ਸਬੰਧਤ ਕਿਸਾਨਾਂ ਵਿਰੁੱਧ ਅਪਰਾਧਿਕ ਸ਼ਿਕਾਇਤ ਦਰਜ ਕਰਵਾਉਣ ਦੀ ਕੀਤੀ ਹਦਾਇਤ
(ਰਾਜਨ ਮਾਨ) ਅੰਮ੍ਰਿਤਸਰ। ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਵੱਲੋਂ ਪਰਾਲੀ ਨੂੰ ਲਗਾਈ ਜਾਂਦੀ ਅੱਗ ਰੋਕਣ ਲਈ ਕੀਤੀਆਂ ਹਦਾਇਤਾਂ ਤਹਿਤ ਜਿੱਥੇ ਸਾਰੇ ਨੋਡਲ ਤੇ ਕਲਸਟਰ ਅਫਸਰ ਲਗਾਤਾਰ ਕੰਮ ਕਰ ਰਹੇ ਹਨ, ਉਥੇ ਡਿਪਟੀ ਕਮਿਸ਼ਨਰ ਖ਼ੁਦ ਵੀ ਪਿੰਡਾਂ ਵਿਚ ਖੇਤਾਂ ਦਾ ਦੌਰਾ ਕਰ ਰਹੇ ਹਨ। ਅੱਜ ਅਜਿਹੇ ਹੀ ਦੌਰੇ ਦੌਰਾਨ ਪਿੰਡ ਗਾਲਿਬ ਵਿਖੇ ਜਦ ਉਨਾਂ ਨੇ ਖੇਤਾਂ ਵਿਚੋਂ ਧੁੂੰਆਂ ਨਿਕਲਦਾ ਵੇਖਿਆ ਤਾਂ ਨੇੜੇ ਕੰਮ ਕਰਦੀਆਂ ਟੀਮਾਂ ਨੂੰ ਅੱਗ ਬੁਝਾਊ ਦਸਤੇ ਸਮੇਤ ਮੌਕੇ ਉਤੇ ਬੁਲਾ ਲਿਆ। Stubble Burning
ਇਥੇ 5-6 ਏਕੜ ਰਕਬੇ ਵਿਚ ਪਰਾਲੀ ਨੂੰ ਅੱਗ ਲਗਾਈ ਹੋਈ ਸੀ। ਅੱਗ ਬੁਝਾਊ ਦਸਤੇ ਨੇ ਬੜੀ ਮਸ਼ੁਕਤ ਨਾਲ ਅੱਗ ਉਤੇ ਕਾਬੂ ਪਾਇਆ। ਇਸ ਮੌਕੇ ਨਾਲ ਪੁੱਜੇ ਅਧਿਕਾਰੀ ਵੀ ਪਰਾਲੀ ਦੀ ਅੱਗ ਬੁਝਾਉਣ ਲਈ ਕੰਮ ਕਰਦੇ ਰਹੇ। ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਕਿਸਾਨਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਸਮਝੋ। ਜੇਕਰ ਪਰਾਲੀ ਨੂੰ ਲਗਾਈ ਜਾਂਦੀ ਅੱਗ ਛੋਟਾ ਜਿਹੀ ਗੱਲ ਹੁੰਦੀ ਤਾਂ ਮੈਂ ਤੇ ਮੇਰੀ ਟੀਮ ਤੁਹਾਡੇ ਖੇਤਾਂ ਤੱਕ ਅੱਗ ਬੁਝਾਉਣ ਨਾ ਆਉਂਦੇ।
ਇਹ ਵੀ ਪੜ੍ਹੋ: ਪਰਾਲੀ ਨਾ ਸਾੜਨ ਦਾ ਹੋਕਾ ਦੇਣ ਆਏ ਸਰਕਾਰੀ ਮੁਲਾਜ਼ਮ ਤੋਂ ਹੀ ਕਿਸਾਨਾਂ ਨੇ ਲਵਾਈ ਅੱਗ
ਉਨਾਂ ਕਿਹਾ ਕਿ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ, ਜੋ ਕਿ ਸ਼ਹਿਰਾਂ ਵਿਚ ਕਿਸੇ ਹੰਗਾਮੀ ਹਾਲਤ ਨਾਲ ਨਿਜੱਠਣ ਲਈ ਕੰਮ ਕਰਦੀਆਂ ਹਨ, ਤੁਹਾਡੀ ਪਰਾਲੀ ਦੀ ਅੱਗ ਬੁਝਾਉਣ ਉਤੇ ਲੱਗੀਆਂ ਹੋਈਆਂ ਹਨ। ਉਨਾਂ ਕਿਹਾ ਕਿ ਸਰਕਾਰ ਦੀ ਤਰਜੀਹ ਵਾਤਾਵਰਣ ਦੀ ਸ਼ੁਧਤਾ ਤੇ ਜਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣਾ ਹੈ, ਇਸ ਵਿਚ ਆਪਣਾ ਸਾਰਿਆਂ ਦਾ ਭਲਾ ਹੈ। ਉਨਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਬੰਧਤ ਕਿਸਾਨ, ਜਿੰਨਾ ਨੇ ਖੇਤਾਂ ਵਿਚ ਪਰਾਲੀ ਸਾੜਨ ਦੀ ਕੋਸ਼ਿਸ਼ ਕੀਤੀ ਹੈ, ਵਿਰੁੱਧ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਜਾਵੇ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਖੇਤੀ ਅਧਿਕਾਰੀ ਸ. ਜਤਿੰਦਰ ਸਿੰਘ ਗਿੱਲ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਨਾਲ ਰਹੇ। Stubble Burning
ਅੰਮ੍ਰਿਤਸਰ : ਪਿੰਡ ਗਾਲਿਬ ਵਿਖੇ ਪਰਾਲੀ ਨੂੰ ਲੱਗੀ ਵੇਖ ਅੱਗ ਬੁਝਾਊ ਦਸਤੇ ਨੂੰ ਨਾਲ ਲੈ ਕੇ ਪੁੱਜੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ।