ਲਗਾਤਾਰ ਪੈ ਰਹੇ ਮੀਂਹ ਕਾਰਨ ਪਟਿਆਲਾ ਜ਼ਿਲ੍ਹੇ ਅੰਦਰ ਘੱਗਰ ਸਮੇਤ ਨਦੀ-ਨਾਲਿਆਂ ‘ਚ ਪਾਣੀ ਦਾ ਪੱਧਰ ਵਧਿਆ

Due,Continuous Rains, Level, Water, Rivers, Drains, Ghaggar, Patiala, District, Increased

ਪ੍ਰਸ਼ਾਸਨ ਦਾ ਦਾਅਵਾ, ਹਾਲ ਦੀ ਘੜੀ ਹੜ੍ਹਾਂ ਦਾ ਕੋਈ ਖਤਰਾ ਨਹੀਂ

ਪਟਿਆਲਾ,
ਬੀਤੇ ਦੋਂ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ ਹੈ, ਉੱਥੇ ਹੀ ਜ਼ਿਲ੍ਹੇ ਅੰਦਰ ਵਹਿ ਰਹੇ ਘੱਗਰ ਦਰਿਆ ਸਮੇਤ ਦਰਜ਼ਨ ਭਰ ਨਦੀ-ਨਾਲਿਆਂ ਵਿੱਚ ਪਾਣੀ ਦਾ ਵਹਾਅ ਵਧਣ ਕਾਰਨ ਆਮ ਲੋਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਉਂਜ ਇੱਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਗਿਆ ਹੈ, ਜ਼ਿਲ੍ਹੇ ਅੰਦਰ ਸਥਿਤੀ ਕੰਟਰੋਲ ‘ਚ ਹੈ ਅਤੇ ਹਾਲ ਦੀ ਘੜੀ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੈ। ਜਾਣਕਾਰੀ ਅਨੁਸਾਰ ਬੀਤੇ 36 ਘੰਟਿਆਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਪਟਿਆਲਾ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ ਹੈ।
ਆਲਮ ਇਹ ਹੈ ਕਿ ਨੀਵੇਂ ਇਲਾਕਿਆਂ ਵਿੱਚ ਕਈ-ਕਈ ਫੁੱਟ ਪਾਣੀ ਜਮ੍ਹਾ ਹੋ ਗਿਆ ਹੈ। ਲੋਕਾਂ ਦੇ ਘਰਾਂ ਅੰਦਰ ਮੀਂਹ ਦਾ ਪਾਣੀ ਭਰ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ ਤੇ ਲੋਕਾਂ ਅੰਦਰ ਨਗਰ ਨਿਗਮ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਇੱਧਰ ਪਟਿਆਲਾ ਜ਼ਿਲ੍ਹੇ ਅੰਦਰ ਘੱਗਰ ਦਰਿਆ, ਜੈਕਬ ਡਰੇਨ, ਝੰਬੋਂ ਚੋਅ, ਪੰਚੀ ਦਰਿਆ, ਟਾਂਗਰੀ ਨਦੀ, ਸਰਹਿੰਦ ਚੋਅ ਆਦਿ ‘ਚ ਮੀਂਹ ਨਾਲ ਪਾਣੀ ਦਾ ਪੱਧਰ ਵਧਣ ਲੱਗਾ ਹੈ। ਘੱਗਰ ਦਰਿਆ ਜ਼ਿਲ੍ਹਾ ਪਟਿਆਲਾ ਅੰਦਰ ਸਭ ਤੋਂ ਵੱਧ ਮਾਰ ਕਰਦਾ ਹੈ, ਜਿਸ ਕਾਰਨ ਘੱਗਰ ਦਰਿਆ ਨਾਲ ਲੱਗਦੇ ਦਰਜ਼ਨਾਂ ਪਿੰਡਾਂ ਦੇ ਲੋਕਾਂ ਵਿੱਚ ਚਿੰਤਾਂ ਛਾਉਣ ਲੱਗੀ ਹੈ। ਚੰਡੀਗੜ੍ਹ ਦੀ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਜਾਣ ਕਰਕੇ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਹੈ, ਕਿਉਂਕਿ ਇਹ ਪਾਣੀ ਪਟਿਆਲਾ ਵਿਖੇ ਮਾਰ ਕਰ
ਸਕਦਾ ਹੈ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦਾ ਦਾਅਵਾ ਹੈ ਕਿ ਉਹ ਘੱਗਰ, ਪਟਿਆਲਾ ਨਦੀ, ਜੈਕਬ ਡਰੇਨ, ਝੰਬੋ ਚੋਅ ਦਾ ਡਰੇਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਦੌਰਾ ਕਰਕੇ ਆਏ ਹਨ। ਇਨ੍ਹਾਂ ਸਾਰੇ ਨਦੀ ਨਾਲਿਆਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਹੇਠਾਂ ਵਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਸੰਭਾਵਿਤ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਤਿਆਰ ਬਰ ਤਿਆਰ ਹੈ ਪਰ ਹਾਲ ਦੀ ਘੜੀ ਕਿਸੇ ਖ਼ਤਰੇ ਦੀ ਸੰਭਾਵਨਾ ਨਹੀਂ।
ਪਟਿਆਲਾ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਦਰਿਆ ਦੇ ਸਰਾਲਾ ਹੈੱਡ ਵਿਖੇ ਪਾਣੀ ਦਾ ਪੱਧਰ 9 ਫੁੱਟ ਵਗ ਰਿਹਾ ਸੀ। ਜਦਕਿ ਖ਼ਤਰੇ ਦਾ ਨਿਸ਼ਾਨ 16 ਫੁੱਟ ‘ਤੇ ਹੈ ਇਸ ਤਰ੍ਹਾਂ ਪਟਿਆਲਾ ਨਦੀ ‘ਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 9 ਫੁੱਟ ਹੇਠਾਂ ਹੈ। ਜੈਕਬ ਡਰੇਨ ਵਿੱਚ ਸੂਲਰ ਕੋਲ 4 ਫੁੱਟ ਪਾਣੀ ਵਗ ਰਿਹਾ ਹੈ ਜਦਕਿ ਖ਼ਤਰੇ ਦਾ ਨਿਸ਼ਾਨ 6 ਫੁੱਟ ‘ਤੇ ਹੈ । ਘੱਗਰ ਦਰਿਆ ਪਿੰਡ ਧਰਮੇੜੀ ਨੇੜੇ ਹਾਸੀ ਬੁਟਾਣਾ ਨਹਿਰ ਕੋਲ ਪਾਣੀ ਦਾ ਪੱਧਰ 15 ਫੁੱਟ ਹੈ ਜਦਕਿ ਉੁਸਦੀ ਸਮਰੱਥਾ 22 ਫੁੱਟ ਤੱਕ ਹੈ। ਇਸੇ ਤਰ੍ਹਾਂ ਖਨੌਰੀ ਸਾਈਫਨ ‘ਤੇ ਘੱਗਰ ‘ਚ ਪਾਣੀ 11 ਫੁੱਟ ‘ਤੇ ਵਗ ਰਿਹਾ ਹੈ ਪਰ ਉਸਦੀ ਸਮਰੱਥਾ 25 ਫੁੱਟ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।