ਪਰਾਲੀ ਨਾ ਸਾੜਨ ਦਾ ਹੋਕਾ ਦੇਣ ਆਏ ਸਰਕਾਰੀ ਮੁਲਾਜ਼ਮ ਤੋਂ ਹੀ ਕਿਸਾਨਾਂ ਨੇ ਲਵਾਈ ਅੱਗ

Government Employee
ਸਰਕਾਰੀ ਕਰਮਚਾਰੀ ਤੋਂ ਪਰਾਲੀ ਨੂੰ ਅੱਗ ਲਗਵਾਉਂਦੇ ਹੋਏ ਕਿਸਾਨ

ਮੁੱਖ ਮੰਤਰੀ ਵੱਲੋਂ ਕਿਸਾਨਾਂ ’ਤੇ ਪਰਚਾ ਦਰਜ਼ ਕਰਨ ਦੇ ਹੁਕਮ | Government Employee

ਬਠਿੰਡਾ (ਸੁਖਜੀਤ ਮਾਨ)। ਝੋਨੇ ਦੀ ਪਰਾਲੀ ਦਾ ਕੋਈ ਪੁਖਤਾ ਹੱਲ ਨਾ ਨਿੱਕਲਣ ਕਰਕੇ ਕਿਸਾਨਾਂ ਵੱਲੋਂ ਲਗਾਤਾਰ ਪਰਾਲੀ ਸਾੜੀ ਜਾ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀ ਪਿੰਡਾਂ ’ਚ ਜਾ ਕੇ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਵੀ ਕਰ ਰਹੇ ਹਨ। ਇਸੇ ਦੌਰਾਨ ਜ਼ਿਲ੍ਹੇ ਦੇ ਪਿੰਡ ਨਈਆਂਵਾਲਾ ਵਿਖੇ ਜਦੋਂ ਇੱਕ ਸਰਕਾਰੀ ਕਰਮਚਾਰੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕਹਿਣ ਗਿਆ ਤਾਂ ਕਿਸਾਨਾਂ ਨੇ ਉਸ ਨੂੰ ਬਾਹੋਂ ਫੜ੍ਹ ਕੇ ਉਸੇ ਤੋਂ ਪਰਾਲੀ ਨੂੰ ਅੱਗ ਲਗਵਾਈ। ਇਸ ਮੌਕੇ ਕਿਸਾਨਾ ਵੱਲੋਂ ਬਣਾਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਵੀਡੀਓ ਵਾਇਰਲ ਹੁੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੋਸ਼ਲ ਮੀਡੀਆ ਜਰੀਏ ਦੱਸਿਆ ਗਿਆ ਕਿ ਅਜਿਹਾ ਕਰਨ ਵਾਲਿਆਂ ’ਤੇ ਪਰਚਾ ਹੋਣ ਲੱਗਿਆ ਹੈ। (Government Employee)

ਵੇਰਵਿਆਂ ਮੁਤਾਬਿਕ ਜ਼ਿਲ੍ਹਾ ਬਠਿੰਡਾ ’ਚ ਝੋਨੇ ਦੀ 14 ਲੱਖ ਮੀਟਰਕ ਟਨ ਪਰਾਲੀ ਪੈਦਾ ਹੁੰਦੀ ਹੈ, ਜਦੋਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 5 ਲੱਖ ਮੀਟਰਿਕ ਟਨ ਪਰਾਲੀ ਸੰਭਾਲਣ ਦੇ ਇੰਤਜਾਮ ਕੀਤੇ ਗਏ ਹਨ। ਕੁੱਝ ਪ੍ਰਾਈਵੇਟ ਫੈਕਟਰੀਆਂ ਵਾਲਿਆਂ ਵੱਲੋਂ ਵੀ ਪਰਾਲੀ ਇਕੱਠੀ ਕੀਤੀ ਜਾ ਰਹੀ ਹੈ ਪਰ ਸਾਰੇ ਖੇਤਾਂ ’ਚੋਂ ਪਰਾਲੀ ਨਹੀਂ ਚੁੱਕੀ ਜਾ ਰਹੀ। ਮੱਧ ਵਰਗੀ ਕਿਸਾਨ ਜਿੰਨ੍ਹਾਂ ਕੋਲ ਪਰਾਲੀ ਨੂੰ ਜ਼ਮੀਨ ’ਚ ਵਾਹੁਣ ਆਦਿ ਲਈ ਵੱਡੇ ਟਰੈਕਟਰ ਤੇ ਮਸ਼ੀਨਾਂ ਨਹੀਂ ਉਨ੍ਹਾਂ ਵੱਲੋਂ ਮਜ਼ਬੂਰੀ ਵੱਸ ਪਰਾਲੀ ਸਾੜੀ ਜਾ ਰਹੀ ਹੈ। ਅਜਿਹੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ।

‘ਪ੍ਰਸ਼ਾਸਨ ਸੰਭਾਲੇ ਪਰਾਲੀ, ਅਸੀਂ ਨਹੀਂ ਲਾਵਾਂਗੇ ਅੱਗ’

ਇਸੇ ਡਿਊਟੀ ਦੇ ਚਲਦਿਆਂ ਪਿੰਡ ਨਈਆਂਵਾਲਾ ਵਿਖੇ ਇੱਕ ਸਰਕਾਰੀ ਕਰਮਚਾਰੀ ਪਰਾਲੀ ਨਾ ਸਾੜਨ ਲਈ ਕਹਿਣ ਗਿਆ ਤਾਂ ਉੱਥੇ ਮੌਜੂਦ ਕੁੱਝ ਕਿਸਾਨਾਂ ਵੱਲੋਂ ਕਰਮਚਾਰੀ ਦਾ ਵਿਰੋਧ ਕਰਦਿਆਂ ਉਸੇ ਤੋਂ ਹੀ ਅੱਗ ਲਗਵਾਈ ਗਈ। ਵੀਡੀਓ ’ਚ ਕਰਮਚਾਰੀ ਆਪਣੀ ਸਰਕਾਰੀ ਡਿਊਟੀ ਦਾ ਵਾਸਤਾ ਪਾਉਂਦਾ ਹੋਇਆ ਸੁਣਾਈ ਦਿੰਦਾ ਹੈ ਪਰ ਕਿਸਾਨ ਇਸ ਗੱਲ ’ਤੇ ਅੜੇ ਰਹੇ ਕਿ ਉਹ ਆਪਣੇ ਹੱਥੀਂ ਪਰਾਲੀ ਨੂੰ ਅੱਗ ਲਗਾਵੇ। ਜਿੰਨ੍ਹਾਂ ਸਮਾਂ ਸਰਕਾਰੀ ਕਰਮਚਾਰੀ ਨੇ ਪਰਾਲੀ ਨੂੰ ਅੱਗ ਨਾ ਲਗਾਈ ਕਿਸਾਨਾਂ ਵੱਲੋਂ ਉਸ ਨੂੰ ਛੱਡਿਆ ਨਹੀਂ ਗਿਆ। ਸੋਸ਼ਲ ਮੀਡੀਆ ’ਤੇ ਤੇਜੀ ਨਾਲ ਫੈਲੀ ਇਸ ਸਾਰੇ ਮਾਮਲੇ ਦੀ ਵੀਡੀਓ ਬਾਰੇ ਨੋਟਿਸ ਲੈਂਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਸਾਨਾਂ ’ਤੇ ਪਰਚਾ ਦਰਜ਼ ਕਰਨ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਸਬੰਧੀ ਹਾਲੇ ਤੱਕ ਕਿਸੇ ਵੀ ਕਿਸਾਨ ਯੂਨੀਅਨ ਦਾ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ।