ਨਗਦੀ ਬਾਰੇ ਇਨਕਮ ਟੈਕਸ ਵਿਭਾਗ ਨੂੰ ਦਿੱਤੀ ਇਤਲਾਹ : ਡੀਐੱਸਪੀ ਰਾਣਾ
(ਜਸਵੰਤ ਰਾਏ) ਜਗਰਾਉਂ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤੇ ਦੌਰਾਨ ਦਿਹਾਤੀ ਪੁਲਿਸ ਜਗਰਾਉਂ ਨੂੰ ਇੱਕ ਕਾਰ ’ਚੋਂ 40 ਲੱਖ ਤੋਂ ਵੱਧ ਦੀ ਨਗਦੀ ਬਰਾਮਦ ਹੋਈ ਹੈ ਅਧਿਕਾਰੀਆਂ ਮੁਤਾਬਿਕ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਕੀਤੀ ਗਈ ਨਾਕਾਬੰਦੀ ’ਤੇ ਜਿਉਂ ਹੀ ਪੁਲਿਸ ਨੇ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਕੁਝ ਦੂਰੀ ’ਤੇ ਪੁਲਿਸ ਨੇ ਰੋਕ ਲਿਆ, ਪਰ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ। Jagraon News
ਜਾਣਕਾਰੀ ਦਿੰਦਿਆਂ ਡੀਐੱਸਪੀ ਮਨਜੀਤ ਸਿੰਘ ਰਾਣਾ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਇੰਚਾਰਜ ਕੁਮਾਰ ਸਿੰਘ ਅਤੇ ਥਾਣਾ ਸਿਟੀ ਪੁਲਿਸ ਇੰਚਾਰਜ ਸੁਰਿੰਦਰ ਸਿੰਘ ਦੀਆਂ ਪੁਲਿਸ ਟੀਮਾਂ ਵੱਲੋਂ ਤਹਿਸੀਲ ਚੌਂਕ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਸੀ ਤਾਂ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਮੋਗਾ ਸਾਈਡ ਤੋਂ ਪੁਲਿਸ ਨੂੰ ਇੱਕ ਵਰਨਾ ਕਾਰ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਨਾਕੇ ’ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰ ਨੇ ਕਾਰ ਨੂੰ ਰੋਕਣ ਦੀ ਬਜਾਇ ਹੋਰ ਭਜਾ ਲਈ।
ਕਾਰ ਸਵਾਰ ਨਾਕੇ ਤੋਂ ਭਜਾ ਕੇ ਸਿੱਧਵਾਂ ਬੇਟ ਰੋਡ ਵੱਲ ਲੈ ਗਏ ਤਾਂ ਮੌਜੂਦ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕਾਰ ਸਵਾਰਾਂ ਦਾ ਪਿੱਛਾ ਕੀਤਾ ਤਾਂ ਕਾਰ ਸਵਾਰ ਕੁਝ ਹੀ ਦੂਰੀ ’ਤੇ ਆਪਣੀ ਕਾਰ ਛੱਡ ਮੌਕੇ ਤੋਂ ਭੱਜ ਗਏ ਜਿਨ੍ਹਾਂ ਦਾ ਪੁਲਿਸ ਵੱਲੋਂ ਕਾਫੀ ਪਿੱਛਾ ਕੀਤਾ ਗਿਆ ਪਰ ਬਾਜ਼ਾਰ ਵਿੱਚ ਭੀੜ ਜਿਆਦਾ ਹੋਣ ਕਾਰਨ ਕਾਰ ਸਵਾਰ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਏ।
ਇਹ ਵੀ ਪੜ੍ਹੋ: ਜਸਵੰਤ ਸਿੰਘ ਗੱਜਣ ਮਾਜਰਾ ਅਤੇ ਛੇ ਹੋਰਾਂ ਵਿਰੁੱਧ ਮੁਕੱਦਮਾ ਦਰਜ
ਉਹਨਾਂ ਦੱਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਰਕਮ ਜਿਆਦਾ ਹੋਣ ਕਰਕੇ ਕਾਰ ਸਮੇਤ ਭਾਰਤੀ ਕਰੰਸੀ ਥਾਣਾ ਸਿਟੀ ਜਗਰਾਉ ਪੁੱਜ ਕੇ ਗਿਣਤੀ ਕੀਤੀ ਗਈ ਤਾਂ ਕੁੱਲ ਰਕਮ 40 ਲੱਖ 25 ਹਜਾਰ 850 ਰੁਪਏ ਹੋਈ ਜਿਸ ਨੂੰ ਮਾਲਖਾਨਾ ਥਾਣਾ ਜਮ੍ਹਾ ਕਰਵਾਇਆ ਗਿਆ ਅਤੇ ਕਾਰ ਨੂੰ ਅ/ਧ 102 ਸੀਆਰਪੀਸੀ ਤਹਿਤ ਥਾਣੇ ਬੰਦ ਕਰ ਦਿੱਤਾ ਗਿਆ। ਡੀਐੱਸਪੀ ਰਾਣਾ ਨੇ ਦੱਸਿਆ ਕਿ ਮਾਮਲੇ ਸਬੰਧੀ ਇਨਕਮ ਟੈਕਸ ਵਿਭਾਗ ਨੂੰ ਜਾਣਕਾਰੀ ਦੇ ਦਿੱਤੀ ਹੈ ਜਿਨ੍ਹਾਂ ਨੇ ਕਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਭੱਜਣ ਵਾਲਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। Jagraon News