ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਪੰਜਾਬ ਭਰ ਵਿੱਚ ਅਰਥੀ ਫੂਕ ਮੁਜ਼ਾਹਰੇ, ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੀ ਕੀਤੀ ਗਈ ਮੰਗ (Zeera Liquor Factory)

(ਅਸ਼ਵਨੀ ਚਾਵਲਾ) ਚੰਡੀਗੜ। ਜ਼ੀਰਾ ਸ਼ਰਾਬ ਫੈਕਟਰੀ (Zeera Liquor Factory) ਦੇ ਬਾਹਰ ਧਰਨਾ ਦੇ ਰਹੀ ਭਾਰਤੀ ਕਿਸਾਨਾਂ ਯੂਨੀਅਨ ਏਕਤਾ ਉਗਰਾਹਾਂ ਵਲੋਂ ਹੁਣ ਇਸ ਲੜਾਈ ਨੂੰ ਪੰਜਾਬ ਪੱਧਰ ’ਤੇ ਲੈ ਕੇ ਜਾਣ ਲਈ ਮੰਗਲਵਾਰ ਨੂੰ ਪੰਜਾਬ ਭਰ ਦੇ 18 ਜ਼ਿਲਿਆਂ ਵਿੱਚ 800 ਤੋਂ ਜਿਆਦਾ ਪਿੰਡਾਂ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਸ ਦੌਰਾਨ ਜ਼ੀਰਾ ਸਰਾਬ ਫੈਕਟਰੀ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਤਾਂ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਕਿਸਾਨਾਂ ਅਤੇ ਜ਼ੀਰਾ ਸ਼ਰਾਬ ਫੈਕਟਰੀ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਦਾ ਸਾਥ ਦੇਣ ਦੀ ਮੰਗ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪੰਜਾਬ ਭਰ ਦੇ ਇਨਾਂ ਪਿੰਡਾਂ ਵਿੱਚ ਰੋਸ ਵਜੋਂ ਕਾਲੀਆਂ ਝੰਡੀਆਂ ਤੇ ਪੱਟੀਆਂ ਬੰਨ ਕੇ ਪ੍ਰਦਰਸ਼ਨ ਕੀਤਾ ਗਿਆ। ਉਨਾਂ ਕਿਹਾ ਕਿ ਪ੍ਰਦੂਸ਼ਣ ਦਾ ਗੜ ਬਣੀ ਜਾਨਲੇਵਾ ਸ਼ਰਾਬ ਫੈਕਟਰੀ ਬੰਦ ਕਰਨ ਦੀ ਹੱਕੀ ਮੰਗ ਮੰਨਣ ਦੀ ਬਜਾਏ ਮੋਰਚਾ ਆਗੂਆਂ ਵਿਰੁੱਧ ਝੂਠੇ ਕੇਸ ਮੜ ਕੇ ਜਾਂਚ ਕਮੇਟੀਆਂ ਵਿੱਚ ਨਾਜਾਇਜ਼ ਦਖ਼ਲ-ਅੰਦਾਜ਼ੀ ਰਾਹੀਂ ਫੈਕਟਰੀ ਦੇ ਪੱਖ ’ਚ ਭੁਗਤ ਰਹੀ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਵੀ ਇਨਾਂ ਪ੍ਰਦਰਸ਼ਨ ਦਰਮਿਆਨ ਕੀਤੀ ਗਈ ਹੈ। ਉਨਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਮਾਲਬ੍ਰੋਜ਼ ਸ਼ਰਾਬ ਫੈਕਟਰੀ ਪੱਕੇ ਤੌਰ ’ਤੇ ਬੰਦ ਕੀਤੀ ਜਾਵੇ ਅਤੇ ਮੋਰਚਾ ਆਗੂਆਂ ਵਿਰੁੱਧ ਦਰਜ ਕੀਤੇ ਸਾਰੇ ਪੁਲਿਸ ਕੇਸ ਰੱਦ ਕਰਨ ਦੇ ਨਾਲ ਹੀ ਪ੍ਰਦੂਸ਼ਣ ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।

5 ਜਨਵਰੀ ਨੂੰ  ਟੋਲ ਪਲਾਜ਼ੇ 12 ਤੋਂ 3 ਵਜੇ ਤੱਕ ਕੀਤੇ ਜਾਣਗੇ ਬੰਦ

ਉਨਾਂ ਦੱਸਿਆ ਕਿ ਭਲਕੇ 4 ਜਨਵਰੀ ਨੂੰ ਜਥੇਬੰਦੀ ਵੱਲੋਂ ਇਸ ਤੋਂ ਵੀ ਵੱਧ ਪਿੰਡਾਂ ਵਿੱਚ ਅਜਿਹੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ 6 ਜਨਵਰੀ ਨੂੰ ਫੈਕਟਰੀ ਪ੍ਰਦੂਸ਼ਣ ਕਾਰਨ ਗੁਰਦੇ ਫੇਲ੍ਹ ਹੋਣ ਨਾਲ ਮੌਤ ਦੇ ਮੂੰਹ ਜਾ ਪਏ ਨੌਜਵਾਨ ਰਾਜਬੀਰ ਸਿੰਘ ਦੇ ਭੋਗ/ਸ਼ਰਧਾਂਜਲੀ ਸਮਾਗਮ ਵਿੱਚ ਵੀ ਕਿਸਾਨਾਂ ਦੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਟੋਲ ਟੈਕਸ ਵਿਰੁੱਧ ਪੱਕੇ ਮੋਰਚਿਆਂ ਵਿੱਚ ਡਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹਮਾਇਤ ਵਿੱਚ ਜਥੇਬੰਦੀ ਵੱਲੋਂ 5 ਜਨਵਰੀ ਨੂੰ 18 ਜ਼ਿਲਿਆਂ ਵਿੱਚ ਕਈ ਜਗਾ ਪੱਕੇ ਮੋਰਚੇ ਵਿੱਚ ਹਮਾਇਤੀ ਸ਼ਮੂਲੀਅਤ ਸਣੇ ਹੋਰ ਵੀ ਕਈ ਟੋਲ ਪਲਾਜ਼ੇ 12 ਤੋਂ 3 ਵਜੇ ਤੱਕ ਜਾਮ ਕੀਤੇ ਜਾਣਗੇ।

ਇਸ ਤੋਂ ਇਲਾਵਾ ਜਲੰਧਰ ਸ਼ਹਿਰ ਦੀ ਲਤੀਫਪੁਰਾ ਬਸਤੀ ਦੇ 50 ਤੋਂ ਵੱਧ ਪਰਵਾਰਾਂ ਦੇ ਬੇਕਿਰਕ ਮੁੜ-ਉਜਾੜੇ ਵਿਰੁੱਧ ਘੋਲ ਅਤੇ ਕਈ ਥਾਂਈਂ ਸਥਾਨਕ ਮੁੱਦਿਆਂ ’ਤੇ ਚੱਲ ਰਹੇ ਘੋਲਾਂ ਵਿੱਚ ਵੀ ਜਥੇਬੰਦੀ ਵੱਲੋਂ ਲਗਾਤਾਰ ਲਾਮਬੰਦੀਆਂ ਜੁਟਾਈਆਂ ਜਾ ਰਹੀਆਂ ਹਨ। ਵੱਖ ਵੱਖ ਥਾਈਂ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ, ਕਮਲਦੀਪ ਕੌਰ ਬਰਨਾਲਾ, ਜਸਵੀਰ ਕੌਰ ਉਗਰਾਹਾਂ, ਕੁਲਦੀਪ ਕੌਰ ਕੁੱਸਾ, ਗੁਰਪ੍ਰੀਤ ਕੌਰ ਬਰਾਸ ਅਤੇ ਜ਼ਿਲਾ/ਬਲਾਕ/ਪਿੰਡ ਪੱਧਰ ਦੇ ਆਗੂ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ