾਰ ਕੇ ਉਸਦੀ ਲੱਤ ਤੋੜ ਦਿੱਤੀ ਤੇ ਉਸਦਾ ਚੁਲਾ ਵੀ ਤੌੜ ਦਿੱਤਾ। ਜਦੋਂ ਸੁਖਦੀਪ ਸਿੰਘ ਘਰ ਆਇਆ ਤਾਂ ਉਸਨੇ ਵੀ ਮਾਤਾ ਨੂੰ ਚੁੱਕਣ ਦੀ ਥਾਂ ਕਿਹਾ ਕਿ ਇਸ ਨੂੰ ਇੰਜ ਹੀ ਤੜਪਦੇ ਰਹਿਣ ਦਿਓ ਚੁੱਕਣ ਦੀ ਲੋੜ ਨਹੀਂ।

ਉਨ੍ਹਾਂ ਦੱਸਿਆ ਕਿ ਘਰ ਵਿਚ ਮਿਸਤਰੀ ਲੱਗੇ ਹੋਏ ਸਨ ਜਦੋਂ ਉਨਾਂ ਵਾਰ ਵਾਰ ਕਿਹਾ ਤਾਂ ਸੁਖਦੀਪ ਸਿੰਘ ਮਾਤਾ ਨੂੰ ਮੋਟਰਸਾਇਕਲ ਤੇ ਸਮਾਣਾ ਦੇ ਸਿਵਲ ਹਸਪਤਾਲ ਲੈ ਆਇਆ ਤੇ ਦਾਖ਼ਲ ਕਰਵਾ ਦਿੱਤਾ। ਉਨਾਂ ਦੱਸਿਆ ਕਿ ਆਪਣੇ ਪੁੱਤਰ ਤੇ ਨੂੰਹ ਦੇ ਮਾੜੇ ਰਵਈਏ ਅਤੇ ਮਾਰਕੁੱਟ ਕਾਰਨ ਹੀ ਉਨਾਂ ਦੀ ਮਾਂ ਦੀ ਮੌਤ ਹੋਈ ਹੈ। ਸਮਾਣਾ ਸਦਰ ਪੁਲਿਸ ਮੁਖੀ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਿਕਾਇਤ ਤੇ ਨੂੰਹ ਗੁਰਪ੍ਰੀਤ ਕੌਰ ਅਤੇ ਪੁੱਤਰ ਸੁਖਦੀਪ ਸਿੰਘ ਖ਼ਿਲਾਫ਼ ਧਾਰਾ 302, 341,506, 34 ਆਈਪੀਸੀ ਤਹਿਤ ਮਾਮਲਾ ਦਰਜ਼ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.